ਏਸ਼ੀਆ ਕੱਪ ‘ਚ ਖ਼ਰਾਬ ਪ੍ਰਦਰਸ਼ਨ ਤੋਂ ਬਾਅਦ 21 ਸਾਲਾ ਖਿਡਾਰੀ ਕਾਰਟ ਨੇ ਲਿਆ ਸੰਨਿਆਸ

ਨਵੀਂ ਦਿੱਲੀ – ਯੂ.ਏ.ਈ ‘ਚ ਖੇਡੇ ਗਏ ਏਸ਼ੀਆ ਕੱਪ ਨੂੰ ਟੀਮ ਇੰਡੀਆ ਨੇ ਜਿੱਤਿਆ। ਇਸ ਨੇ ਜ਼ਬਰਦਸਤ ਪ੍ਰਦਰਸ਼ਨ ਕਰ ਕੇ ਇਸ ਟੂਰਨਾਮੈਂਟ ‘ਚ ਪਾਕਿਸਤਾਨ ਨੂੰ 2 ਵਾਰ ਹਰਾਇਆ ਉਥੇ ਫ਼ਾਈਨਲ ‘ਚ ਉਸ ਨੇ ਬੰਗਲਾਦੇਸ਼ ਨੂੰ ਹਾਰ ਦਿੱਤੀ। ਇਸ ਟੂਰਨਾਮੈਂਟ ਵਿੱਚ ਸ਼੍ਰੀ ਲੰਕਾ ਅਤੇ ਹੌਂਗ ਕੌਂਗ ਦਾ ਪ੍ਰਦਰਸ਼ਨ ਬਹੁਤ ਖ਼ਰਾਬ ਰਿਹਾ, ਅਤੇ ਇਹ ਦੋਹੇਂ ਟੀਮਾਂ ਸੁਪਰ-4 ਰਾਊਂਡ ‘ਚ ਨਹੀਂ ਪਹੁੰਚ ਸਕੀਆਂ। ਹੁਣ ਖ਼ਬਰ ਆ ਰਹੀ ਹੈ ਕਿ ਹੌਂਗ ਕੌਂਗ ਦੇ 21 ਸਾਲਾਂ ਦੇ ਖਿਡਾਰੀ ਨੇ ਇਸ ਟੂਰਨਾਮੈਂਟ ਤੋਂ ਬਾਅਦ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ।
ਇਹ ਖਿਡਾਰੀ ਹੈ ਹੌਂਗ ਕੌਂਗ ਦੇ ਵਿਕਟਕੀਪਰ ਕ੍ਰਿਸਟੋਫ਼ਰ ਕਾਰਟਰ ਜਿਸ ਦੀ ਉਮਰ ਸਿਰਫ਼ 21 ਸਾਲ ਹੈ। ਏਸ਼ੀਆ ਕੱਪ ਦੇ ਦੋ ਮੈਚਾਂ ‘ਚ ਕਾਰਟਰ ਸਿਰਫ਼ 5 ਦੌੜਾਂ ਬਣਾ ਸੱਕਿਆ ਸੀ। ਪਾਕਿਸਤਾਨ ਖ਼ਿਲਾਫ਼ ਗਰੁੱਪ ਸਟੇਜ ਦੇ ਪਹਿਲੇ ਮੈਚ ‘ਚ ਉਹ ਸਿਰਫ਼ 2 ਦੌੜਾਂ ਦੇ ਸਕੋਰ ‘ਤੇ ਆਊਟ ਹੋ ਗਿਆ ਅਤੇ ਭਾਰਤ ਖ਼ਿਲਾਫ਼ ਉਹ ਕੇਵਲ 3 ਦੌੜਾਂ ਹੀ ਬਣਾ ਸੱਕਿਆ, ਪਰ ਟੀਮ ਇੰਡੀਆ ਨੂੰ ਹੌਂਗ ਕੌਂਗ ਦੀ ਟੀਮ ਨੇ ਚੰਗੀ ਟੱਕਰ ਦਿੱਤੀ ਸੀ।
ਵੈਸੇ ਹੌਂਗ ਕੌਂਗ ਦੇ ਵਿਕਟਕੀਪਰ ਕ੍ਰਿਸਟੋਫ਼ਰ ਦੀ ਕ੍ਰਿਕਟ ਛੱਡਣ ਦੀ ਵਜ੍ਹਾ ਪੜਾਈ ਵੀ ਹੈ। ਕ੍ਰਿਸਟੋਫ਼ਰ ਨੇ ਆਪਣੇ ਬਿਆਨ ‘ਚ ਕਿਹਾ, ”ਮੈਂ ਕ੍ਰਿਕਟ ਲਈ ਪਹਿਲਾਂ ਹੀ ਆਪਣੀ ਪੜਾਈ ਨੂੰ ਰੋਕਿਆ ਹੋਇਆ ਹੈ। ਮੈਨੂੰ ਲੱਗਦਾ ਹੈ ਕਿ ਉਹੀ ਕਰਨ ਦਾ ਸਮਾਂ ਹੈ ਜੋ ਮੈਂ ਹਮੇਸ਼ਾ ਕਰਨਾ ਚਾਹੁੰਦਾ ਸੀ, ਮੈਨੂੰ ਪਾਇਲਟ ਬਣਨਾ ਹੈ, ਪੈਸਿਆ ਦੀ ਕਮੀ ਦੀ ਵਜ੍ਹਾ ਤੋਂ ਮੇਰੇ ਲਈ ਹੌਂਗ ਕੌਂਗ ਲਈ ਫ਼ੁਲ ਟਾਈਮ ਖੇਡਣਾ ਕਾਫ਼ੀ ਮੁਸ਼ਕਿਲ ਹੈ। ਸਰਕਾਰ ਅਤੇ ਆਈ.ਸੀ.ਸੀ. ਤੋਂ ਸਾਨੂੰ ਚੰਗਾ ਸਮਰਥਨ ਨਹੀਂ ਮਿਲ ਰਿਹਾ।”