ਅਦਾਕਾਰਾ ਰੀਆ ਚਕਰਵਰਤੀ ਨੇ ਆਪਣੇ ਪਰਿਵਾਰ ਅਤੇ ਦੋਸਤਾਂ ਨਾਲੋਂ ਖ਼ੁਦ ਨੂੰ ਵੱਖ ਕਰ ਕੇ ਫ਼ਿਲਮ ਜਲੇਬੀ ਦੀ ਤਿਆਰੀ ਕੀਤੀ। ਸੂਤਰਾਂ ਮੁਤਾਬਿਕ, ਰੀਆ ਨੇ ਆਪਣੇ ਕਿਰਦਾਰ ਦੇ ਰੰਗ ‘ਚ ਖ਼ੁਦ ਨੂੰ ਢਾਲਣ ਲਈ ਲਗਭਗ ਇੱਕ ਮਹੀਨੇ ਤਕ ਆਪਣੇ ਪਰਿਵਾਰ ਅਤੇ ਦੋਸਤਾਂ ਨਾਲ ਕੋਈ ਗੱਲਬਾਤ ਤਕ ਨਹੀਂ ਕੀਤੀ। ਇਸ ਬਾਰੇ ਰੀਆ ਨੇ ਦੱਸਿਆ ਕਿ ਫ਼ਿਲਮ ਜਲੇਬੀ ਵਿਚਲੇ ਉਸ ਦੇ ਕਿਰਦਾਰ ਦੀਆਂ ਕਈ ਪਰਤਾਂ ਹਨ ਅਤੇ ਇੱਕ ਕਿਰਦਾਰ ਦੇ ਰੂਪ ‘ਚ ਵੱਖ-ਵੱਖ ਜ਼ੋਨਾਂ ‘ਚ ਪੁੱਜਣ ਲਈ ਉਸ ਨੂੰ ਦੁਨੀਆ ਨਾਲੋਂ ਖ਼ੁਦ ਨੂੰ ਤੋੜਨਾ ਪਿਆ ਅਤੇ ਇਸ ਦੀ ਜ਼ਰੂਰਤ ਵੀ ਸੀ। ਉਸ ਨੇ ਕਿਹਾ ਕਿ ਮੈਂ ਖ਼ੁਸ਼ ਹਾਂ ਕਿ ਮੇਰੀ ਕੋਸ਼ਿਸ਼ ਫ਼ਾਇਦੇਮੰਦ ਸਾਬਿਤ ਹੋਈ, ਅਤੇ ਮੈਂ ਆਪਣੇ ਫ਼ਾਇਦੇ ਲਈ ਕੰਮ ਕੀਤਾ। ਮਹੇਸ਼ ਭੱਟ ਅਤੇ ਮੁਕੇਸ਼ ਭੱਟ ਦੇ ਪ੍ਰਫ਼ੈਕਸ਼ਨ ਹਾਊਸ ‘ਚ ਬਣੀ ਫ਼ਿਲਮ ਜਲੇਬੀ 12 ਅਕਤੂਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਫ਼ਿਲਮ ਨਾਲ ਅਦਾਕਾਰਾ ਦਿਗਾਂਗਨਾ ਸੂਰਯਾਵੰਸ਼ੀ ਬੌਲੀਵੁਡ ‘ਚ ਡੈਬਿਊ ਕਰਨ ਜਾ ਰਹੀ ਹੈ। ਇਸ ਤੋਂ ਪਹਿਲਾਂ ਉਹ ਕਬੂਲ ਹੈ, ਵੀਰਾ ਸੀਰੀਅਲ ਤੋਂ ਇਲਾਵਾ ਸਲਮਾਨ ਖ਼ਾਨ ਦੇ ਮਸ਼ਹੂਰ ਟੀਵੀ ਸ਼ੋਅ ਬਿਗ ਬੌਸ ‘ਚ ਵੀ ਨਜ਼ਰ ਆ ਚੁੱਕੀ ਹੈ। ਫ਼ਿਲਮ ਜਲੇਬੀ ਨੂੰ ਪੁਸ਼ਪਦੀਪ ਭਰਾਦਵਾਜ ਦੁਆਰਾ ਨਿਰਦੇਸ਼ਿਤ ਕੀਤਾ ਗਿਆ ਹੈ। ਹਾਲ ਹੀ ‘ਚ ਫ਼ਿਲਮ ਦਾ ਟ੍ਰੇਲਰ ਰਿਲੀਜ਼ ਕੀਤਾ ਗਿਆ ਸੀ ਜਿਸ ਨੂੰ ਦਰਸ਼ਕਾਂ ਵਲੋਂ ਖ਼ੂਬ ਪਸੰਦ ਕੀਤਾ ਜਾ ਰਿਹਾ ਹੈ। ਫ਼ਿਲਮ ‘ਚ ਰੀਆ ਚਕਰਵਰਤੀ ਨਾਲ ਅਦਾਕਾਰ ਵਰੁਣ ਮਿੱਤਰਾ ਵੀ ਨਜ਼ਰ ਆਏਗਾ। ਇਸ ਫ਼ਿਲਮ ਤੋਂ ਪਹਿਲਾਂ ਰੀਆ ਹੋਰ ਵੀ ਕਈ ਬੌਲੀਵੁਡ ਫ਼ਿਲਮਾਂ ‘ਚ ਕੰਮ ਕਰ ਚੁੱਕੀ ਹੈ। ਫ਼ਿਲਮ ਹਾਫ਼ ਗਰਲ ਫ਼ਰੈਂਡ ‘ਚ ਵੀ ਉਸ ਨੇ ਚੰਗੀ ਅਦਾਕਾਰੀ ਕੀਤੀ ਸੀ।










