ਸ੍ਰੀਦੇਵੀ ਦਾ ਰੋਲ ਕਰੇਗੀ ਰਕੁਲ ਪ੍ਰੀਤ ਸਿੰਘ

ਬੌਲੀਵੁਡ ਅਭਿਨੇਤਰੀ ਰਕੁਲ ਪ੍ਰੀਤ ਸਿੰਘ ਪਰਦੇ ‘ਤੇ ਸਵਰਗੀ ਅਦਾਕਾਰਾ ਸ੍ਰੀਦੇਵੀ ਦਾ ਕਿਰਦਾਰ ਨਿਭਾਉਂਦੀ ਨਜ਼ਰ ਆ ਸਕਦੀ ਹੈ। ਐੱਨ.ਟੀ. ਰਾਮਾਰਾਓ ਦੇ ਜੀਵਨ ‘ਤੇ ਇੱਕ ਫ਼ਿਲਮ ਬਣਾਈ ਜਾ ਰਹੀ ਹੈ। ਰਕੁਲ ਪ੍ਰੀਤ ਨੂੰ ਇਸ ਫ਼ਿਲਮ ‘ਚ ਅਦਾਕਾਰਾ ਸ੍ਰੀਦੇਵੀ ਦਾ ਰੋਲ ਦਿੱਤਾ ਗਿਆ ਹੈ। ਇਸ ਫ਼ਿਲਮ ਦਾ ਨਾਂ ‘ਐੱਨ.ਟੀ.ਆਰ. ਰੱਖਿਆ ਗਿਆ ਹੈ। ਜਾਣਕਾਰੀ ਮੁਤਾਬਿਕ, ਇਸ ਬਾਇਓਪਿਕ ਦੇ ਨਿਰਮਾਤਾ ਚਾਹੁੰਦੇ ਸਨ ਕਿ ਇਸ ਫ਼ਿਲਮ ‘ਚ ਸ੍ਰੀਦੇਵੀ ਦੇ ਰੋਲ ਲਈ ਉਨ੍ਹਾਂ ਨੂੰ ਕੋਈ ਅਜਿਹੀ ਅਦਾਕਾਰਾ ਮਿਲੇ ਜਿਸ ਦੀ ਦਿਖ ਸ੍ਰੀਦੇਵੀ ਨਾਲ ਮਿਲਦੀ-ਜੁਲਦੀ ਹੋਵੇ, ਅਤੇ ਉਸ ਦਾ ਅੰਦਾਜ਼ ਵੀ ਸ੍ਰੀਦੇਵੀ ਵਰਗਾ ਹੀ ਹੋਵੇ। ਫ਼ਿਰ ਅਭਿਨੇਤਰੀ ਰਕੁਲ ਪ੍ਰੀਤ ਉਨ੍ਹਾਂ ਨੂੰ ਇਸ ਰੋਲ ਲਈ ਠੀਕ ਲੱਗੀ। ਰਕੁਲ ਦੇ ਸਮੇਂ ਨੂੰ ਲੈ ਕੇ ਕੁੱਝ ਪਰੇਸ਼ਾਨੀ ਸੀ, ਪਰ ਉਸ ਨੂੰ ਵੀ ਹੁਣ ਹੱਲ ਕਰ ਲਿਆ ਗਿਆ ਹੈ। ਰਕੁਲ ਇਨ੍ਹੀਂ ਦਿਨੀਂ ਆਪਣੇ ਅਗਲੇ ਪ੍ਰੌਜੈਕਟਾਂ ‘ਚ ਰੁੱਝੀ ਹੋਈ ਹੈ। ਉਹ ਬੌਲੀਵੁਡ ‘ਚ ਅਜੈ ਦੇਵਗਨ ਨਾਲ ਇੱਕ ਰੋਮੈਂਟਿਕ ਕੌਮੇਡੀ ਫ਼ਿਲਮ ਕਰ ਰਹੀ ਹੈ ਅਤੇ ਇਸ ਤੋਂ ਇਲਾਵਾ ਉਸ ਦੀਆਂ ਤਿੰਨ ਤੇਲਗੂ ਫ਼ਿਲਮਾਂ ਵੀ ਚੱਲ ਰਹੀਆਂ ਹਨ। ਅਭਿਨੇਤਰੀ ਵਿਦਿਆ ਬਾਲਨ ਵੀ ਇਸ ਬਾਇਓਪਿਕ ‘ਚ ਨਜ਼ਰ ਆਵੇਗੀ। ਉਹ ਐੱਨ.ਟੀ. ਰਾਮ ਰਾਓ ਦੀ ਪਤਨੀ ਦਾ ਰੋਲ ਨਿਭਾ ਰਹੀ ਹੈ। ਹਾਲ ਹੀ ‘ਚ ਵਿਦਿਆ ਨੇ ਇਸ ਰੋਲ ਨੂੰ ਚੰਗੀ ਤਰ੍ਹਾਂ ਨਿਭਾਉਣ ਲਈ ਹਾਰਮੋਨੀਅਮ ਵਜਾਉਣਾ ਵੀ ਸਿੱਖਿਆ। ਐੱਨ.ਟੀ. ਰਾਮਾ ਰਾਓ ਦੀ ਸਫ਼ਲਤਾ ‘ਚ ਉਸ ਦੀ ਪਤਨੀ ਦਾ ਬਹੁਤ ਯੋਗਦਾਨ ਰਿਹਾ ਹੈ। ਇਸ ਫ਼ਿਲਮ ਨੂੰ ਕ੍ਰਿਸ਼ ਡਾਇਰੈਕਟ ਕਰ ਰਿਹਾ ਹੈ। ਕ੍ਰਿਸ਼ ਕੰਗਨਾ ਰਨੌਤ ਦੀ ਫ਼ਿਲਮ ਮਣੀਕਰਣਿਕਾਵੀ ਵੀ ਡਾਇਰੈਕਟ ਕਰ ਚੁੱਕਾ ਹੈ।