ਕੁੱਝ ਸਮਾਂ ਪਹਿਲਾਂ ਇਹ ਗੱਲ ਸਾਹਮਣੇ ਆਈ ਸੀ ਕਿ ਬੌਲੀਵੁਡ ਫ਼ਿਲਮਾਂ ‘ਚ ਵੱਖ-ਵੱਖ ਕਿਰਦਾਰ ਨਿਭਾ ਚੁੱਕੀ ਅਭਿਨੇਤਰੀ ਬਿਪਾਸ਼ਾ ਬਾਸੂ ਲੰਬੇ ਅਰਸੇ ਬਾਅਦ ਮੁੜ ਪਰਦੇ ‘ਤੇ ਵਾਪਸੀ ਕਰ ਰਹੀ ਹੈ। ਕਿਹਾ ਜਾ ਰਿਹਾ ਸੀ ਕਿ ਬਿਪਾਸ਼ਾ ਅਤੇ ਉਸ ਦਾ ਪਤੀ ਕਰਨ ਗਰੋਵਰ ਇਕੱਠੇ ਫ਼ਿਲਮ ਕਰਨ ਜਾ ਰਹੇ ਹਨ। ਇਸ ਫ਼ਿਲਮ ਨੂੰ ਪੰਜਾਬੀ ਗਾਇਕ ਮੀਕਾ ਸਿੰਘ ਪ੍ਰੋਡਿਊਸ ਕਰ ਰਿਹਾ ਹੈ। ਇਸ ਤੋਂ ਬਾਅਦ ਇਸ ਫ਼ਿਲਮ ਦੀ ਹੋਰ ਕੋਈ ਜਾਣਕਾਰੀ ਨਹੀਂ ਆਈ ਕਿ ਇਹ ਫ਼ਿਲਮ ਬਣ ਵੀ ਰਹੀ ਹੈ ਜਾਂ ਨਹੀਂ। ਹਾਲ ਹੀ ‘ਚ ਬਿਪਾਸ਼ਾ ਨਾਲ ਜੁੜੀ ਇੱਕ ਜਾਣਕਾਰੀ ਸਾਹਮਣੇ ਆਈ ਹੈ ਕਿ ਉਹ ਸੁਪਰਹਿੱਟ ਫ਼ਿਲਮ ਵੋ ਕੌਨ ਥੀ ਦੇ ਰੀਮੇਕ ‘ਚ ਕੰਮ ਕਰਦੀ ਨਜ਼ਰ ਆ ਸਕਦੀ ਹੈ। 1964 ‘ਚ ਰਿਲੀਜ਼ ਹੋਈ ਸੁਪਰਹਿੱਟ ਫ਼ਿਲਮ ਵੋ ਕੌਨ ਥੀ ਦਾ ਹੁਣ ਰੀਮੇਕ ਬਣਾਇਆ ਜਾ ਰਿਹਾ ਹੈ। ਚਰਚਾ ਸੀ ਕਿ ਐਸ਼ਵਰਿਆ ਰਾਏ ਬੱਚਨ ਇਸ ਰੀਮੇਕ ਫ਼ਿਲਮ ‘ਚ ਕੰਮ ਕਰੇਗੀ, ਪਰ ਇਹ ਗੱਲ ਨਾ ਬਣ ਸਕੀ। ਹੁਣ ਕਿਹਾ ਜਾ ਰਿਹਾ ਹੈ ਇਸ ਫ਼ਿਲਮ ਨੂੰ ਬਿਪਾਸ਼ਾ ਬਾਸੂ ਨੂੰ ਲੈ ਕੇ ਬਣਾਇਆ ਜਾਵੇਗਾ। ਜਾਣਕਾਰੀ ਮੁਤਾਬਿਕ, ਫ਼ਿਲਮ ਦੀ ਸ਼ੂਟਿੰਗ 10 ਅਕਤੂਬਰ ਤੋਂ ਸ਼ੁਰੂ ਹੋ ਰਹੀ ਹੈ। ਫ਼ਿਲਮ ਦੀ ਕਹਾਣੀ ‘ਚ ਇਸ ਵਾਰ ਕਈ ਤਬਦੀਲੀਆਂ ਕੀਤੀਆਂ ਗਈਆਂ ਹਨ। ਫ਼ਿਲਮ ‘ਚ ਬਿਪਾਸ਼ਾ ਨਾਲ ਅਰਜੁਨ ਐੱਨ. ਕਪੂਰ ਆਪਣੀ ਐਕਟਿੰਗ ਦੀ ਸ਼ੁਰੂਆਤ ਕਰੇਗਾ। ਅਰਜੁਨ ਇੱਕ ਨਾਮੀ ਪ੍ਰੋਡੀਊਸਰ ਹੈ ਅਤੇ ਉਸ ਨੇ ਪ੍ਰੇਰਨਾ ਅਰੋੜਾ ਨਾਲ ਮਿਲ ਕੇ ਕਈ ਫ਼ਿਲਮਾਂ ਬਣਾਈਆਂ ਹਨ। ਫ਼ਿਲਮ ਵੋ ਕੌਨ ਥੀ ‘ਚ ਅਦਾਕਾਰ ਮਨੋਜ ਕੁਮਾਰ ਅਤੇ ਸਾਧਨਾ ਨੇ ਮੁੱਖ ਭੂਮਿਕਾ ਨਿਭਾਈ ਸੀ। ਐੱਨ.ਐੱਨ. ਸਿੱਪੀ ਦੀ ਪ੍ਰੋਡਕਸ਼ਨ ‘ਚ ਬਣੀ ਇਸ ਫ਼ਿਲਮ ਨੂੰ ਖੋਸਲਾ ਨੇ ਡਾਇਰੈਕਟ ਕੀਤਾ ਸੀ।












