ਹੈਂਡਸਮ ਅਭਿਨੇਤਾ ਰਿਤਿਕ ਰੋਸ਼ਨ ਜਲਦ ਹੀ ਫ਼ਿਲਮ ਸੁਪਰ 30 ਨਾਲ ਪਰਦੇ ‘ਤੇ ਨਜ਼ਰ ਆਵੇਗਾ। ਇਸ ਫ਼ਿਲਮ ‘ਚ ਉਸ ਦੀ ਲੁੱਕ ਬਿਲਕੁਲ ਵੱਖਰੀ ਹੋਵੇਗੀ। ਫ਼ਿਲਮ ‘ਚ ਉਹ ਹਿਸਾਬ ਦੇ ਟੀਚਰ ਆਨੰਦ ਕੁਮਾਰ ਦੀ ਭੂਮਿਕਾ ਨਿਭਾਏਗਾ। ਵੈਸੇ ਰਿਤਿਕ ਬਹੁਤ ਘੱਟ ਫ਼ਿਲਮਾਂ ਸਾਈਨ ਕਰਦਾ ਹੈ। ਹਾਲ ਹੀ ‘ਚ ਮਿਲੀ ਜਾਣਕਾਰੀ ਅਨੁਸਾਰ ਉਸ ਨੇ ਇੱਕ ਵੱਡੀ ਫ਼ਿਲਮ ਦੀ ਪੇਸ਼ਕਸ਼ ਠੁਕਰਾ ਦਿੱਤੀ ਹੈ। ਵਰੁਣ ਧਵਨ ਦਾ ਭਰਾ ਫ਼ਿਲਮਸਾਜ਼ ਰੋਹਿਤ ਧਵਨ ਇੱਕ ਫ਼ਿਲਮ ਬਣਾਉਣ ਦੀ ਯੋਜਨਾ ਬਣਾ ਰਿਹਾ ਹੈ। ਇਹ ਵੱਡੇ ਬਜਟ ਵਾਲੀ ਇੱਕ ਸੁਪਰਹੀਰੋ ਫ਼ਿਲਮ ਹੈ। ਰਾਕੇਸ਼ ਰੌਸ਼ਨ ਦੀ ਕ੍ਰਿਸ਼ ਸੀਰੀਜ਼ ‘ਚ ਰਿਤਿਕ ਨੂੰ ਹਮੇਸ਼ਾ ਪਸੰਦ ਕੀਤਾ ਗਿਆ। ਅਜਿਹੇ ‘ਚ ਰੋਹਿਤ ਦੀ ਸੁਪਰਹੀਰੋ ਫ਼ਿਲਮ ਲਈ ਵੀ ਉਸ ਦੀ ਪਹਿਲੀ ਪਸੰਦ ਰਿਤਿਕ ਹੀ ਸੀ। ਇਸ ਫ਼ਿਲਮ ਦੀ ਰਿਤਿਕ ਨੂੰ ਪੇਸ਼ਕਸ਼ ਹੋਈ ਸੀ, ਪਰ ਰਿਤਿਕ ਨੇ ਫ਼ਿਲਮ ‘ਚ ਕੰਮ ਕਰਨ ਤੋਂ ਮਨ੍ਹਾ ਕਰ ਦਿੱਤਾ। ਇਸ ਫ਼ਿਲਮ ਤੋਂ ਇਨਕਾਰ ਕਰਨ ਦੀ ਵਜ੍ਹਾ ਹੈ ਕਿ ਰਿਤਿਕ ਕ੍ਰਿਸ਼ ਸੀਰੀਜ਼ ਤੋਂ ਇਲਾਵਾ ਕਿਸੇ ਹੋਰ ਫ਼ਿਲਮ ‘ਚ ਸੁਪਰਹੀਰੋ ਨਹੀਂ ਬਣਨਾ ਚਾਹੁੰਦਾ। ਜੇ ਅਜਿਹਾ ਨਾ ਹੁੰਦਾ ਤਾਂ ਇੰਨੀ ਵੱਡੀ ਫ਼ਿਲਮ ਦੀ ਪੇਸ਼ਕਸ਼ ਤੋਂ ਇਨਕਾਰ ਕਰਨਾ ਕਿਸੇ ਅਦਾਕਾਰ ਲਈ ਆਸਾਨ ਗੱਲ ਨਹੀਂ। ਵੈਸੇ ਇਹ ਠੀਕ ਵੀ ਹੈ ਕਿਉਂਕਿ ਰਿਤਿਕ ਕ੍ਰਿਸ਼ ਫ਼ਿਲਮਾਂ ਦੀ ਸੀਰੀਜ਼ ਲਈ ਆਪਣਾ ਸੁਪਰਹੀਰੋ ਦਾ ਕਰੇਜ਼ ਬਰਕਰਾਰ ਰੱਖਣਾ ਚਾਹੁੰਦਾ ਹੈ। ਰਿਤਿਕ ਜਲਦੀ ਹੀ ਆਪਣੀ ਫ਼ਿਲਮ ਕ੍ਰਿਸ਼-4 ‘ਤੇ ਕੰਮ ਸ਼ੁਰੂ ਕਰਨ ਵਾਲਾ ਹੈ। ਬਾਕੀ ਰੋਹਿਤ ਧਵਨ ਦੀ ਸੁਪਰਹੀਰੋ ਵਾਲੀ ਫ਼ਿਲਮ ‘ਤੇ ਅਜੇ ਕੰਮ ਚੱਲ ਹੀ ਰਿਹਾ ਹੈ। ਰੋਹਿਤ ਆਪਣੀ ਇਸ ਫ਼ਿਲਮ ਲਈ ਕਾਫ਼ੀ ਉਤਸ਼ਾਹਿਤ ਹੈ ਅਤੇ ਫ਼ਿਲਮ ਨੂੰ ਸੁਪਰਹਿੱਟ ਬਣਾਉਣ ‘ਚ ਕੋਈ ਕਮੀ ਨਹੀਂ ਛੱਡਣੀ ਚਾਹੁੰਦਾ।
–












