ਹਾਰ ਕੇ ਵੀ ਸਿੰਧੂ ਸਿਲਵਰ ਜਿੱਤਣ ਵਾਲੀ ਪਹਿਲੀ ਭਾਰਤੀ ਬਣੀ

ਜਕਾਰਤਾ – ਓਲੰਪਿਕਸ ਚਾਂਦੀ ਤਮਗ਼ਾ ਜੇਤੂ PV ਸਿੰਧੂ ਨੂੰ ਇੱਕ ਵਾਰ ਫ਼ਿਰ ਫ਼ਾਈਨਲ ‘ਚ ਹਾਰ ਦਾ ਸਾਹਮਣਾ ਕਰਨਾ ਪਿਆ, ਪਰ ਏਸ਼ੀਆਈ ਖੇਡਾਂ 2018 ‘ਚ ਬੈਡਮਿੰਟਨ ਦੇ ਫ਼ਾਈਨਲ ‘ਚ ਦੁਨੀਆ ਦੀ ਨੰਬਰ ਇੱਕ ਖਿਡਾਰਨ ਤਾਈ ਜੂ ਯਿੰਗ ਤੋਂ ਹਾਰ ਕੇ ਵੀ ਉਸ ਨੇ ਭਾਰਤ ਲਈ ਬੈਡਮਿੰਟਨ ਸਿੰਗਲ ‘ਚ ਪਹਿਲਾ ਚਾਂਦੀ ਦਾ ਤਮਗਾ ਜਿੱਤਣ ਦਾ ਰਿਕਾਰਡ ਆਪਣੇ ਨਾਂ ਕਰ ਲਿਆ। ਅਜੇ ਤਕ ਏਸ਼ੀਆਈ ਖੇਡਾਂ ‘ਚ ਸਿੰਗਲ ਫ਼ਾਈਨਲ ‘ਚ ਕੋਈ ਭਾਰਤੀ ਨਹੀਂ ਪਹੁੰਚਿਆ ਹੈ।
ਤਾਈ ਨੇ ਸ਼ੁਰੂ ਤੋਂ ਹੀ ਬੜ੍ਹਤ ਬਣਾ ਲਈ ਸੀ, ਅਤੇ ਉਸ ਨੇ ਆਪਣੀ ਦਮਦਾਰ ਵਾਪਸੀ ਤੋਂ ਪਹਿਲਾਂ ਪੰਜ ਅੰਕ ਹਾਸਿਲ ਕਰ ਲਏ। ਸਿੰਧੂ ਨੇ ਵਾਪਸੀ ਕਰ ਕੇ ਫ਼ਰਕ 4.6 ਕੀਤਾ, ਪਰ ਤਾਈ ਨੇ ਉਸ ਨੂੰ ਦਬਾਅ ਬਣਾਉਣ ਦਾ ਕੋਈ ਮੌਕਾ ਨਹੀਂ ਦਿੱਤਾ ਅਤੇ ਛੇਤੀ ਹੀ ਬੜ੍ਹਤ 17.10 ਕਰ ਲਈ। ਸਿੰਧੂ ਕੋਲ ਉਸ ਦੇ ਤੇਜ਼ ਰਿਟਰਨ ਦਾ ਕੋਈ ਜਵਾਬ ਨਹੀਂ ਸੀ। ਪਹਿਲੀ ਗੇਮ 16 ਮਿੰਟ ‘ਚ ਖਤਮ ਹੋ ਗਈ। ਦੂਜੀ ਗੇਮ ‘ਚ ਸਿੰਧੂ ਨੇ ਉਸ ਨੂੰ ਬੇਸਲਾਈਨ ਵੱਲ ਧੱਕਣ ਦੀ ਕੋਸ਼ਿਸ਼ ਕੀਤੀ, ਪਰ ਸਹਿਜ ਗ਼ਲਤੀਆਂ ਕਾਰਨ ਕਈ ਅੰਕ ਗੁਆਏ। ਇੱਕ ਸਮੇਂ ਸਕੋਰ 4.4 ਸੀ, ਪਰ ਤਾਈਪੇ ਦੀ ਖਿਡਾਰਨ ਨੇ ਆਪਣੀ ਪਕੜ ਮਜ਼ਬੂਤ ਕਰਦੇ ਹੋਏ 15-10 ਦੀ ਬੜ੍ਹਤ ਬਣਾ ਲਈ। ਤਾਈ ਨੂੰ ਛੇਤੀ ਹੀ ਮੈਚ ਪੁਆਇੰਟ ਮਿਲਿਆ ਜਦੋਂ ਸਿੰਧੂ ਦੀ ਸ਼ਟਲ ਨੈੱਟ ‘ਚ ਚਲੀ ਗਈ। ਸਿੰਧੂ ਨੇ ਪਹਿਲਾ ਮੈਚ ਪੁਆਇੰਟ ਬਚਾਇਆ, ਪਰ ਅਗਲੇ ਹੀ ਵਿਨਰ ‘ਤੇ ਤਾਈ ਨੇ ਇਹ ਗੇਮ ਅਤੇ ਮੈਚ ਜਿੱਤ ਲਿਆ।