ਨਵੀਂ ਦਿੱਲੀ – ਦਿੱਗਜ ਬੱਲੇਬਾਜ਼ ਸਚਿਨ ਤੇਂਦੁਲਕਰ ਖ਼ਿਲਾਫ਼ ਕਈ ਮੈਚ ਖੇਡਣ ਵਾਲੇ ਪਾਕਿਸਤਾਨ ਦੇ ਸਪਿਨਰ ਸਕਲੇਨ ਮੁਸ਼ਤਾਕ ਦਾ ਕਹਿਣਾ ਹੈ ਕਿ ਵਿਰਾਟ ਕੋਹਲੀ ਕ੍ਰਿਕਟ ਵਿੱਚ ਆਪਣੀ ਕਲਾਸ ਦੇ ਹਿਸਾਬ ਨਾਲ ਸਚਿਨ ਦੇ ਕਰੀਬ ਪਹੁੰਚ ਗਿਐ। ਮੁਸ਼ਤਾਕ ਨੇ ਕਿਹਾ, ”ਇੱਕ ਬੱਲੇਬਾਜ਼ ਦੇ ਤੌਰ ‘ਤੇ, ਸਚਿਨ ਬਹੁਤ ਵੱਡਾ ਖਿਡਾਰੀ ਸੀ। ਮੈਂ ਤੁਲਨਾ ਨਹੀਂ ਕਰ ਸਕਦਾ, ਪਰ ਵਿਰਾਟ ਇਕਲੌਤਾ ਅਜਿਹਾ ਖਿਡਾਰੀ ਹੈ ਜੋ ਸਚਿਨ ਦੇ ਪੱਧਰ ਦੇ ਕਰੀਬ ਹੈ। ਇੰਗਲੈਂਡ ਟੀਮ ਦੇ ਸਪਿਨ ਵਿਭਾਗ ਦੇ ਸਲਾਹਕਾਰ ਸਕਲੇਨ ਨੇ ਕਿਹਾ ਕਿ ਪੰਜ ਮੈਚਾਂ ਦੀ ਸੀਰੀਜ਼ ‘ਚ ਭਾਰਤੀ ਟੀਮ ਦੀ ਵਾਪਸੀ ਇਸ ਗੱਲ ‘ਤੇ ਨਿਰਭਰ ਕਰੇਗੀ ਕਿ ਕੋਹਲੀ ਆਪਣੀ ਬੈਟਿੰਗ ਯੂਨਿਟ ਦੀ ਲੀਡਰਸ਼ਿਪ ਕਿਵੇਂ ਕਰਦੈ। ਸਕਲੇਨ ਨੇ ਕਿਹਾ, ”ਇੰਗਲੈਂਡ ਟੀਮ ਦੇ ਸਹਿਯੋਗੀ ਸਟਾਫ਼ ਦੇ ਮੈਂਬਰਾਂ ਵਿਚਕਾਰ ਇਸ ਗੱਲ ‘ਤੇ ਚਰਚਾ ਹੋ ਰਹੀ ਸੀ ਕਿ ਉਨ੍ਹਾਂ ਨੇ ਟ੍ਰੈਂਟ ਬ੍ਰਿਜ ‘ਚ ਕਿਵੇ ਬੱਲੇਬਾਜ਼ੀ ਕੀਤੀ। ਸਿਰਫ਼ ਤੀਜੇ ਟੈੱਸਟ ਮੈਚ ‘ਚ ਹੀ ਜਿਮੀ ਐਂਡਰਸਨ ਦੀ ਗੇਂਦਬਾਜ਼ੀ ‘ਤੇ ਘੱਟ ਤੋਂ ਘੱਟ 40 ਵਾਰ ਗੇਂਦ ਵਿਰਾਟ ਦੇ ਬੱਲੇ ਦੇ ਕਿਨਾਰੇ ਤੋਂ ਨਿਕਲੀ, ਪਰ ਅਗਲੀ ਗੇਂਦ ‘ਤੇ ਉਹ ਪੂਰੇ ਆਤਮਵਿਸ਼ਵਾਸ ‘ਚ ਨਜ਼ਰ ਆਇਆ।
ਉਸ ਨੇ ਕਿਹਾ ਕਿ ਵਿਰਾਟ ਗੇਂਦ ਦਰ ਗੇਂਦ, ਇੱਕ-ਇੱਕ ਦੌੜ ਅਤੇ ਪੱਧਰ ਦਰ ਪੱਧਰ ਬੱਲੇਬਾਜ਼ੀ ਕਰਦਾ ਹੈ। ਉਸ ਵਿੱਚ ਦੌੜਾਂ ਬਣਾਉਣ ਅਤੇ ਜਿੱਤਣ ਦੀ ਬਹੁਤ ਜ਼ਿਆਦਾ ਭੁੱਖ ਹੈ। ਜਦੋਂ ਤੁਹਾਡੀ ਟੀਮ ‘ਚ ਕੋਈ ਇੰਨੀ ਭੁੱਖ ਵਾਲਾ ਖਿਡਾਰੀ ਹੋਵੇ ਤਾਂ ਉਹ ਆਪਣੀ ਭੁੱਖ ਨੂੰ ਸੰਤੁਸ਼ਟ ਕਰਨ ਲਈ ਕੁੱਝ ਵੀ ਕਰ ਸਕਦਾ ਹੈ। ਕਪਤਾਨ ਕੋਹਲੀ ਨੇ ਸੀਰੀਜ਼ ਦੇ ਤੀਜੇ ਮੈਚ ‘ਚ ਸੈਂਕੜਾ ਅਤੇ 97 ਦੌੜਾਂ ਦੀ ਪਾਰੀ ਖੇਡੀ ਜਿਸ ਨਾਲ ਭਾਰਤ ਨੇ ਵਾਪਸੀ ਕੀਤੀ। ਸੀਰੀਜ਼ ਵਿੱਚ ਇੰਗਲੈਂਡ ਹਾਲਾਂਕਿ ਹਜੇ ਵੀ 2-1 ਨਾਲ ਅੱਗੇ ਹੈ।
ਕੋਹਲੀ ਨੇ ਇਸ ਸੀਰੀਜ਼ ‘ਚ ਹੁਣ ਤਕ ਸ਼ਾਨਦਾਰ ਪ੍ਰਦਰਸ਼ਨ ਨਾਲ 2014 ਦੇ ਪਿਛਲੇ ਦੌਰੇ ਦੇ ਸਖ਼ਤ ਅਨੁਭਵ ਨੂੰ ਵੀ ਪਿੱਛੇ ਛੱਡ ਦਿੱਤਾ ਹੈ। ਇਸ ਤੋਂ ਬਾਅਦ ਸਕਲੇਨ ਵੀ ਵਿਰਾਟ ਦੀ ਤੁਲਨਾ ਤੇਂਦੁਲਕਰ ਨਾਲ ਕਰਨ ਤੋਂ ਖ਼ੁਦ ਨੂੰ ਰੋਕ ਨਹੀਂ ਸੱਕਿਆ। ਉਸ ਨੇ ਕਿਹਾ, ”ਵਿਰਾਟ ਜਿਸ ਤਰ੍ਹਾਂ ਦੌੜਾਂ ਬਣਾ ਰਿਹਾ ਹੈ, ਇਹ ਇੰਗਲੈਂਡ ਲਈ ਚੰਗਾ ਸੰਕੇਤ ਨਹੀਂ। ਪਹਿਲੇ ਟੈੱਸਟ ‘ਚ ਮੈਂ ਇੱਕ ਸਾਈਨਬੋਰਡ ਦੇਖਿਆ ਜਿਸ ‘ਤੇ ਲਿਖਿਆ ਸੀ, ”ਇੰਗਲੈਂਡ /ਵਿਰਾਟ ਕੋਹਲੀ।” ਜੇਕਰ ਤੁਸੀਂ ਵਿਰਾਟ ਨੂੰ ਸੀਰੀਜ਼ ‘ਚੋਂ ਬਾਹਰ ਕਰ ਦਿੱਤਾ ਤਾਂ ਇੰਗਲੈਂਡ ਲਈ ਬਹੁਤ ਆਸਾਨ ਹੋ ਜਾਵੇਗਾ।” ਉਸ ਨੇ ਕਿਹਾ, ”ਜੇਕਰ ਤੁਸੀਂ ਕੋਚਿੰਗ ਦੇ ਨਜ਼ਰੀਏ ਤੋਂ ਦੇਖੋਗੇ ਤਾਂ ਉਸ ਦੇ ਕਾਰਨ ਦੂਜੇ ਬੱਲੇਬਾਜ਼ ਵੀ ਦੌੜਾਂ ਬਣਾ ਰਹੇ ਹਨ। ਤੁਹਾਡੀ ਟੀਮ ‘ਚ ਵਿਰਾਟ ਵਰਗਾ ਵਿਸ਼ਵ ਪੱਧਰੀ ਬੱਲੇਬਾਜ਼ ਹੋਣ ਨਾਲ ਨਿਸ਼ਚਿਤ ਰੂਪ ਨਾਲ ਪੂਰੀ ਬੱਲੇਬਾਜ਼ੀ ਲਾਈਨ-ਅਪ ਦਾ ਮਨੋਬਲ ਵੱਧ ਜਾਂਦਾ ਹੈ।












