ਜੰਮੂ ਕਸ਼ਮੀਰ: ਨਮਾਜ਼ ਦੇ ਬਾਅਦ ਹੰਗਾਮਾ, ਲਹਿਰਾਏ ਗਏ ਪਾਕਿਸਤਾਨ ਅਤੇ ISIS ਦੇ ਝੰਡੇ

ਨਵੀਂ ਦਿੱਲੀ— ਬਕਰੀਦ ਦੇ ਮੌਕੇ ‘ਤੇ ਜੰਮੂ ਕਸ਼ਮੀਰ ‘ਚ ਪੱਥਰਬਾਜ਼ੀ ਦੇ ਨਾਲ ਪਾਕਿਸਤਾਨ ਅਤੇ ਆਈ.ਐੱਸ.ਆਈ.ਐੱਸ. ਦੇ ਝੰਡੇ ਲਹਿਰਾਏ ਗਏ। ਕੁਲਗਾਮ ‘ਚ ਈਦਗਾਹ ਦੇ ਬਾਹਰ ਜਿੱਥੇ ਅੱਤਵਾਦੀ ਨੂੰ ਮਾਰ ਦਿੱਤਾ ਗਿਆ ਹੈ ਉਥੇ ਹੀ ਇਕ ਪੁਲਸ ਕਰਮਚਾਰੀ ਦੇ ਮਾਰੇ ਜਾਣ ਦੀ ਖਬਰ ਹੈ। ਅਨੰਤਨਾਗ ‘ਚ ਪੱਥਰਬਾਜਾਂ ਨੇ ਪੁਲਸ ਦੇ ਵਾਹਨ ‘ਤੇ ਪਥਰਾਅ ਕੀਤਾ। ਪੁਲਸ ਸਥਿਤੀ ਨੂੰ ਕੰਟਰੋਲ ਕਰਨ ਦੀ ਕੋਸ਼ਿਸ ਕਰ ਰਹੀ ਹੈ। ਇਸ ਤੋਂ ਪਹਿਲਾਂ ਹਾਸਨਪੋਰਾ ‘ਚ ਸੀ.ਆਰ.ਪੀ.ਐੱਫ. ਦੀ 30ਵੀਂ ਬਟਾਲੀਅਨ ਦੀ ਜੀ ਕੰਪਨੀ ‘ਤੇ ਬਾਈਕ ‘ਤੇ ਸਵਾਰ ਅੱਤਵਾਦੀਆਂ ਨੇ ਹਮਲਾ ਕੀਤਾ। ਕੈਂਪ ਦੇ ਗੇਟ ‘ਤੇ ਮੌਜੂਦ ਜਵਾਨਾਂ ਨੇ ਜਵਾਬੀ ਫਾਇਰਿੰਗ ਕੀਤੀ। ਅੱਤਵਾਦੀ ਬਚ ਕੇ ਭੱਜਣ ‘ਚ ਕਾਮਯਾਬ ਰਹੇ।
ਇਸ ‘ਚ ਕਿਸੇ ਦੇ ਨੁਕਸਾਨ ਹੋਣ ਦੀ ਖਬਰ ਨਹੀਂ ਹੈ। ਸ਼ੌਪੀਆਂ ਜ਼ਿਲੇ ‘ਚ ਇਕ ਸਾਬਕਾ ਸੈਨਿਕ ਨੂੰ ਅਗਵਾ ਕੀਤੇ ਜਾਣ ਵੀ ਖਬਰ ਹੈ। ਜਾਣਕਾਰੀ ਮੁਤਾਬਕ ਸ਼ੌਪੀਆਂ ਦੇ ਕੁੰਦਲਨ ਪਿੰਡ ਸਥਿਤ ਸਾਬਕਾ ਸੈਨਿਕ ਸ਼ਕੂਰ ਅਹਿਮਦ ਦੇ ਘਰ ਤੋਂ ਹੀ ਉਨ੍ਹਾਂ ਨੂੰ ਅਗਵਾ ਕੀਤਾ ਸੀ। ਸੁਰੱਖਿਆ ਬਲਾਂ ਨੇ ਸਰਚ ਆਪਰੇਸ਼ਨ ਜਾਰੀ ਕਰਕੇ ਦੋਸ਼ੀਆਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।
ਹੁਣ ਇਸ ਮਾਮਲੇ ‘ਚ ਜ਼ਿਆਦਾ ਜਾਣਕਾਰੀ ਨਹੀਂ ਆਈ ਹੈ। ਬੁੱਧਵਾਰ ਦੀ ਸਵੇਰ ਸ਼੍ਰੀਨਗਰ ਦੇ ਕਈ ਹਿੱਸਿਆਂ ‘ਚ ਹਿੰਸਕ ਝੜਪਾਂ ਹੋਣ ਦੀਆਂ ਖਬਰਾਂ ਆ ਰਹੀਆਂ ਹਨ। ਕੁਝ ਪੱਥਰਬਾਜਾਂ ਨੇ ਸਵੇਰੇ ਤੋਂ ਹੀ ਸੈਨਾ ਅਤੇ ਸੁਰੱਖਿਆ ਬਲਾਂ ਦੇ ਕਾਫੀਲੇ ‘ਤੇ ਪੱਥਰਬਾਜੀ ਕੀਤੀ। ਮੀਡੀਆ ਰਿਪੋਰਟ ਮੁਤਾਬਕ ਸ਼੍ਰੀਨਗਰ ਦੇ ਮੇਨ ਚੌਰਾਹੇ ‘ਤੇ ਪਾਕਿਸਤਾਨ ਦਾ ਝੰਡਾ ਲਹਿਰਾਇਆ ਗਿਆ ਅਤੇ ਭਾਰਤ ਵਿਰੋਧੀ ਨਾਅਰੇ ਵੀ ਲਗਾਏ ਗਏ।