ਭਾਰਤ ਨੇ ਇੰਗਲੈਂਡ ਨੂੰ 203 ਦੌੜਾਂ ਨਾਲ ਹਰਾਇਆ

ਨੋਟਿੰਘਮ – ਤੀਸਰੇ ਟੈਸਟ ਮੈਚ ਵਿਚ ਭਾਰਤ ਨੇ ਮੇਜ਼ਬਾਨ ਇੰਗਲੈਂਡ ਨੂੰ ਅੱਜ 203 ਦੌੜਾਂ ਨਾਲ ਹਰਾ ਕੇ ਵੱਡੀ ਜਿੱਤ ਹਾਸਿਲ ਕੀਤੀ। ਮੈਚ ਦੇ ਪੰਜਵੇਂ ਦਿਨ ਭਾਰਤ ਨੂੰ ਜਿੱਤ ਲਈ ਕੇਵਲ 1 ਵਿਕਟ ਦੀ ਲੋੜ ਸੀ, ਜਦੋਂ ਕਿ ਇੰਗਲੈਂਡ ਨੂੰ ਜਿੱਤਣ ਲਈ 210 ਦੌੜਾਂ ਦੀ। ਪਰ ਅਸ਼ਵਿਨ ਨੇ ਇੰਗਲੈਂਡ ਦੇ ਆਖਰੀ ਖਿਡਾਰੀ ਐਂਡਰਸਨ ਨੂੰ ਆਊਟ ਕਰਕੇ ਇਹ ਮੈਚ 203 ਦੌੜਾਂ ਨਾਲ ਆਪਣੇ ਨਾਮ ਕਰ ਲਿਆ।
ਇਸ ਤਰ੍ਹਾਂ 5 ਮੈਚਾਂ ਦੀ ਲੜੀ ਵਿਚ ਭਾਰਤ 2-1 ’ਤੇ ਪਹੁੰਚ ਗਿਆ ਤੇ ਲੜੀ ਜਿੱਤਣ ਦੀਆਂ ਉਸ ਦੀਆਂ ਉਮੀਦਾਂ ਹਾਲੇ ਵੀ ਬਰਕਰਾਰ ਹਨ।
ਦੱਸਣਯੋਗ ਹੈ ਕਿ ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 329 ਦੌੜਾਂ ਬਣਾਈਆਂ ਸਨ, ਜਿਸ ਦੇ ਜਵਾਬ ਵਿਚ ਇੰਗਲੈਂਡ ਦੀ ਟੀਮ 161 ਦੌੜਾਂ ਉਤੇ ਢੇਰ ਹੋ ਗਈ। ਇਸ ਤੋਂ ਬਾਅਦ ਭਾਰਤ ਨੇ ਦੂਸਰੀ ਪਾਰੀ 353 ਦੌੜਾਂ ਤੇ ਐਲਾਨੀ ਤੇ ਇੰਗਲੈਂਡ ਦੂਸਰੀ ਪਾਰੀ ਵਿਚ 317 ਦੌੜਾਂ ਹੀ ਬਣਾ ਸਕੀ।