ਫ਼ਿਲਮ ਭਾਰਤ ‘ਚ ਕੈਟਰੀਨਾ ਇੱਕ ਅਜਿਹੀ ਕੁੜੀ ਦਾ ਕਿਰਦਾਰ ਨਿਭਾ ਰਹੀ ਹੈ ਜੋ ਬਹੁਤ ਤੇਜ਼ ਹਿੰਦੀ ਬੋਲਦੀ ਹੈ। ਦੂਜੇ ਪਾਸੇ ਕੈਟਰੀਨਾ ਦਾ ਹਿੰਦੀ ਬੋਲਣ ‘ਚ ਹੱਥ ਥੋੜ੍ਹਾ ਤੰਗ ਹੈ, ਅਤੇ ਇਸੇ ਲਈ ਹੁਣ ਉਹ ਹਿੰਦੀ ਬੋਲਣ ਦਾ ਅਭਿਆਸ ਪੂਰੀ ਮਿਹਨਤ ਅਤੇ ਲਗਨ ਨਾਲ ਕਰ ਰਹੀ ਹੈ …
ਸਲਮਾਨ ਖ਼ਾਨ ਅਤੇ ਅਲੀ ਅੱਬਾਸ ਜ਼ਫ਼ਰ ਦੀ ਫ਼ਿਲਮ ਭਾਰਤ ਲਈ ਪਹਿਲੀ ਪਸੰਦ ਤਾਂ ਕੈਟਰੀਨਾ ਕੈਫ਼ ਹੀ ਸੀ। ਕੈਟਰੀਨਾ ਲਈ ਇਹ ਰੋਲ ਥੋੜ੍ਹਾ ਮੁਸ਼ਕਿਲ ਸੀ, ਅਤੇ ਇਸ ਲਈ ਪ੍ਰਿਯੰਕਾ ਚੋਪੜਾ ਨੂੰ ਵੀ ਇਸ ਫ਼ਿਲਮ ਲਈ ਰਾਜ਼ੀ ਕਰ ਲਿਆ ਗਿਆ ਸੀ। ਸ਼ਾਇਦ ਭਾਰਤ ਕੈਟਰੀਨਾ ਦੀ ਕਿਸਮਤ ‘ਚ ਹੀ ਲਿਖੀ ਸੀ, ਇਸੇ ਲਈ ਇਹ ਫ਼ਿਲਮ ਪ੍ਰਿਯੰਕਾ ਨੇ ਛੱਡ ਦਿੱਤੀ ਅਤੇ ਕੈਟਰੀਨਾ ਨੂੰ ਇਹ ਮੁੜ ਮਿਲ ਗਈ। ਆਖ਼ਿਰ ਇਸ ਰੋਲ ‘ਚ ਅਜਿਹਾ ਕੀ ਸੀ ਜੋ ਪ੍ਰਿਯੰਕਾ ਲਈ ਆਸਾਨ ਸੀ ਅਤੇ ਕੈਟਰੀਨਾ ਲਈ ਮੁਸ਼ਕਿਲ? ਦਰਅਸਲ ਗੱਲ ਇਹ ਹੈ ਕਿ ਇਸ ਫ਼ਿਲਮ ‘ਚ ਹੀਰੋਇਨ ਦਾ ਰੋਲ ਉੱਤਰੀ ਭਾਰਤੀ ਕੁੜੀ ਦਾ ਹੈ ਜੋ ਖ਼ੂਬ ਫ਼ਰਾਟੇ ਨਾਲ ਹਿੰਦੀ ਬੋਲਦੀ ਹੈ। ਜਿੱਦਾਂ ਸੁਪਰਹਿੱਟ ਫ਼ਿਲਮ ਸ਼ੋਲੇ ‘ਚ ਬਸੰਤੀ ਬੋਲਦੀ ਸੀ, ਉਸ ਤਰ੍ਹਾਂ ਦਾ ਮਿਲਦਾ ਜੁਲਦਾ ਕਿਰਦਾਰ ਹੀ ਇਸ ਫ਼ਿਲਮ ਦੀ ਅਨਿਭੇਤਰੀ ਦਾ ਹੈ। ਪ੍ਰਿਯੰਕਾ ਦੀ ਹਿੰਦੀ ਬਹੁਤ ਵਧੀਆ ਹੈ, ਅਤੇ ਉਹ ਇਹ ਰੋਲ ਆਸਾਨੀ ਨਾਲ ਕਰ ਸਕਦੀ ਸੀ। ਹਿੰਦੀ ਤਾਂ ਕੈਟਰੀਨਾ ਵੀ ਬੋਲ ਲੈਂਦੀ ਹੈ, ਪਰ ਫ਼ਰਾਟੇਦਾਰ ਤਰੀਕੇ ਨਾਲ ਨਹੀਂ। ਇਸ ਲਈ ਕੈਟਰੀਨਾ ਦੀ ਬਜਾਇ ਪ੍ਰਿਯੰਕਾ ਨੂੰ ਚੁਣਿਆ ਗਿਆ ਸੀ। ਹੁਣ ਕੈਟਰੀਨਾ ਭਾਰਤ ਫ਼ਿਲਮ ਦੀ ਟੀਮ ‘ਚ ਸ਼ਾਮਿਲ ਹੋ ਚੁੱਕੀ ਹੈ। ਇਸ ਨੂੰ ਦੇਖਦੇ ਹੋਏ ਇਹ ਕਿਹਾ ਜਾ ਸਕਦਾ ਹੈ ਕਿ ਉਸ ਨੂੰ ਹਿੰਦੀ ਬੋਲਣ ਲਈ ਕਾਫ਼ੀ ਮਿਹਨਤ ਕਰਨੀ ਪਏਗੀ। ਜਾਣਕਾਰੀ ਤਾਂ ਇਹ ਵੀ ਸਾਹਮਣੇ ਆਈ ਹੈ ਕਿ ਕੈਟਰੀਨਾ ਨੇ ਹਿੰਦੀ ਬੋਲਣ ਦੀ ਟਿਊਸ਼ਨ ਲੈਣੀ ਵੀ ਸ਼ੁਰੂ ਕਰ ਦਿੱਤੀ ਹੈ। ਵੈਸੇ ਹੁਣ ਤਕ ਜਿਸ ਫ਼ਿਲਮ ‘ਚ ਵੀ ਸਲਮਾਨ ਤੇ ਕੈਟਰੀਨਾ ਕੈਫ਼ ਦੀ ਜੋੜੀ ਇੱਕਠਿਆਂ ਆਈ ਹੈ ਉਹ ਫ਼ਿਲਮ ਹਿੱਟ ਸਾਬਤ ਹੋਈ ਹੈ। ਇ੍ਹਨਾਂ ਦੋਵਾਂ ਦੀ ਆਖ਼ਰੀ ਫ਼ਿਲਮ ਟਾਈਗਰ ਜ਼ਿੰਦਾ ਹੈ ਸੀ। ਇਸ ਫ਼ਿਲਮ ‘ਚ ਕੈਟਰੀਨਾ ਤੇ ਸਲਮਾਨ ਨੇ ਜ਼ਬਰਦਸਤ ਐਕਸ਼ਨ ਵਿਖਾਏ ਸਨ। ਇਹ ਫ਼ਿਲਮ ਪਰਦੇ ‘ਤੇ ਚੰਗੀ ਸਫ਼ਲਤਾ ਹਾਸਿਲ ਕਰਨ ‘ਚ ਕਾਮਯਾਬ ਰਹੀ ਸੀ। ਵੈਸੇ ਇਸ ਸਾਲ ਕੈਟਰੀਨਾ ਦੀਆਂ ਦੋ ਫ਼ਿਲਮਾਂ ਰਿਲੀਜ਼ ਹੋਣ ਜਾ ਰਹੀ ਹਨ। ਇਨ੍ਹਾਂ ਫ਼ਿਲਮਾਂ ‘ਚ ਇੱਕ ਆਮਿਰ ਖ਼ਾਨ ਨਾਲ ਠੱਗਜ਼ ਔਫ਼ ਹਿੰਦੁਸਤਾਨ ‘ਤੇ ਦੂਜੀ ਸ਼ਾਹਰੁਖ਼ ਖ਼ਾਨ ਨਾਲ ਜ਼ੀਰੋ ਹੈ। ਇਹ ਦੋਵੇਂ ਫ਼ਿਲਮ ਇਸ ਸਾਲ ਦੇ ਆਖ਼ੀਰ ਤਕ ਰਿਲੀਜ਼ ਹੋਣਗੀਆਂ। ਕੈਟਰੀਨਾ ਦੀਆਂ ਇਹ ਦੋਵੇ ਫ਼ਿਲਮਾਂ ਹੀ ਵੱਡੇ ਬਜਟ ਨਾਲ ਬਣਾਈਆਂ ਗਈਆਂ ਹਨ ਅਤੇ ਦੋਵਾਂ ਫ਼ਿਲਮਾਂ ਦੀ ਕਹਾਣੀ ਬਹੁਤ ਦਮਦਾਰ ਹੈ।
—











