ਡਾਇਰੈਕਟਰ ਬਣਨਾ ਚਾਹੁੰਦੀ ਹੈ ਐਸ਼ਵਰਿਆ

ਐਸ਼ਵਰਿਆ ਰਾਏ ਦਾ ਕਹਿਣਾ ਹੈ ਕਿ ਫ਼ਿਲਮਾਂ ‘ਚ ਅਦਾਕਾਰੀ ਸਫ਼ਰ ਤੋਂ ਬਾਅਦ ਹੁਣ ਉਹ ਨਿਰਦੇਸ਼ਕ ਬਣਨਾ ਪਸੰਦ ਕਰੇਗੀ …
ਐਸ਼ਵਰਿਆ ਰਾਏ ਬੱਚਨ ਵਿਆਹ ਅਤੇ ਬੇਟੀ ਆਰਾਧਿਆ ਦੇ ਹੋਣ ਤੋਂ ਬਾਅਦ ਫ਼ਿਲਮਾਂ ‘ਚ ਘੱਟ ਹੀ ਨਜ਼ਰ ਆਈ ਹੈ। ਹਾਲ ਹੀ ‘ਚ ਐਸ਼ਵਰਿਆ ਨੇ ਖ਼ੁਲਾਸਾ ਕੀਤਾ ਹੈ ਕਿ ਉਹ ਐਕਟਿੰਗ ਤੋਂ ਇਲਾਵਾ ਹੁਣ ਨਿਰਦੇਸ਼ਨ ‘ਚ ਵੀ ਹੱਥ ਅਜ਼ਮਾਉਣਾ ਚਾਹੁੰਦੀ ਹੈ। ਐਸ਼ਵਰਿਆ ਪ੍ਰੋਡਕਸ਼ਨ ‘ਚ ਨਹੀਂ, ਬਲਕਿ ਡਾਇਰੈਕਸ਼ਨ ‘ਚ ਜਾਣਾ ਚਾਹੁੰਦੀ ਹੈ। ਉਸ ਨੇ ਕਿਹਾ ਕਿ ਕੁੱਝ ਸਾਲਾਂ ਬਾਅਦ ਉਹ ਨਿਰਦੇਸ਼ਨ ਦੀ ਦੁਨੀਆ ‘ਚ ਹੱਥ ਅਜ਼ਮਾਉਣਾ ਪਸੰਦ ਕਰੇਗੀ। ਇਸ ਦੇ ਨਾਲ ਹੀ ਉਸ ਨੇ ਦੱਸਿਆ ਕਿ ਅਜਿਹਾ ਕਰਨ ਲਈ ਉਸ ਦੇ ਪਤੀ ਅਭਿਸ਼ੇਕ ਬੱਚਨ ਨੇ ਵੀ ਉਸ ਦਾ ਉਤਸ਼ਾਹ ਵਧਾਇਆ ਹੈ। ਐਸ਼ਵਰਿਆ ਨੇ ਕਿਹਾ ਕਿ ਜਦੋਂ ਵੀ ਉਹ ਕਿਸੇ ਫ਼ਿਲਮ ਦਾ ਨਿਰਦੇਸ਼ਨ ਕਰੇਗੀ, ਉਸ ਸਮੇਂ ਪੂਰਾ ਦਿਲ ਲਗਾ ਕੇ ਕੰਮ ਕਰੇਗੀ। ਨਿਰਦੇਸ਼ਨ ‘ਚ ਐਕਟਿੰਗ ਤੋਂ ਜ਼ਿਆਦਾ ਸਮਾਂ ਲੱਗਦਾ ਹੈ, ਅਤੇ ਉਹ ਇਸ ਲਈ ਤਿਆਰ ਵੀ ਹੈ। ਅਜਿਹਾ ਕਦੇ ਨਹੀਂ ਹੋਵੇਗਾ ਕਿ ਉਹ ਦਿਲ ਲਗਾ ਕੇ ਕੰਮ ਨਹੀਂ ਕਰੇਗੀ। ਐਸ਼ਵਰਿਆ ਦੀਆਂ ਇਨ੍ਹਾਂ ਗੱਲਾਂ ਤੋਂ ਲੱਗਦਾ ਹੈ ਕਿ ਉਹ ਨਿਰਦੇਸ਼ਨ ‘ਚ ਜਾਣ ਦੀ ਜ਼ਿਆਦਾ ਇੱਛਾ ਰੱਖਦੀ ਹੈ। ਹਾਲਾਂਕਿ ਬੱਚਨ ਪਰਿਵਾਰ ‘ਚ ਹੁਣ ਤਕ ਕਿਸੇ ਨੇ ਵੀ ਇਸ ਕੰਮ ‘ਚ ਹੱਥ ਨਹੀਂ ਅਜ਼ਮਾਇਆ। ਬੱਚਨਜ਼ ਹਮੇਸ਼ਾ ਸੁਪਰਸਟਾਰ ਦੀ ਸ਼੍ਰੇਣੀ ‘ਚ ਆਉਣਾ ਹੀ ਪਸੰਦ ਕਰਦੇ ਹਨ। ਵੈਸੇ ਐਸ਼ਵਰਿਆ ਦਾ ਸਾਥ ਹੁਣ ਤਕ ਹਮੇਸ਼ਾ ਹੀ ਅਭਿਸ਼ੇਕ ਨੇ ਦਿੱਤਾ ਹੈ। ਦੋਵਾਂ ਦੇ ਵਿਆਹ ਮੌਕੇ ਵੀ ਐਸ਼ਵਰਿਆ ਦਾ ਕਰੀਅਰ ਅਭਿਸ਼ੇਕ ਤੋਂ ਜ਼ਿਆਦਾ ਸੀ। ਇਸ ਦੇ ਬਾਵਜੂਦ ਵੀ ਦੋਵਾਂ ਦੇ ਪਿਆਰ ‘ਚ ਇਸ ਗੱਲ ਨੂੰ ਲੈ ਕੇ ਕੋਈ ਪਰੇਸ਼ਾਨੀ ਨਹੀਂ ਆਈ ਹੈ। ਹੁਣ ਅਭਿਸ਼ੇਕ ਫ਼ਿਲਮਾਂ ਦੁਬਾਰਾ ਕਰਨ ਲੱਗਾ ਹੈ, ਅਤੇ ਉਸ ਕੋਲ ਲਗਾਤਾਰ ਫ਼ਿਲਮਾਂ ਆ ਵੀ ਰਹੀਆਂ ਹਨ। ਉਧਰ, ਐਸ਼ਵਰਿਆ ਨਿਰਦੇਸ਼ਨ ‘ਚ ਲੱਗ ਜਾਵੇਗੀ ਇਸ ਤੋਂ ਵੱਧ ਕੇ ਪ੍ਰਸ਼ੰਸਕਾਂ ਲਈ ਐਂਟਰਟੇਨਿੰਗ ਹੋਰ ਕੀ ਹੋਵੇਗਾ? ਫ਼ਿਲਹਾਲ ਤਾਂ ਐਸ਼ਵਰਿਆ ਦੀ ਹਾਲ ਹੀ ‘ਚ ਫ਼ੰਨੇ ਖ਼ਾਂ ਰਿਲੀਜ਼ ਹੋਈ ਹੈ।