ਬੌਲੀਵੁੱਡ ਦੇ ਸੁਪਰਸਟਾਰ ਰਣਬੀਰ ਕਪੂਰ ਸਿਲਵਰ ਸਕ੍ਰੀਨ ‘ਤੇ ਗੁਲਸ਼ਨ ਕੁਮਾਰ ਦਾ ਕਿਰਦਾਰ ਨਿਭਾ ਸਕਦਾ ਹੈ। ਗੁਲਸ਼ਨ ਕੁਮਾਰ ਦੀ ਬਾਇਓਪਿਕ ਮੁਗਲ ਲਈ ਮੁੱਖ ਕਿਰਦਾਰ ਦੇ ਤੌਰ ‘ਤੇ ਅਕਸ਼ੈ ਕੁਮਾਰ ਨੂੰ ਸਾਈਨ ਕੀਤਾ ਗਿਆ ਸੀ, ਪਰ ਕੁੱਝ ਸਮੇਂ ਬਾਅਦ ਹੀ ਅਕਸ਼ੈ ਨੇ ਫ਼ਿਲਮ ‘ਚ ਮੌਕਾ ਦਿੱਤੇ ਜਾਣ ਲਈ ਧੰਨਵਾਦ ਸੰਦੇਸ਼ ਦੇਣ ਦੇ ਨਾਲ ਹੀ ਆਪਣੇ ਆਪ ਨੂੰ ਇਸ ਫ਼ਿਲਮ ਤੋਂ ਵੱਖ ਕਰ ਲਿਆ। ਕਿਹਾ ਜਾ ਰਿਹਾ ਹੈ ਕਿ ਫ਼ਿਲਮ ਨਿਰਮਾਤਾਵਾਂ ਨੇ ਗੁਲਸ਼ਨ ਕੁਮਾਰ ਦੀ ਭੂਮਿਕਾ ਲਈ ਹੁਣ ਰਣਬੀਰ ਕਪੂਰ ਨਾਲ ਸੰਪਰਕ ਕੀਤਾ ਹੈ। ਟੀ-ਸੀਰੀਜ਼ ਦੇ ਚੇਅਰਮੈਨ ਭੂਸ਼ਣ ਕੁਮਾਰ ਨੇ ਹਾਲ ਹੀ ‘ਚ ਆਪਣੇ ਪਿਤਾ ਦੇ ਜੀਵਨ ‘ਤੇ ਇੱਕ ਫ਼ਿਲਮ ਬਣਾਉਣ ਦਾ ਫ਼ੈਸਲਾ ਲਿਆ ਸੀ। ਫ਼ਿਲਮ ਦੇ ਨਿਰਮਾਤਾ ਫ਼ਿਲਮ ‘ਚ ਨੌਜਵਾਨ ਕਲਾਕਾਰ ਚਾਹੁੰਦੇ ਹਨ। ਫ਼ਿਲਹਾਲ ਇਸ ਫ਼ਿਲਮ ਲਈ ਰਣਬੀਰ ਕਪੂਰ ਅਤੇ ਆਮਿਰ ਖ਼ਾਨ, ਭੂਸ਼ਣ ਕੁਮਾਰ ਦੀ ਪਹਿਲੀ ਪਸੰਦ ਹਨ। ਭੂਸ਼ਣ ਕੁਮਾਰ ਦਾ ਮੰਨਣਾ ਹੈ ਕਿ ਰਣਬੀਰ ਕਪੂਰ ਫ਼ਿਲਮ ‘ਚ ਗੁਲਸ਼ਨ ਕੁਮਾਰ ਦੀ ਭੂਮਿਕਾ ਲਈ ਫ਼ਿੱਟ ਬੈਠਦਾ ਹੈ। ਰਣਬੀਰ ਜਿੱਥੇ ਇੱਕ ਚੰਗਾ ਅਦਾਕਾਰ ਹੈ ਉਥੇ ਹੀ ਉਸ ਦੇ ਫ਼ਿਲਮੀ ਦੁਨੀਆ ‘ਚ ਫ਼ੈਨਜ਼ ਵੀ ਬਹੁਤ ਹਨ। ਇਸ ਸਭ ਦੇਖਦਿਆਂ ਹੀ ਫ਼ਿਲਮ ਦੇ ਨਿਰਮਾਤਾਵਾਂ ਨੇ ਇਸ ਭੂਮਿਕਾ ਲਈ ਰਣਬੀਰ ਨਾਲ ਗੱਲ ਕੀਤੀ ਹੈ, ਪਰ ਅਜੇ ਤਕ ਅੰਤਿਮ ਫ਼ੈਸਲਾ ਨਹੀਂ ਹੋ ਸਕਿਆ। ਦੂਜੇ ਪਾਸੇ ਕੁੱਝ ਦਾ ਕਹਿਣਾ ਹੈ ਕਿ ਆਮਿਰ ਖ਼ਾਨ ਹੀ ਗੁਲਸ਼ਨ ਕੁਮਾਰ ਦਾ ਕਿਰਦਾਰ ਨਿਭਾਏਗਾ। ਖ਼ੈਰ ਬਹੁਤ ਜਲਦ ਇਹ ਫ਼ਿਲਮ ਫ਼ਲੋਰ ‘ਤੇ ਜਾਣ ਦੀ ਆਸ ਕੀਤੀ ਜਾ ਰਹੀ ਹੈ ਅਤੇ ਤਦ ਤਕ ਇਸ ਦਾ ਮੁੱਖ ਅਦਾਕਾਰ ਵੀ ਫ਼ਾਈਨਲ ਹੋ ਜਾਵੇਗਾ।











