ਦਬੰਗ ਕਰ ਕੇ ਪਛਤਾ ਰਹੀ ਹੈ ਮਾਹੀ ਗਿੱਲ

ਸਲਮਾਨ ਖ਼ਾਨ ਨਾਲ ਕੰਮ ਕਰਨਾ ਹਰ ਸੰਘਰਸ਼ਸ਼ੀਲ ਐਕਟਰ ਦਾ ਸੁਪਨਾ ਹੈ। ਹਾਲਾਂਕਿ ਸਲਮਾਨ ਖ਼ਾਨ ਨੇ ਖ਼ੁਦ ਕਈ ਲੋਕਾਂ ਨੂੰ ਫ਼ਿਲਮਾਂ ‘ਚ ਲੌਂਚ ਕੀਤਾ ਹੈ, ਪਰ ਅਦਾਕਾਰਾ ਮਾਹੀ ਗਿੱਲ ਨੂੰ ਦਬੰਗ ਖ਼ਾਨ ਨਾਲ ਕੰਮ ਕਰ ਕੇ ਪਛਤਾਵਾ ਹੋ ਰਿਹਾ ਹੈ। ਇਹ ਹੀ ਨਹੀਂ ਉਸ ਨੇ ਸ਼ਰੇਆਮ ਇਹ ਗੱਲ ਆਖ਼ ਦਿੱਤੀ ਹੈ ਕਿ ਸਲਮਾਨ ਖ਼ਾਨ ਦੀ ਫ਼ਿਲਮ ‘ਚ ਕੰਮ ਕਰਕੇ ਉਸ ਦਾ ਕਰੀਅਰ ਖ਼ਤਮ ਹੋ ਗਿਆ। ਅਦਾਕਾਰ ਮਾਹੀ ਗਿੱਲ ਦਾ ਕਹਿਣਾ ਹੈ ਕਿ ਸਲਮਾਨ ਖ਼ਾਨ ਦੀ ਫ਼ਿਲਮ ਦਬੰਗ ‘ਚ ਕੰਮ ਕਰਨਾ ਉਸ ਦੀ ਇੱਕ ਵੱਡੀ ਗ਼ਲਤੀ ਸੀ। ਉਸ ਨੇ ਕਿਹਾ ਕਿ ਫ਼ਿਲਮ ਦੇਵ ਡੀ ਤੋਂ ਬਾਅਦ ਉਸ ਦੀ ਖ਼ੂਬ ਪ੍ਰਸ਼ੰਸਾਂ ਹੋਈ ਸੀ ਅਤੇ ਪੁਰਸਕਾਰ ਵੀ ਮਿਲੇ। ਫ਼ਿਲਮ ਦਬੰਗ ‘ਚ ਕੰਮ ਕਰਨ ਤੋਂ ਬਾਅਦ ਉਸ ਨਾਲ ਸਭ ਕੁੱਝ ਉਲਟ ਹੋ ਗਿਆ। ਇਸ ਮਗਰੋਂ ਨਿਰਮਾਤਾ ਉਸ ਨੂੰ ਛੋਟੇ ਰੋਲ ਔਫ਼ਰ ਕਰਨ ਲੱਗੇ। ਉਸ ਨੂੰ ਵੀ ਉਸ ਨੂੰ ਇਹ ਸਭ ਕੁੱਝ ਬਹੁਤ ਬੁਰਾ ਲੱਗਾ, ਪਰ ਸਮਝ ਨਹੀਂ ਆ ਰਿਹਾ ਸੀ ਕਿ ਇਹ ਸਭ ਹੋ ਕੀ ਰਿਹਾ ਹੈ। ਹਾਲਾਂਕਿ ਆਪਣੀ ਗੱਲ ਸੰਭਾਲਦਿਆਂ ਅਦਾਕਾਰਾ ਨੇ ਕਿਹਾ ਕਿ ਉਹ ਕਿਸਮਤ ‘ਚ ਯਕੀਨ ਕਰਦੀ ਹੈ ਅਤੇ ਉਸ ਨਾਲ ਜੋ ਹੋਇਆ, ਉਹ ਹੋਣਾ ਤੈਅ ਸੀ। ਮਾਹੀ ਗਿੱਲ ਨੇ ਅੱਗੇ ਕਿਹਾ ਕਿ ਉਸ ਵਕਤ ਉਸ ਦਾ ਕਰੀਅਰ ਰੁਕ ਗਿਆ ਸੀ, ਪਰ ਉਹ ਤਿਗਮਾਂਸ਼ੂ ਧੂਲੀਆ ਦੀ ਸ਼ੁਕਰਗੁਜ਼ਾਰ ਹੈ ਕਿ ਉਨ੍ਹਾਂ ਨੇ ਉਸ ਨੂੰ ਸਾਹਿਬ ਬੀਵੀ ਔਰ ਗੈਂਗਸਟਰ ਸੀਰੀਜ਼ ਆਫ਼ਰ ਕੀਤੀ। ਮਾਹੀ ਨੇ ਦੱਸਿਆ ਕਿ ਉਹ ਦਬੰਗ- 2 ‘ਚ ਕੰਮ ਨਹੀਂ ਕਰਨਾ ਚਾਹੁੰਦੀ ਸੀ, ਪਰ ਅਰਬਾਜ ਖ਼ਾਨ ਦੇ ਕਹਿਣ ‘ਤੇ ਫ਼ਿਲਮ ‘ਚ ਕੰਮ ਕੀਤਾ। ਹਾਲਾਂਕਿ ਦਬੰਗ-3 ਲਈ ਉਸ ਤਕ ਪਹੁੰਚ ਨਹੀਂ ਕੀਤੀ ਗਈ। ਆਪਣੀ ਪਹਿਲੀ ਫ਼ਿਲਮ ਦੇਵ ਡੀ ਨਾਲ ਧੂਮ ਮਚਾਉਣ ਵਾਲੀ ਅਦਾਕਾਰਾ ਮਾਹੀ ਗਿੱਲ ਦੀ ਹਾਲ ਹੀ ‘ਚ ਸਾਹਿਬ ਬੀਵੀ ਔਰ ਗੈਂਗਸਟਰ 3 ਫ਼ਿਲਮ ਰਿਲੀਜ਼ ਹੋਈ ਹੈ ਜੋ ਕਿ ਪਰਦੇ ‘ਤੇ ਠੀਕ-ਠਾਕ ਚੱਲ ਰਹੀ ਹੈ।