ਕੌਮੇਡੀ ਫ਼ਿਲਮਾਂ ਕਰਨਾ ਚਾਹੁੰਦੈ ਜਿੰਮੀ ਸ਼ੇਰਗਿੱਲ

ਅਦਾਕਾਰ ਜਿੰਮੀ ਸ਼ੇਰਗਿੱਲ ਕੌਮੇਡੀ ਫ਼ਿਲਮਾਂ ਜ਼ਿਆਦਾ ਕਰਨੀਆਂ ਚਾਹੁੰਦਾ ਹੈ। ਜਿੰਮੀ ‘ਆ ਵੈਨਸਡੇ’, ਮਦਾਰੀ, ਮੁੱਕੇਬਾਜ਼ ਜਿਹੀਆਂ ਫ਼ਿਲਮਾਂ ‘ਚ ਮੁੱਖ ਕਿਰਦਾਰ ਨਿਭਾ ਚੁੱਕਾ ਹੈ। ਕਿਰਦਾਰਾਂ ‘ਚ ਦਿਲਚਸਪੀ ਬਾਰੇ ਪੁੱਛਣ ‘ਤੇ ਜਿੰਮੀ ਨੇ ਕਿਹਾ, ”ਮੈਨੂੰ ਲੱਗਦਾ ਹੈ ਕਿ ਮੈਂ ਆਪਣੇ ਕਰੀਅਰ ਵਿੱਚ ਵੱਖਰੇ-ਵੱਖਰੇ ਕਿਰਦਾਰਾਂ ‘ਚ ਆਇਆ ਹਾਂ, ਪਰ ਮੈਂ ਹੋਰ ਜ਼ਿਆਦਾ ਕੌਮੇਡੀ ਫ਼ਿਲਮਾਂ ਕਰਨੀਆਂ ਚਾਹੁੰਦਾ ਹਾਂ। ਮੈਨੂੰ ਹਲਕੀਆਂ-ਫ਼ੁਲਕੀਆਂ ਫ਼ਿਲਮਾਂ ‘ਚ ਕੰਮ ਕਰਨਾ ਵਧੀਆ ਲੱਗਦਾ ਹੈ ਕਿਉਂਕਿ ਇਸ ਨਾਲ ਮੈਨੂੰ ਆਰਾਮ ਮਹਿਸੂਸ ਹੁੰਦਾ ਹੈ, ਇਸ ਲਈ ਮੈਂ ਹੋਰ ਜ਼ਿਆਦਾ ਕੌਮੇਡੀ ਫ਼ਿਲਮਾਂ ਕਰਨੀਆਂ ਚਾਹੁੰਦਾ ਹਾਂ। ਜਿੰਮੀ ਦੀ ਹਾਲ ਹੀ ‘ਚ ਫ਼ਿਲਮ ਸਾਹਿਬ ਬੀਵੀ ਔਰ ਗੈਂਗਸਟਰ 3 ਰਿਲੀਜ਼ ਹੋਈ ਹੈ। ਇਸ ਫ਼ਿਲਮ ‘ਚ ਉਸ ਨੇ ਕਾਫ਼ੀ ਚੰਗੀ ਅਦਾਕਾਰੀ ਦਿਖਾਈ ਹੈ। ਸੰਜੇ ਦੱਤ ਨਾਲ ਕੰਮ ਦੇ ਅਨੁਭਵ ਸਾਂਝੇ ਕਰਦਿਆਂ ਜਿੰਮੀ ਨੇ ਕਿਹਾ ਕਿ ਅਸੀਂ ਮੁੰਨਾ ਬਾਈ MBBS, ਲਗੇ ਰਹੋ ਮੁੰਨਾ ਭਾਈ ਅਤੇ ਏਕਲੱਵਿਆ ‘ਚ ਵੀ ਇਕੱਠਿਆਂ ਕੰਮ ਕਰ ਚੁੱਕੇ ਹਾਂ। ਇਹ ਸਾਡੀ ਚੌਥੀ ਫ਼ਿਲਮ ਹੈ। ਮੈਨੂੰ ਉਨ੍ਹਾਂ ਨਾਲ ਕੰਮ ਕਰਨਾ ਹਮੇਸ਼ਾਂ ਚੰਗਾ ਲੱਗਦਾ ਹੈ। ਇਹ ਫ਼ਿਲਮ ਰਾਹੁਲ ਮਿੱਤਰਾ ਦੁਆਰਾ ਪ੍ਰੋਡਿਊਸ ਕੀਤੀ ਇੱਕ ਐਕਸ਼ਨ ਭਰਪੂਰ ਫ਼ਿਲਮ ਹੈ, ਅਤੇ ਪਰਦੇ ‘ਤੇ ਦਰਸ਼ਕਾਂ ਵਲੋਂ ਇਸ ‘ਚ ਜਿੰਮੀ ਦੀ ਅਦਾਕਰੀ ਨੂੰ ਖ਼ੂਬ ਪਸੰਦ ਕੀਤਾ ਜਾ ਰਿਹਾ ਹੈ। ਇਸ ਤੋਂ ਬਾਅਦ ਜਿੰਮੀ ਸ਼ੇਰਗਿੱਲ ਦੀ ਅਗਲੀ ਆਉਣ ਵਾਲੀ ਫ਼ਿਲਮ ਹੈਪੀ ਫ਼ਿਰ ਭਾਗ ਜਾਏਗੀ ਹੈ। ਇਹ ਫ਼ਿਲਮ ਵੀ ਇੱਕ ਕੌਮੇਡੀ ਭਰਪੂਰ ਫ਼ਿਲਮ ਹੈ। ਇਸ ਫ਼ਿਲਮ ‘ਚ ਡਾਇਨਾ ਪੈਂਟੀ, ਸੋਨਾਕਸ਼ੀ ਸਿਨਹਾ ਅਤੇ ਅਲੀ ਫ਼ਜ਼ਲ ਵਰਗੇ ਅਦਾਕਾਰ ਨਜ਼ਰ ਆਉਣ ਵਾਲੇ ਹਨ।