ਡਾ. ਕੁਲਦੀਪ ਸਿੰਘ
ਸੰਸਾਰ ਵਿੱਚ ਦਿਲ ਦੇ ਰੋਗੀਆਂ ਦੀ ਗਿਣਤੀ ਦਿਨ-ਬ-ਦਿਨ ਬਹੁਤ ਵੱਧ ਰਹੀ ਹੈ। ਉਨ੍ਹਾਂ ਵਿੱਚੋਂ 60 ਪ੍ਰਤੀਸ਼ਤ ਰੋਗੀ ਸਿਰਫ਼ ਭਾਰਤ ਵਿੱਚ ਹੀ ਹਨ, ਭਾਵ ਇੱਕ ਮਿੰਟ ਵਿੱਚ 5 ਰੋਗੀ ਇਸ ਬਿਮਾਰੀ ਨਾਲ ਦਮ-ਤੋੜ ਦਿੰਦੇ ਹਨ। ਬਹੁਤ ਅਚੰਭੇ ਦੀ ਗੱਲ ਹੈ ਕਿ ਅੱਜ-ਕਲ੍ਹ 20 ਤੋਂ 30 ਸਾਲ ਦੀ ਉਮਰ ਦੇ ਬੰਦੇ ਵੀ ਇਸ ਰੋਗ ਤੋਂ ਪੀੜਤ ਹੋ ਰਹੇ ਹਨ। ਆਯੂਰਵੇਦ ਅਨੁਸਾਰ ਇਸ ਨੂੰ ਹਰਿਦਯ ਰੋਗ ਕਿਹਾ ਜਾਂਦਾ ਹੈ ਅਤੇ ਇਸ ਪੈਥੀ ਵਿੱਚ ਇਸ ਤੋਂ ਬਚਣ ਬਾਰੇ ਬਹੁਤ ਕੁੱਝ ਕਿਹਾ ਗਿਆ ਹੈ ਜਿਸ ਨਾਲ ਕਿ ਦਿਲ ਮਜ਼ਬੂਤ ਅਤੇ ਤੰਦਰੁਸਤ ਰਹਿ ਸਕੇ। ਕੁਦਰਤ ਦੇ ਨਿਯਮ ਅਨੁਸਾਰ ਦਿਲ ਦੀ ਧੜਕਣ ਪ੍ਰੈਗਨੈਂਸੀ ਹੋਣ ਤੋਂ 30 ਦਿਨਾਂ ਵਿੱਚ ਵਧਣੀ ਸ਼ੁਰੂ ਹੋ ਜਾਂਦੀ ਹੈ ਜਦੋਂ ਤਕ ਕਿ ਔਰਤ ਨੂੰ ਇਹ ਵੀ ਪਤਾ ਨਹੀਂ ਹੁੰਦਾ ਕਿ ਮੈਂ ਗਰਭਵਤੀ ਹਾਂ। ਬੱਚਿਆਂ ਵਿੱਚ ਦਿਲ ਦੀ ਧੜਕਣ ਤਕਰੀਬਨ 120 ਪ੍ਰਤੀ ਮਿੰਟ ਹੁੰਦੀ ਹੈ ਅਤੇ 18 ਸਾਲ ਤੋਂ ਬਾਅਦ ਇਹ 90 ਪ੍ਰਤੀ ਮਿੰਟ ਹੋ ਜਾਂਦੀ ਹੈ। ਆਖਿਰ ਵਿੱਚ ਇਹ ਧੜਕਣ 72 ਦੇ ਕਰੀਬ ਨਿਯਮਿਤ ਹੋ ਜਾਂਦੀ ਹੈ। ਦਿਲ ਦੀ ਬਣਤਰ ਨਾਸ਼ਪਾਤੀ ਦੀ ਤਰ੍ਹਾਂ ਹੁੰਦੀ ਹੈ ਅਤੇ ਤਕਰੀਬਨ ਇਸ ਦਾ ਵਜ਼ਨ 300 ਗ੍ਰਾਮ ਹੁੰਦਾ ਹੈ ਅਤੇ ਛਾਤੀ ਦੇ ਮੱਧ ਵਿੱਚ ਖੱਬੇ ਪਾਸੇ ਸਥਿਤ ਹੁੰਦਾ ਹੈ।
ਕਾਰਨ: ਤਨਾਅਪੂਰਨ ਅਤੇ ਕਾਹਲਾਪਨ, ਜ਼ਿਆਦਾ ਮਿਰਚ ਮਸਾਲੇਦਾਰ ਖਾਣਾ, ਕਸਰਤ ਰਹਿਤ ਜੀਵਨ, ਵਧੀਕ ਚਿਕਨਾਈ ਦਾ ਇਸਤੇਮਾਲ ਕਰਨਾ, ਮੈਦੇ ਵਾਲੀਆਂ ਵਸਤਾਂ ਦੀ ਵੱਧ ਵਰਤੋਂ ਕਰਨਾ, ਸੌਣ ਅਤੇ ਜਾਗਣ ਦਾ ਨਿਯਮਿਤ ਸਮਾਂ ਨਾ ਹੋਣਾ। ਅਧਿਕ ਸੈੱਕਸ ਸਬੰਧ ਮਨੋਵਿਰਤੀ ਰੱਖਣਾ, ਤਲੀਆਂ ਚੀਜ਼ਾਂ ਦਾ ਵਧੇਰੇ ਪ੍ਰਯੋਗ ਕਰਨਾ, ਆਦਿ। ਇਥੇ ਅਸੀਂ ਦਿਲ ਨੂੰ ਕਿਵੇਂ ਮਜ਼ਬੂਤ ਅਤੇ ਤੰਦਰੁਸਤ ਰੱਖਿਆ ਜਾ ਸਕਦਾ ਹੈ ਅਤੇ ਖਾਣ-ਪੀਣ ਬਾਰੇ ਵਾਰਤਾ ਕਰਾਂਗੇ ਤਾਂ ਕਿ ਅਸੀਂ ਦਿਲ ਦੀਆਂ ਬਿਮਾਰੀਆਂ ਤੋਂ ਰੋਗਗ੍ਰਸਤ ਨਾ ਹੋਈਏ।
ਲੱਸਣ: ਲਸਣ ਇੱਕ ਤੁਰੀ ਹਰ ਰੋਜ਼ ਲੈਣ ਨਾਲ ਖ਼ੂਨ ਦਾ ਜਮਣਾ, ਪਤਲਾ ਰਹਿਣਾ ਅਤੇ ਬਲੱਡ ਪ੍ਰੈਸ਼ਰ ਨੂੰ ਨਿਯਮਤ ਰੱਖਣਾ ਇੱਕ ਕਾਰਗਰ ਇਲਾਜ ਹੈ। ਦੋ-ਤਿੰਨ ਤੁਰੀਆਂ ਦਿਲ ਦੀ ਧੜਕਣ ਨੂੰ ਨਿਯਮਤ ਰੱਖਦੀਆਂ ਹਨ ਅਤੇ ਸਿਆਣੇ ਡਾਕਟਰ ਦੀ ਨਿਗਰਾਨੀ ਵਿੱਚ ਲੈਣੀਆਂ ਚਾਹੀਦੀਆਂ ਹਨ।
ਮਸਾਲਾ: ਮਸਾਲੇ, ਜੋ ਕਿ ਸਬਜ਼ੀਆਂ ਵਿੱਚ ਵਰਤੇ ਜਾਂਦੇ ਹਨ ਜਿਵੇਂ ਕਿ ਅਦਰਕ, ਜ਼ੀਰਾ, ਧਨੀਆਂ ਅਤੇ ਅਜਵਾਇਣ, ਦਿਲ ਨੂੰ ਚੰਗਾ ਸਿਹਤਮੰਦ ਰੱਖਣ ਲਈ ਜ਼ਰੂਰੀ ਹੈ।
ਅਲਸੀ: ਅਲਸੀ ਦੇ ਬੀਜ ਤਕਰੀਬਨ 1/2 ਚਮਚ ਲੈਣ ਨਾਲ ਦਿਲ ਦੀ ਬਿਮਾਰੀ ਦੀ ਰੋਕਥਾਮ ਕਰਦੇ ਹਨ।
ਆਂਵਲਾ: ਇੱਕ ਅਜਿਹਾ ਫ਼ਲ ਹੈ ਜਿਸ ਨਾਲ ਕੋਲੈਸਟਰੋਲ ਘੱਟਦਾ ਹੈ ਅਤੇ ਨਾਲੀਆਂ ਬੰਦ ਨਹੀਂ ਹੁੰਦੀਆਂ ਜਿਹੜੀ ਦਿਲ ਦੀ ਇੱਕ ਮੁੱਖ ਬਿਮਾਰੀ ਹੈ। ਇਹ ਤ੍ਰਿਫ਼ਲਾ ਦੀ ਸ਼ਕਲ ਵਿੱਚ ਆਯੂਰਵੈਦਿਕ ਦੀਆਂ ਦਵਾਈਆਂ ਵਾਲੀਆਂ ਦੁਕਾਨਾਂ ਤੋਂ ਮਿਲਦਾ ਹੈ ਜੋ ਕਿ ਹਰ ਰੋਜ਼ ਦੋ ਚਮਚ ਰਾਤ ਸੌਣ ਵੇਲੇ ਗਰਮ ਪਾਣੀ ਜਾਂ ਦੁੱਧ ਨਾਲ ਲਿਆ ਜਾ ਸਕਦਾ ਹੈ।
ਅਰਜਨ: ਅਰਜਨ ਇੱਕ ਦਰਖ਼ਤ ਹੈ ਜੋ ਕਿ ਗ੍ਰੰਥਾਂ ਅਨੁਸਾਰ ਹਾਰਟ ਟੌਨਿਕ ਮੰਨਿਆ ਗਿਆ ਹੈ। ਮਾਰਕਿਟ ਵਿੱਚ ਇਹ ਕੈਪਸੂਲ, ਪਾਊਡਰ ਅਤੇ ਸਿਰਪ ਦੇ ਰੂਪ ਵਿੱਚ ਉਪਲਬਧ ਹੈ। ਇਸ ਨਾਲ ਦਿਲ ਦੇ ਪੱਠੇ ਮਜ਼ਬੂਤ ਹੁੰਦੇ ਹਨ।
ਗੁੱਗਲ: ਗੁੱਗਲ ਇੱਕ ਅਜਿਹਾ ਗੂੰਦ ਹੈ ਜਿਸ ਨਾਲ ਖ਼ੂਨ ਦਾ ਕੋਲੈਸਟਰੋਲ ਘੱਟਦਾ ਹੈ। ਇਹ ਬਾਜ਼ਾਰ ਵਿੱਚ ਕਈ ਤਰ੍ਹਾਂ ਦੇ ਯੋਗ ਵਿੱਚ ਉਪਲਬਧ ਹੈ।
ਪਾਨ ਪੱਤਾ: ਪਾਨ ਦੇ 2-3 ਪੱਤੇ ਹਰ ਰੋਜ਼ ਸੇਵਨ ਕਰਨ ਨਾਲ ਦਿਲ ਦੀਆਂ ਬਿਮਾਰੀਆਂ ਨੂੰ ਰੋਕਥਾਮ ਮਿਲਦੀ ਹੈ। ਇਸ ਤੋਂ ਇਲਾਵਾ ਅਸਮੋਦ, ਹਰੜ, ਅਸ਼ਵਗੰਧਾਂ, ਬ੍ਰਹਮੀ-ਬਹੇੜਾ ਅਤੇ ਸੰਖਪੁਸ਼ਪੀ ਵੀ ਦਿਲ ਦੀ ਬਿਮਾਰੀ ਲਈ ਬਹੁਤ ਲਾਹੇਵੰਦ ਹੈ।
ਢੇਲਾ ਨਮਕ: ਢੇਲਾ ਨਮਕ ਦੀ ਵਰਤੋਂ ਕਰਨ ਨਾਲ ਵੀ ਦਿਲ ਦੀ ਬਿਮਾਰੀ ਤੋਂ ਰੋਕਥਾਮ ਮਿਲਦੀ ਹੈ।










