ਡਾ. ਹਰਪ੍ਰੀਤ ਸਿੰਘ ਭੰਡਾਰੀ
ਦੁਨੀਆ ਵਿੱਚ ਜਿੱਥੇ ਲੋਕ ਮੋਟਾਪੇ ਤੋਂ ਪ੍ਰੇਸ਼ਾਨ ਹਨ, ਉੱਥੇ ਅਜਿਹੇ ਲੋਕ ਵੀ ਹਨ ਜੋ ਕਿ ਸ਼ਰੀਰ ਦੇ ਜ਼ਿਆਦਾ ਪਤਲੇ ਹੋਣ ਤੋਂ ਵੀ ਦੁਖੀ ਹਨ। ਮੋਟਾਪਾ ਦੂਰ ਕਰਨ ਵਾਲੇ ਲੋਕਾਂ ਦੇ ਨਾਲ ਮੋਟਾਪਾ ਚਾਹੁਣ ਵਾਲੇ ਲੋਕਾਂ ਦੀ ਵੀ ਕੋਈ ਘਾਟ ਨਹੀਂ। ਮਤਲਬ ਕਿ ਬਹੁਤ ਸਾਰੇ ਪਤਲੇ ਲੋਕ ਆਪਣਾ ਵਜ਼ਨ ਵਧਾਉਣਾ ਚਾਹੁੰਦੇ ਹਨ ਤਾਂ ਕਿ ਉਨ੍ਹਾਂ ਦਾ ਸ਼ਰੀਰ ਨਾ ਤਾਂ ਜ਼ਿਆਦਾ ਮੋਟਾ ਹੋਵੇ ਨਾ ਹੀ ਜ਼ਿਆਦਾ ਪਤਲਾ ਹੋਵੇ। ਸ਼ਰੀਰ ਭਰਿਆ-ਭਰਿਆ ਹੋਣਾ ਚਾਹੀਦਾ ਹੈ। ਵਜ਼ਨ ਸਹੀ ਹੋਣਾ ਚਾਹੀਦਾ ਹੈ। ਇਸ ਤਰ੍ਹਾਂ ਨਹੀਂ ਕਿ ਸ਼ਰੀਰ ਇੰਨਾ ਪਤਲਾ ਹੋਵੇ ਕਿ ਹੱਡੀਆਂ ਦਾ ਢਾਂਚਾ ਦੇਖਣ ਨੂੰ ਮਿਲੇ ਅਤੇ ਨਾ ਹੀ ਇੰਨਾ ਮੋਟਾ ਹੋਵੇ ਕਿ ਪੇਟ ਬਾਹਰ ਨਿਕਲ ਗਿਆ ਹੋਵੇ। ਵਜ਼ਨ ਜ਼ਿਆਦਾ ਵਧਿਆ ਹੋਇਆ ਵੀ ਠੀਕ ਨਹੀਂ ਅਤੇ ਜ਼ਿਆਦਾ ਘਟਿਆ ਹੋਇਆ ਵੀ ਚੰਗਾ ਨਹੀਂ ਲਗਦਾ। ਇੱਕ ਅੰਦਾਜ਼ੇ ਮੁਤਾਬਿਕ, ਸਾਡਾ ਵਜ਼ਨ ਸਾਡੇ ਕੱਦ ਨਾਲ ਸਬੰਧ ਰੱਖਦਾ ਹੈ। ਮੰਨ ਲਵੋ ਕਿ ਕਿਸੇ ਵਿਅਕਤੀ ਦਾ ਕੱਦ 5 ਫ਼ੁੱਟ 8 ਇੰਚ ਹੈ। ਇਸ ਦਾ ਮਤਲਬ ਇਹ ਹੈ ਕਿ ਉਸ ਵਿਅਕਤੀ ਦਾ ਵਜ਼ਨ ਘੱਟੋ-ਘੱਟ 58 ਕਿਲੋਗ੍ਰਾਮ ਦੇ ਲਗਪਗ ਹੋਣਾ ਚਾਹੀਦਾ ਹੈ।
ਸਰਦੀਆਂ ਦਾ ਮੌਸਮ ਸਿਹਤ ਬਣਾਉਣ ਦਾ ਵਧੀਆ ਮੌਕਾ ਮੰਨਿਆ ਗਿਆ ਹੈ। ਜਿਨ੍ਹਾਂ ਲੋਕਾਂ ਦਾ ਵਜ਼ਨ ਘੱਟ ਹੈ, ਉਨ੍ਹਾਂ ਨੂੰ ਸਭ ਤੋਂ ਪਹਿਲਾਂ ਆਪਣੇ ਹਾਜ਼ਮੇ ਸਬੰਧੀ ਬਹੁਤ ਧਿਆਨ ਰੱਖਣਾ ਚਾਹੀਦਾ ਹੈ ਅਤੇ ਹਾਜ਼ਮੇ ਨਾਲ ਸਬੰਧਤ ਰੋਗਾਂ ਨੂੰ ਖ਼ਤਮ ਕਰਨਾ ਚਾਹੀਦਾ ਹੈ ਕਿਉਂਕਿ ਜੇਕਰ ਸਾਡਾ ਹਾਜ਼ਮਾ ਦਰੁੱਸਤ ਰਹੇਗਾ ਤਾਂ ਹੀ ਖਾਧਾ ਹਇਆ ਭੋਜਨ ਚੰਗੀ ਤਰ੍ਹਾਂ ਪਚੇਗਾ ਅਤੇ ਭੋਜਨ ਪਚਣ ਤੋਂ ਬਾਅਦ ਸਾਡੇ ਸ਼ਰੀਰ ਵਿੱਚ 7 ਧਾਤੂਆਂ ਬਣਨਗੀਆਂ ਅਤੇ ਉਸ ਨਾਲ ਸਾਡੇ ਸ਼ਰੀਰ ਦੀ ਬਣਤਰ ਵਿੱਚ ਫ਼ਰਕ ਪਵੇਗਾ। ਆਪਣੇ ਭੋਜਨ ਵਿੱਚ ਤਲੀਆਂ ਹੋਈਆਂ, ਮਿਰਚ-ਮਸਾਲੇਦਾਰ ਵਾਲੀਆਂ ਚੀਜ਼ਾਂ ਖਾਣੀਆਂ ਘੱਟ ਜਾਂ ਬਿਲਕੁਲ ਹੀ ਬੰਦ ਕਰ ਦਿਓ। ਖੱਟੇ ਅਤੇ ਨਸ਼ੀਲੇ ਪਦਾਰਥ ਬਿਲਕੁਲ ਬੰਦ ਕਰ ਦੇਵੋ। ਚਾਹ, ਕੌਫ਼ੀ ਦੇ ਮਾਮਲੇ ਵਿੱਚ ਸੰਕੋਚ ਵਰਤੋ। ਭੋਜਨ ਤੋਂ ਕੁੱਝ ਮਿੰਟ ਪਹਿਲਾਂ ਸਲਾਦ ਅਤੇ ਹਰੀਆਂ ਸਬਜ਼ੀਆਂ ਜ਼ਰੂਰ ਖਾਣੀਆਂ ਚਾਹੀਦੀਆਂ ਹਨ। ਭੋਜਨ ਕਰਨ ਦਾ ਇੱਕ ਸਮਾਂ ਨਿਸ਼ਚਤ ਕਰ ਲਵੋ। ਰੋਟੀ ਖਾਣ ਤੋਂ ਅੱਧਾ ਘੰਟਾ ਬਾਅਦ ਪਾਣੀ ਪੀਣਾ ਚਾਹੀਦਾ ਹੈ। ਇਸ ਨਾਲ ਸਾਡੀ ਪਾਚਨ ਸਮਰੱਥਾ ਵਧਦੀ ਹੈ। ਪਾਣੀ ਸਾਨੂੰ ਖੁੱਲ੍ਹਾ ਪੀਣਾ ਚਾਹੀਦਾ ਹੈ। ਸਵੇਰੇ-ਸ਼ਾਮ ਖੁੱਲ੍ਹੀ ਹਵਾ ਵਿੱਚ ਸੈਰ ਕਰਨੀ ਚਾਹੀਦੀ ਹੈ, ਕਸਰਤ ਕਰਨੀ ਚਾਹੀਦੀ ਹੈ। ਯੋਗ ਦੇ ਆਸਨ ਅਤੇ ਪ੍ਰਣਾਯਾਮ ਵਜ਼ਨ ਵਧਾਉਂਦੇ ਵੀ ਹਨ। ਆਮ ਤੌਰ ‘ਤੇ ਸਾਡੇ ਮਨਾਂ ਦੀ ਧਾਰਨਾ ਹੈ ਕਿ ਪ੍ਰਣਾਯਾਮ ਕਰਨ ਦੇ ਨਾਲ ਸਿਰਫ਼ ਪਤਲੇ ਹੀ ਹੋਇਆ ਜਾ ਸਕਦਾ ਹੈ। ਸੈਂਕੜੇ ਮਰੀਜ਼ ਪ੍ਰਣਾਯਾਮ ਕਰਨ ਦੇ ਨਾਲ ਵਜ਼ਨ ਵਧਾਉਣ ਵਾਲੇ ਵੀ ਮੇਰੇ ਸੰਪਰਕ ਵਿੱਚ ਹਨ। ਰੋਜ਼ਾਨਾ ਇਸ਼ਨਾਨ ਤੋਂ ਪਹਿਲਾਂ ਸ਼ਰੀਰ ‘ਤੇ ਸਰ੍ਹੋਂ ਦੇ ਤੇਲ ਦੀ ਮਾਲਿਸ਼ ਕਰਨੀ ਚਾਹੀਦੀ ਹੈ। ਇਹ ਮਾਲਿਸ਼ ਕਿਸੇ ਤੋਂ ਨਾ ਕਰਵਾ ਕੇ ਖ਼ੁਦ ਹੀ ਕਰਨੀ ਚਾਹੀਦੀ ਹੈ।
ਰਾਤ ਨੂੰ 9-10 ਵਜੇ ਤਕ ਸੌਂ ਜਾਣਾ ਚਾਹੀਦਾ ਹੈ ਅਤੇ ਸਵੇਰੇ 4-5 ਵਜੇ ਤਕ ਉਠ ਜਾਣਾ ਚਾਹੀਦਾ ਹੈ। ਆਪਣੇ ਪਿਸ਼ਾਬ ਅਤੇ ਪਖਾਨੇ ਨੂੰ ਕਦੀ ਵੀ ਨਹੀਂ ਰੋਕਣਾ ਚਾਹੀਦਾ। ਜੇ ਤੁਸੀਂ ਸੱਚਮੁੱਚ ਵਜ਼ਨ ਵਧਾਉਣਾ ਚਾਹੁੰਦੇ ਹੋ ਤਾਂ ਚਿੰਤਾ, ਗੁੱਸਾ, ਡਰ, ਸਦਮੇ ਅਤੇ ਮਾਨਸਿਕ ਰੋਗਾਂ ਤੋਂ ਦੂਰ ਰਹਿੰਦਿਆਂ ਹੋਇਆਂ ਉਸਾਰੂ ਸਾਹਿਤ ਪੜ੍ਹਨ ਅਤੇ ਸਮਾਜਿਕ, ਧਾਰਮਿਕ ਕੰਮਾਂ ਵਿੱਚ ਯੋਗਦਾਨ ਪਾਉਣਾ ਸ਼ੁਰੂ ਕਰੋ। ਚਿੰਤਾ, ਗੁੱਸਾ ਅਤੇ ਮਾਨਸਿਕ ਰੋਗ ਸਾਡੇ ਸ਼ਰੀਰ ਨੂੰ ਸੁਕਾ ਦਿੰਦੇ ਹਨ ਅਤੇ ਬਿਮਾਰ ਕਰ ਦਿੰਦੇ ਹਨ। ਸਵੇਰੇ ਨਾਸ਼ਤੇ ਵਿੱਚ 50 ਗਰਾਮ ਕਾਲੇ ਛੋਲੇ ਅਤੇ 20 ਗ੍ਰਾਮ ਮਨਕਾ ਚਬਾ-ਚਬਾ ਕੇ ਖਾਣਾ ਚਾਹੀਦਾ ਹੈ। ਨੈਚੁਰਪੈਥੀ ਵਿੱਚ ਰਾਮਬਾਣ ਸਮਝਿਆ ਜਾਣ ਵਾਲਾ ਵ੍ਹੀਟ ਗਰਾਸ ਪਾਊਡਰ/ਜੂਸ ਜ਼ਰੂਰ ਆਪਣੀ ਖ਼ੁਰਾਕ ਵਿੱਚ ਸ਼ਾਮਿਲ ਕਰੋ। ਅਸ਼ਵਗੰਧਾ ਦੀ ਜੜ੍ਹ ਦਾ ਚੂਰਨ ਬਣਾ ਕੇ ਮਿੱਠੇ ਦੁੱਧ ਨਾਲ ਪੀਣਾ ਚਾਹੀਦਾ ਹੈ। ਦੁਪਹਿਰ ਅਤੇ ਰਾਤ ਦੇ ਖਾਣੇ ਵਿੱਚ ਵੀ ਹਰੀਆਂ ਸਬਜ਼ੀਆਂ, ਸਲਾਦ ਅਤੇ ਰੋਟੀਆਂ ਖ਼ੂਬ ਚਬਾ ਕੇ ਖਾਣੀਆਂ ਚਾਹੀਦੀਆਂ ਹਨ। ਸ਼ਾਮ ਨੂੰ ਫ਼ਲ ਵੀ ਖਾ ਸਕਦੇ ਹਾਂ ਅਤੇ ਫ਼ਲਾਂ ਦਾ ਰਸ ਵੀ ਪੀ ਸਕਦੇ ਹਾਂ। ਰਾਤ ਨੂੰ ਸੌਣ ਤੋਂ ਅੱਧਾ ਘੰਟਾ ਪਹਿਲਾਂ ਪਾਈਆ ਦੁੱਧ ਵਿੱਚ ਪਾਈਆ ਪਾਣੀ ਅਤੇ ਚਾਰ-ਪੰਜ ਗਿਟਕਾਂ ਤੋਂ ਬਿਨਾਂ ਛੁਹਾਰੇ ਅਤੇ ਇੱਕ ਚਮਚ ਅਸ਼ਵਗੰਧਾ ਦੀ ਜੜ੍ਹ ਦਾ ਚੂਰਨ ਅਤੇ 20 ਮਿਲੀ ਗਰਾਮ ਕੇਸਰ ਪਾ ਕੇ ਗਰਮ ਕਰੋ। ਜਦੋਂ ਪਾਣੀ ਉੱਡ ਜਾਵੇ ਅਤੇ ਇਕੱਲਾ ਦੁੱਧ ਰਹਿ ਜਾਵੇ ਤਾਂ ਉਸ ਨੂੰ ਉਤਾਰ ਲਵੋ। ਹੁਣ ਇਸ ਦੁੱਧ ਨੂੰ ਘੁੱਟ-ਘੁੱਟ ਕਰ ਕੇ ਪੀ ਜਾਵੋ ਅਤੇ ਉਸ ਤੋਂ ਬਾਅਦ ਪਾਣੀ ਨਾ ਪੀਵੋ। ਸਿਰਫ਼ ਕੁਰਲੀ ਕਰ ਕੇ ਮੂੰਹ ਸਾਫ਼ ਕਰ ਲਵੋ। ਪਾਣੀ ਪੀਣਾ ਹੈ ਤਾਂ ਘੱਟੋ-ਘੱਟ ਅੱਧੇ ਘੰਟੇ ਬਾਅਦ ਪੀਓ। ਇਸ ਤੋਂ ਬਾਅਦ 10-15 ਮਿੰਟ ਸੈਰ ਕਰ ਲਵੋ ਅਤੇ ਸੌਂ ਜਾਵੋ। ਯੋਗ ਦੇ ਆਸਨ ਅਤੇ ਪ੍ਰਾਣਾਯਮ ਰੋਜ਼ਾਨਾ ਕਰਦੇ ਰਹੋ। ਵਿਗਿਆਨਕ ਮਾਲਿਸ਼ ਅਤੇ ਐਕਯੂਪ੍ਰੈਸ਼ਰ ਰਾਹੀਂ ਅਸੀਂ ਹੱਥਾਂ ਅਤੇ ਪੈਰਾਂ ਦੀਆਂ ਤਲੀਆਂ ਤੋਂ ਸੂਰਜ ਕੇਂਦਰ ਦਬਾਅ ਨਾਲ ਵੀ ਵਜ਼ਨ ਵਧਾਉਣ ਵਿੱਚ ਮਦਦ ਲੈ ਸਕਦੇ ਹਾਂ। ਤੁਸੀਂ ਦੇਖੋਗੇ ਕਿ ਤੁਹਾਡਾ ਵਜ਼ਨ ਹਰ ਮਹੀਨੇ ਦੋ-ਚਾਰ ਕਿੱਲੋ ਵਧਣ ਲੱਗੇਗਾ ਅਤੇ ਸ਼ਰੀਰ ਵੀ ਭਰਨ ਲੱਗੇਗਾ। ਚਿਹਰੇ ‘ਤੇ ਰੌਣਕ ਆ ਜਾਵੇਗੀ। ਖ਼ੂਨ ਦੀ ਘਾਟ, ਕਮਜ਼ੋਰੀ ਆਦਿ ਰੋਗ ਵੀ ਸਭ ਦੂਰ ਹੋ ਜਾਣਗੇ। ਤਿੰਨ-ਚਾਰ ਮਹੀਨਿਆਂ ਵਿੱਚ ਵਿੱਚ ਹੀ ਤੁਹਾਡਾ ਵਜ਼ਨ 8-10 ਕਿੱਲੋ ਵੱਧ ਜਾਵੇਗਾ। ਤੁਹਾਡੇ ਸ਼ਰੀਰ ਦਾ ਘਟਿਆ ਵਜ਼ਨ ਵੱਧ ਕੇ ਪਤਲਾਪਨ ਦੂਰ ਹੋ ਜਾਵੇਗਾ ਅਤੇ ਤੁਹਾਡੇ ਸ਼ਰੀਰ ਵਿੱਚ ਖੂਨ ਦੀ ਘਾਟ ਨਹੀਂ ਰਹੇਗੀ। ਜੇ ਕਮਰ ਦਰਦ ਹੁੰਦਾ ਹੈ ਉਹ ਵੀ ਖ਼ਤਮ ਹੋ ਜਾਵੇਗਾ। ਹਾਂ, ਪਰ ਹਿੰਮਤ ਅਤੇ ਸਬਰ ਰੱਖਣਾ ਪਵੇਗਾ। ਖਾਣ-ਪੀਣ ਨੂੰ ਨਿਯਮਤ ਰੂਪ ਵਿੱਚ ਕਰਨਾ ਪਵੇਗਾ। ਇਸ ਤਰ੍ਹਾਂ ਨਹੀਂ ਕਿ ਜੋ ਮਿਲਿਆ ਉਹ ਖਾ ਲਿਆ ਜਾਂ 8-10 ਕੱਪ ਚਾਹ ਦੇ ਪੀ ਲਏ। ਭੋਜਨ ਸਮੇਂ ‘ਤੇ ਕਰਨਾ ਪਵੇਗਾ। ਸੌਣ ਅਤੇ ਜਾਗਣ ਦਾ ਸਮਾਂ ਨਿਸ਼ਚਤ ਕਰਨਾ ਪਵੇਗਾ। ਸ਼ਰਾਬ, ਤੰਬਾਕੂ, ਪਾਨ-ਮਸਾਲੇ ਸਮੇਤ ਹਰ ਤਰੀਕੇ ਦਾ ਨਸ਼ਾ ਬੰਦ ਕਰਨਾ ਪਵੇਗਾ। ਭੋਜਨ ਵਿੱਚ ਸਾਨੂੰ ਤਾਜ਼ੀਆਂ ਸਬਜ਼ੀਆਂ ਹੀ ਖਾਣੀਆਂ ਚਾਹੀਦੀਆਂ ਹਨ। ਸੜੀਆਂ-ਗਲੀਆਂ ਸਬਜ਼ੀਆਂ ਅਤੇ ਫ਼ਲ ਨਹੀਂ ਖਾਣੇ ਚਾਹੀਦੇ। ਫ਼ਰਿੱਜ ਵਿੱਚ ਰੱਖਿਆ ਭੋਜਨ ਵੀ ਅਗਲੇ ਦਿਨ ਪੌਸ਼ਟਿਕ ਤੱਤਾਂ ਨੂੰ ਖ਼ਤਮ ਕਰ ਦਿੰਦਾ ਹੈ। ਭੋਜਨ ਦੇ ਨਾਲ ਸਲਾਦ ਜ਼ਰੂਰ ਖਾਣਾ ਚਾਹੀਦਾ ਹੈ, ਜਿਸ ਵਿੱਚ ਖੀਰਾ, ਟਮਾਟਰ, ਬੰਦ ਗੋਭੀ, ਮੂਲੀ, ਸੇਬ, ਗਾਜਰ, ਤਾਜ਼ਾ ਨਾਰੀਅਲ ਨੂੰ ਕੱਦੂਕਸ ਕਰ ਕੇ ਸਲਾਦ ਦੇ ਉਪਰ ਪਾ ਕੇ ਖਾਣਾ ਚਾਹੀਦਾ ਹੈ। ਕੁੱਝ ਲੋਕ ਵਜ਼ਨ ਵਧਾਉਣ ਦੇ ਲਈ ਮਾਸ ਅਤੇ ਅੰਡਿਆਂ ਨੂੰ ਖ਼ੂਬ ਖਾਂਦੇ ਹਨ। ਇਸ ਤਰ੍ਹਾਂ ਕਰਨ ਨਾਲ ਉਨ੍ਹਾਂ ਦਾ ਵਜ਼ਨ ਵਧੇ ਨਾ ਵਧੇ, ਪਰ ਸ਼ਰੀਰ ਨੂੰ ਕੋਲੈਸਟਰੋਲ ਅਤੇ ਯੂਰਿਕ ਐਸਿਡ ਵਧਣ ਵਰਗੇ ਰੋਗ ਜ਼ਰੂਰ ਲੱਗ ਜਾਂਦੇ ਹਨ। ਚਮੜੀ ਵਿੱਚ ਖ਼ੁਰਕ ਹੋਣ ਲੱਗਦੀ ਹੈ। ਪਿਸ਼ਾਬ ਬਹੁਤ ਬਦਬੂਦਾਰ ਆਉਣ ਲੱਗਦਾ ਹੈ ਅਤੇ ਗੰਧਲਾ ਹੋ ਜਾਂਦਾ ਹੈ। ਸ਼ਾਕਾਹਾਰੀ ਭੋਜਨ ਬਹੁਤ ਵਧੀਆ ਆਹਾਰ ਹੈ। ਵੈਸੇ ਵੀ ਮਨੁੱਖ ਦਾ ਸ਼ਰੀਰ ਸ਼ਾਕਾਹਾਰੀ ਭੋਜਨ ਨੂੰ ਜਲਦੀ ਹਜ਼ਮ ਕਰ ਸਕਦਾ ਹੈ। ਜੇਕਰ ਮੋਟਾ ਹੋਣਾ ਮਾੜਾ ਹੈ ਤਾਂ ਇੰਨਾ ਪਤਲਾ ਹੋਣਾ ਵੀ ਮਾੜਾ ਹੈ ਕਿ ਤੁਸੀਂ ਲੋਕਾਂ ਦੀ ਨਜ਼ਰ ਵਿੱਚ ਹੱਡੀਆਂ ਦਾ ਢਾਂਚਾ ਲੱਗੋ। ਇਸ ਲਈ ਹਰੀਆਂ ਸਬਜ਼ੀਆਂ, ਫ਼ਲਾਂ ਸਮੇਤ ਦੁੱਧ, ਘਿਓ ਅਤੇ ਸੁੱਕੇ ਮੇਵਿਆਂ ਦਾ ਸੇਵਨ ਕਰਦੇ ਹੋਏ ਆਪਣਾ ਵਜ਼ਨ ਸਹੀ ਤੌਰ ‘ਤੇ ਵਧਾਉਣਾ ਅੱਜ ਤੋਂ ਹੀ ਸ਼ੁਰੂ ਕਰੋ।










