ਮੁੰਨਾ ਭਾਈ-3 ‘ਚੋਂ ਬਾਹਰ ਹੋ ਸਕਦੈ ਅਰਸ਼ਦ

ਰਾਜਕੁਮਾਰ ਹਿਰਾਨੀ ਦੀ ਫ਼ਿਲਮ ਸੰਜੂ ‘ਚ ਆਪਣੀ ਜ਼ਬਰਦਸਤ ਅਦਾਕਾਰੀ ਨਾਲ ਰਣਬੀਰ ਕਪੂਰ ਨੇ ਸਭ ਦਾ ਦਿਲ ਜਿੱਤ ਲਿਆ ਹੈ। ਰਣਬੀਰ ਨੇ ਸੰਜੈ ਦੱਤ ਦੇ ਕਿਰਦਾਰ ਨੂੰ ਨਿਭਾਉਂਦਿਆਂ ਖ਼ੂਬ ਮਿਹਨਤ ਕੀਤੀ ਸੀ ਜਿਸ ਨੂੰ ਫ਼ਿਲਮ ‘ਚ ਸਾਫ਼ ਤੌਰ ‘ਤੇ ਦੇਖਿਆ ਜਾ ਸਕਦਾ ਹੈ। ਸੰਜੂ ਤੋਂ ਹੋਣ ਵਾਲੀ ਕਮਾਈ 300 ਕਰੋੜ ਦੇ ਅੰਕੜੇ ਨੂੰ ਪਾਰ ਕਰ ਚੁੱਕੀ ਹੈ। ਸੰਜੂ ਕਮਾਈ ਦੇ ਮਾਮਲੇ ‘ਚ ਇਸ ਸਾਲ ਦੀ ਸਭ ਤੋਂ ਵੱਡੀ ਫ਼ਿਲਮ ਸਾਬਿਤ ਹੋਈ ਹੈ। ਫ਼ਿਲਮ ਹੁਣ ਵੀ ਇੰਡੀਅਨ ਬੌਕਸ ਆਫ਼ਿਸ ਦੇ ਨਾਲ-ਨਾਲ ਵਰਲਡਵਾਈਡ ਸ਼ਾਨਦਾਰ ਕਮਾਈ ਕਰ ਰਹੀ ਹੈ। ਇਸ ‘ਚ ਕੋਈ ਦੋ ਰਾਏ ਨਹੀਂ ਹੈ ਕਿ ਸੰਜੂ ਨੇ ਰਣਬੀਰ ਦੇ ਕਰੀਅਰ ਨੂੰ ਇੱਕ ਵੱਖਰਾ ਹੀ ਮੁਕਾਮ ਦੇ ਦਿੱਤਾ ਹੈ। ਰਣਬੀਰ ਨਾਲ ਜੁੜੀ ਇੱਕ ਹੋਰ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਜੋ ਰਣਬੀਰ ਦੇ ਕਰੀਅਰ ਨੂੰ ਸਟਾਰ ਬਣਾ ਦੇਵੇਗੀ। ਸੰਜੂ ‘ਚ ਰਣਬੀਰ ਦੀ ਐਕਟਿੰਗ ਤੋਂ ਡਾਇਰੈਕਟਰ ਰਾਜਕੁਮਾਰ ਹਿਰਾਨੀ ਇੰਨੇ ਪ੍ਰਭਾਵਿਤ ਹੋਏ ਕਿ ਉਨ੍ਹਾਂ ਨੇ ਰਣਬੀਰ ਲਈ ਕੁੱਝ ਅਜਿਹਾ ਸੋਚ ਰੱਖਿਆ ਹੈ ਜਿਸ ‘ਚ ਰਣਬੀਰ ਦੇ ਫ਼ਿਲਮੀ ਕਰੀਅਰ ਦਾ ਗ੍ਰਾਫ਼ ਬਹੁਤ ਹੀ ਉੱਪਰ ਚੜ੍ਹ ਜਾਵੇਗਾ। ਚਰਚਾ ਇਹ ਹੈ ਕਿ ਰਾਜਕੁਮਾਰ ਦੀ ਅਗਲੀ ਫ਼ਿਲਮ ‘ਚ ਰਣਬੀਰ ਕਪੂਰ ਅਤੇ ਸੰਜੈ ਦੱਤ ਦੀ ਜੋੜੀ ਦਰਸ਼ਕਾਂ ਨੂੰ ਦਿਖ ਸਕਦੀ ਹੈ। ਰਣਬੀਰ ਮੁੰਨਾ ਬਾਈ ਸੀਰੀਜ਼ ਦੀ ਤੀਸਰੀ ਫ਼ਿਲਮ ‘ਚ ਸਰਕਿਟ ਦੇ ਕਿਰਦਾਰ ‘ਚ ਅਦਾਕਾਰ ਅਰਸ਼ਦ ਵਾਰਸੀ ਨੂੰ ਬਦਲ ਸਕਦੈ। ਹਿਰਾਨੀ ਸੰਜੂ ‘ਚ ਰਣਬੀਰ ਦੇ ਕੰਮ ਤੋਂ ਕਾਫ਼ੀ ਪ੍ਰਭਾਵਿਤ ਹੋਇਆ ਹੈ। ਹੁਣ ਉਹ ਮੁੰਨਾ ਬਾਈ ਸੀਰੀਜ਼ ਦੇ ਖ਼ਾਸ ਕਿਰਦਾਰ ਦੇ ਰੂਪ ‘ਚ ਰਣਬੀਰ ਨੂੰ ਸ਼ਾਮਿਲ ਕਰਨ ਦੀ ਸੋਚ ਰਿਹੈ। ਉਸ ਦਾ ਇਹ ਵੀ ਮੰਨਣਾ ਹੈ ਕਿ ਰਣਬੀਰ ਅਤੇ ਸੰਜੈ ਦੱਤ ਦੀ ਜੋੜੀ ਨੂੰ ਮੁੰਨਾ ਬਾਈ-3 ‘ਚ ਦਰਸ਼ਕ ਕਾਫ਼ੀ ਪਸੰਦ ਕਰਨਗੇ। ਮੁੰਨਾ ਭਾਈ ਸੀਰੀਜ਼ ‘ਚ ਪਿਛਲੀਆਂ ਦੋ ਫ਼ਿਲਮਾਂ ‘ਚ ਅਰਸ਼ਦ ਵਾਰਸੀ ਨੇ ਸਰਕਿਟ ਦਾ ਕਿਰਦਾਰ ਨਿਭਾਇਆ ਸੀ ਅਤੇ ਉਸ ਦੇ ਇਸ ਕਿਰਦਾਰ ਦੀ ਦੋਹੇਂ ਵਾਰ ਖ਼ੂਬ ਤਾਰੀਫ਼ ਵੀ ਹੋਈ ਸੀ। ਮੁੰਨਾ ਭਾਈ ਫ਼ਿਲਮ ਵਿਚਲੇ ਕਿਰਦਾਰ ਨੇ ਅਰਸ਼ਦ ਦੇ ਕਰੀਅਰ ਨੂੰ ਇੱਕ ਵੱਖਰਾ ਮੁਕਾਮ ਦਿੱਤਾ ਸੀ। ਪ੍ਰੋਫ਼ੈਸ਼ਨਲ ਤੌਰ ‘ਤੇ ਮੁੰਨਾ ਬਾਈ ਸੀਰੀਜ਼ ਤੋਂ ਬਾਅਦ ਅਰਸ਼ਦ ਨੂੰ ਚੰਗਾ ਫ਼ਾਇਦਾ ਹੋਇਆ ਅਤੇ ਬੌਲੀਵੁੱਡ ‘ਚ ਉਸ ਨੂੰ ਇੱਕ ਤੋਂ ਵੱਧ ਕੇ ਫ਼ਿਲਮਾਂ ਮਿਲੀਆਂ ਹਨ।