ਫ਼ਿਲਮ ਸੂਈ ਧਾਗਾ ਅਨੁਸ਼ਕਾ ਅਤੇ ਵਰੁਣ ਦੀ ਇਕੱਠਿਆਂ ਆਉਣ ਵਾਲੀ ਪਲੇਠੀ ਫ਼ਿਲਮ ਹੈ। ਇਨ੍ਹਾਂ ਦੋਹਾਂ ਦੀ ਜੋੜੀ ਨੂੰ ਵੇਖਣ ਲਈ ਸਿਨੇਮਾ ਪ੍ਰੇਮੀ ਕਾਫ਼ੀ ਉਤਸ਼ਾਹਿਤ ਹਨ। ਇਸ ‘ਚ ਵਰੁਣ ਨੇ ਇੱਕ ਦਰਜ਼ੀ ਦਾ ਕਿਰਦਾਰ ਨਿਭਾਇਆ ਹੈ …
ਸੂਈ-ਧਾਗਾ ਫ਼ਿਲਮ ਜ਼ਰੀਏ ਪਹਿਲੀ ਵਾਰ ਵਰੁਣ ਅਤੇ ਅਨੁਸ਼ਕਾ ਸ਼ਰਮਾ ਦੀ ਜੋੜੀ ਵੱਡੇ ਪਰਦੇ ‘ਤੇ ਇਕੱਠੀਆਂ ਨਜ਼ਰ ਆਵੇਗੀ। ਵਰੁਣ ਅਤੇ ਅਨੁਸ਼ਕਾ ਦੇ ਪ੍ਰਸ਼ੰਸਕ ਇਸ ਫ਼ਿਲਮ ਵਿੱਚ ਉਨ੍ਹਾਂ ਦੀ ਲੁਕ ਦੇਖ ਕੇ ਕਾਫ਼ੀ ਉਤਸ਼ਾਹਿਤ ਹਨ। ਹਾਲ ਹੀ ‘ਚ ਵਰੁਣ ਅਤੇ ਅਨੁਸ਼ਕਾ ਨੇ ਮੁੰਬਈ ‘ਚ ਫ਼ਿਲਮ ਦੀ ਸ਼ੂਟਿੰਗ ਪੂਰੀ ਕਰ ਲਈ। ਫ਼ਿਲਮ ਦੀ ਕਹਾਣੀ ਭਾਰਤ ਸਰਕਾਰ ਦੇ ਮੇਡ ਇਨ ਇੰਡੀਆ ਕੈਂਪੇਨ ਦੇ ਆਸ-ਪਾਸ ਘੁੰਮੇਗੀ। ਫ਼ਿਲਮ ਨਿਰਮਾਤਾ ਫ਼ਿਲਮ ਦਾ ਟ੍ਰੇਲਰ 15 ਅਗਸਤ ਨੂੰ ਰਿਲੀਜ਼ ਕਰਨਾ ਚਾਹੁੰਦੇ ਹਨ ਤਾਂ ਕਿ ਦੇਸ਼ ਦੇ ਵਿਕਾਸ ਦੀ ਕਹਾਣੀ ਵਾਲੀ ਇਸ ਫ਼ਿਲਮ ਨਾਲ ਲੋਕ ਖ਼ੁਦ ਨੂੰ ਜੋੜ ਕੇ ਦੇਖ ਸਕਣ। ਇਸ ਫ਼ਿਲਮ ‘ਚ ਵਰੁਣ ਇੱਕ ਦਰਜ਼ੀ ਦੇ ਕਿਰਦਾਰ ‘ਚ ਹੋਵੇਗਾ। ਅਨੁਸ਼ਕਾ ਇਸ ਫ਼ਿਲਮ ਵਿੱਚ ਸਿਲਾਈ-ਕਢਾਈ ਕਰਦੀ ਦਿਖਾਈ ਦੇਵੇਗੀ। ਇੱਕ ਵਾਰਤਾ ਦੌਰਾਨ ਵਰੁਣ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਤੇ ਮਹਾਤਮਾ ਗਾਂਧੀ ਜੀ ਨੇ ਆਪਣੇ ਹੀ ਦੇਸ਼ ‘ਚ ਚੀਜ਼ਾਂ ਨੂੰ ਬਣਾਉਣ ‘ਤੇ ਕਾਫ਼ੀ ਜ਼ੋਰ ਦਿੱਤਾ ਹੈ। ਮੈਂ ਵੀ ਇਸ ਫ਼ਿਲਮ ਜ਼ਰੀਏ ਲੋਕਾਂ ਤਕ ਇਸ ਸੰਦੇਸ਼ ਨੂੰ ਦਿਲਚਸਪ ਅੰਦਾਜ਼ ‘ਚ ਪਹੁੰਚਾਵਾਂਗਾ। ਇਸ ਫ਼ਿਲਮ ਤੋਂ ਬਾਅਦ ਵਰੁਣ ਧਵਨ ਹੁਣ ਆਪਣੀ ਅਗਲੀ ਫ਼ਿਲਮ ਕਲੰਕ ਦੀ ਸ਼ੂਟਿੰਗ ‘ਚ ਰੁੱਝ ਜਾਵੇਗਾ। ਇਹ ਇੱਕ ਮਲਟੀਸਟਾਰਰ ਹੈ।











