ਪਾਕਿਸਤਾਨੀ ਔਲਰਾਊਂਡਰ ਦੀ ਪਹਿਲਾਂ ਮੌਤ ਦੀ ਉੱਡੀ ਅਫ਼ਵਾਹ, ਫ਼ਿਰ ਲਾਈਵ ਹੋ ਕੇ ਉਸ ਨੇ ਕੀਤੀ ਆਪਣੇ ਜ਼ਿੰਦਾ ਹੋਣ ਦੀ ਤਸਦੀਕ

ਨਵੀਂ ਦਿੱਲੀ – ਸੋਸ਼ਲ ਮੀਡੀਆ ‘ਤੇ ਹਰ ਰੋਜ਼ ਕਈ ਖ਼ਬਰਾਂ ਦੇਖਣ ਅਤੇ ਪੜ੍ਹਨ ਨੂੰ ਮਿਲਦੀਆਂ ਰਹਿੰਦੀਆਂ ਹਨ, ਪਰ ਹੁਣ ਇੱਕ ਖ਼ਬਰ ਅਜਿਹੀ ਆਈ ਹੈ ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ। ਇਹ ਖ਼ਬਰ ਪਾਕਿਸਤਾਨ ਦੇ ਸਾਬਕਾ ਔਲਰਾਊਂਡਰ ਅਬਦੁਲ ਰੱਜ਼ਾਕ ਦੀ ਮੌਤ ਦੀ ਸੀ ਜੋ ਸੋਸ਼ਲ ਮੀਡੀਆ ‘ਤੇ ਫ਼ੈਲ ਗਈ। ਇਸ ਝੂਠੀ ਖ਼ਬਰ ‘ਚ ਕਿਹਾ ਗਿਆ ਸੀ ਕਿ ਇੱਕ ਦੁਰਘਟਨਾ ‘ਚ ਅਬਦੁਲ ਦੀ ਮੌਤ ਹੋ ਗਈ ਹੈ। ਇਸ ਤੋਂ ਬਾਅਦ, ਫ਼ੇਸਬੁੱਕ ਸਮੇਤ ਦੂਜੇ ਸੋਸ਼ਲ ਮੀਡੀਆ ਚੈਨਲਾਂ ‘ਤੇ ਇਹ ਖ਼ਬਰ ਵਾਇਰਲ ਹੋਣ ਲੱਗੀ। ਹਮੇਸ਼ਾ ਦੀ ਤਰ੍ਹਾਂ ਇਹ ਵੀ ਇੱਕ ਝੂਠੀ ਖ਼ਬਰ ਸੀ, ਪਰ ਫ਼ਿਰ ਵੀ ਕਈ ਲੋਕਾਂ ਨੇ ਇਸ ਨੂੰ ਸ਼ੇਅਰ ਕੀਤਾ।
ਇਸ ਖ਼ਬਰ ਦੇ ਵਾਇਰਲ ਹੋਣ ਤੋਂ ਬਾਅਦ ਖ਼ੁਦ ਅਬਦੁਲ ਸਾਹਮਣੇ ਆਇਆ ਅਤੇ ਉਸ ਨੇ ਟਵਿਟਰ ਅਤੇ ਯੂਟਿਊਬ ‘ਤੇ ਇੱਕ ਵੀਡੀਓ ਸ਼ੇਅਰ ਕੀਤਾ ਅਤੇ ਇਸ ਗੱਲ ਦੀ ਸਫ਼ਾਈ ਦਿੱਤੀ ਕਿ ਇਹ ਖ਼ਬਰ ਗਲਤ ਹੈ। ਇਸ ‘ਚ ਕੋਈ ਸੱਚਾਈ ਨਹੀਂ। ਉਸ ਨੇ ਵੀਡੀਓ ਜਾਰੀ ਕਰਦੇ ਹੋਏ ਕਿਹਾ, ”ਫ਼ੇਸਬੁੱਕ ‘ਤੇ ਕਿਸੇ ਨੇ ਗ਼ਲਤ ਖ਼ਬਰ ਫ਼ੈਲਾ ਦਿੱਤੀ ਹੈ। ਖ਼ਬਰ ‘ਚ ਕਿਹਾ ਗਿਆ ਕਿ ਅਬਦੁਲ ਰੱਜ਼ਾਕ ਦਾ ਐਕਸੀਡੈਂਟ ਹੋ ਗਿਆ ਹੈ ਅਤੇ ਇਸ ਹਾਦਸੇ ‘ਚ ਉਸ ਦੀ ਮੌਤ ਹੋ ਗਈ ਹੈ। ਅਬਦੁਲ ਰੱਜ਼ਾਕ ਨੇ ਇਸ ਅਫ਼ਵਾਹ ‘ਤੇ ਦੁੱਖ ਦਾ ਇਜ਼ਹਾਰ ਕਰਦੇ ਹੋਏ ਕਿਹਾ, ”ਇਹ ਬਹੁਤ ਅਫ਼ਸੋਸ ਦੀ ਗੱਲ ਹੈ ਅਤੇ ਲੋਕਾਂ ਨੂੰ ਅਜਿਹਾ ਨਹੀਂ ਕਰਨਾ ਚਾਹੀਦਾ ਸੀ, ਮੈਂ ਬਿਲਕੁਲ ਠੀਕ ਹਾਂ।”