ਪਾਕਿਸਤਾਨ ਦੇ ਤੇਜ਼ ਗੇਂਦਬਾਜ਼ ਨੂੰ ਵਿਕਟ ਦਾ ਜਸ਼ਨ ਮਨਾਉਣਾ ਪਿਆ ਮਹਿੰਗਾ

ਨਵੀਂ ਦਿੱਲੀ – ਕ੍ਰਿਕਟ ਦੇ ਮੈਦਾਨ ‘ਤੇ ਅਕਸਰ ਖਿਡਾਰੀ ਜਿੱਤ, ਸੈਂਕੜਾ ਅਤੇ ਵਿਕਟ ਲੈਣ ਦਾ ਜਸ਼ਨ ਮਨਾਉਂਦੇ ਨਜ਼ਰ ਆਉਂਦੇ ਹਨ, ਪਰ ਕਦੀ-ਕਦੀ ਅਜਿਹਾ ਜੋਸ਼ ਭਾਰੀ ਵੀ ਪੈ ਸਕਦਾ ਹੈ। ਪਾਕਿਸਤਾਨ ਦੇ ਤੇਜ਼ ਗੇਂਦਬਾਜ਼ ਹਸਨ ਅਲੀ ਨੇ ਜ਼ਿੰਬਾਬਵੇ ਖ਼ਿਲਾਫ਼ ਦੂਜੇ ਵਨ ਡੇ ‘ਚ ਵਿਕਟ ਲੈਣ ਤੋਂ ਬਾਅਦ ਅਜਿਹਾ ਜਸ਼ਨ ਮਨਾਇਆ ਕਿ ਉਸ ਦੀ ਗਰਦਨ ਨੂੰ ਝਟਕਾ ਲੱਗ ਗਿਆ।
ਜ਼ਿੰਬਾਬਵੇ ਖ਼ਿਲਾਫ਼ ਬੁਲਾਵਾਓ ‘ਚ ਖੇਡੇ ਗਏ ਸੀਰੀਜ਼ ਦੇ ਦੂਜੇ ਵਨ ਡੇ ‘ਚ ਹਸਨ ਨੇ ਰਿਆਨ ਮਰੇ ਨੂੰ ਬੋਲਡ ਕੀਤਾ। ਜਦੋਂ ਉਸ ਨੇ ਵਿਕਟ ਲੈਣ ਦਾ ਜਸ਼ਨ ਮਨਾਇਆ ਤਾਂ ਉਸ ਦੀ ਗਰਦਨ ‘ਚ ਹਲਕਾ ਝਟਕਾ ਆਇਆ, ਅਤੇ ਉਸ ਦੇ ਸਾਥੀ ਖਿਡਾਰੀ ਉਸ ਕੋਲ ਆ ਗਏ। ਹਾਲਾਂਕਿ ਉਹ ਗੰਭੀਰ ਸੱਟ ਤੋਂ ਬਚ ਗਿਆ, ਪਰ ਪਾਕਿਸਤਾਨ ਕ੍ਰਿਕਟ ਬੋਰਡ ਨੇ ਬਾਅਦ ‘ਚ ਬਿਆਨ ਜਾਰੀ ਕਰ ਕੇ ਪੁਸ਼ਟੀ ਕੀਤੀ ਕਿ ਤੀਜੇ ਵਨ ਡੇ ‘ਚ ਪੇਸਰ ਹਸਨ ਅਲੀ ਨੇ ਮੈਚ ‘ਚ 32 ਦੌੜਾਂ ਦੇ ਕੇ 3 ਵਿਕਟਾਂ ਝਟਕੀਆਂ। ਉਸ ਨੇ ਵੈਲਿੰਗਟਨ ਮਸਾਕਾਦ੍ਰਜਾ ਨੂੰ ਰਨ ਆਊਟ ਵੀ ਕੀਤਾ।
ਪਾਕਿਸਤਾਨ ਨੇ ਜ਼ਿੰਬਾਬਵੇ ਨੂੰ 194 ਦੌੜਾਂ ‘ਤੇ ਢੇਰ ਕਰਨ ਤੋਂ ਬਾਅਦ ਫ਼ਖ਼ਰ ਜ਼ਮਾਨ (117) ਦੇ ਸ਼ਾਨਦਾਰ ਸੈਂਕੜੇ ਦੀ ਬਦੌਲਤ 36 ਓਵਰਾਂ ‘ਚ ਹੀ 1 ਵਿਕਟ ‘ਤੇ 195 ਦੌੜਾਂ ਬਣਾ ਕੇ 9 ਵਿਕਟਾਂ ਨਾਲ ਮੁਕਾਬਲਾ ਜਿੱਤ ਲਿਆ। ਪਾਕ ਟੀਮ ਸੀਰੀਜ਼ ਦੇ ਸ਼ੁਰੂਆਤੀ ਦੋਹੇਂ ਮੈਚ ਜਿੱਤ ਕੇ 2-0 ਦੀ ਵਾਧਾ ਬਣਾਈ ਬੈਠੀ ਹੈ।