ਨਵੀਂ ਦਿੱਲੀ – ਭਾਰਤ ਦੇ ਵਿਕਟਕੀਪਰ ਬੱਲੇਬਾਜ਼ ਰਿਧੀਮਾਨ ਸਾਹਾ ਇੰਗਲੈਂਡ ਖ਼ਿਲਾਫ਼ ਆਗਾਮੀ ਟੈੱਸਟ ਸੀਰੀਜ਼ ‘ਚੋਂ ਬਾਹਰ ਹੋ ਸਕਦੈ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਸਾਹਾ ਅਜੇ ਅੰਗੂਠੇ ਦੀ ਸੱਟ ਤੋਂ ਉਭਰ ਨਹੀਂ ਸੱਕਿਆ। ਸਾਹਾ ਨੂੰ ਇਹ ਸੱਟ IPL ‘ਚ ਖੇਡਣ ਦੌਰਾਨ ਲੱਗੀ ਸੀ। ਇਸ ਸੱਟ ਦੀ ਵਜ੍ਹਾ ਕਰ ਕੇ ਸਾਹਾ ਜੂਨ ‘ਚ ਅਫ਼ਗ਼ਾਨਿਸਤਾਨ ਖ਼ਿਲਾਫ਼ ਵੀ ਨਹੀਂ ਖੇਡ ਸੱਕਿਆ ਸੀ।
ਅਫ਼ਗ਼ਾਨਿਸਤਾਨ ਖ਼ਿਲਾਫ 14 ਜੂਨ ਨੂੰ ਖੇਡੇ ਗਏ ਟੈੱਸਟ ਮੈਚ ‘ਚ ਦਿਨੇਸ਼ ਕਾਰਤਿਕ ਨੇ ਸਾਹਾ ਦੀ ਜਗ੍ਹਾ ਲਈ ਸੀ। ਅਜਿਹੇ ‘ਚ ਮੰਨਿਆ ਜਾ ਰਿਹਾ ਹੈ ਕਿ ਸਾਹਾ ਦੇ ਨਾ ਖੇਡਣ ਦੀ ਸੂਰਤ ਵਿੱਚ ਕਾਰਤਿਕ ਫ਼ਿਰ ਤੋਂ ਉਸ ਦੀ ਜਗ੍ਹਾ ਲੈ ਸਕਦਾ ਹੈ। ਅਫ਼ਗ਼ਾਨਿਸਤਾਨ ਖ਼ਿਲਾਫ਼ ਸਾਹਾ ਦੇ ਟੀਮ ‘ਚੋਂ ਬਾਹਰ ਹੋਣ ਸਮੇਂ BCCI ਨੇ ਕਿਹਾ ਸੀ ਕਿ ਉਹ 5-6 ਹਫ਼ਤਿਆਂ ‘ਚ ਆਪਣੀ ਸੱਟ ਤੋਂ ਉਭਰ ਜਾਵੇਗਾ। ਇਸ ਤਰ੍ਹਾਂ ਨਾਲ ਮੰਨਿਆ ਜਾ ਰਿਹਾ ਸੀ ਕਿ ਸਾਹਾ ਜੁਲਾਈ ਦੇ ਆਖ਼ਰ ਤਕ ਫ਼ਿੱਟ ਹੋ ਜਾਵੇਗਾ, ਪਰ BCCI ਨੇ ਉਸ ਬਾਰੇ ਕੋਈ ਫ਼ਿੱਟਨੈਸ ਅਪਡੇਟ ਨਹੀਂ ਦਿੱਤੀ।
ਦੱਸਿਆ ਜਾ ਰਿਹਾ ਹੈ ਕਿ ਭਾਰਤੀ ਟੀਮ ਮੈਨੇਜਮੈਂਟ ਅਤੇ ਚੋਣਕਰਤਾ ਚਾਹੁੰਦੇ ਹਨ ਕਿ ਸਾਹਾ ਆਪਣੀ ਫ਼ਿੱਟਨੈਸ ਦੇ ਨਾਲ ਹੀ ਮੈਚ ਖੇਡਣ ਲਈ ਤਿਆਰੀ ਦਾ ਵੀ ਟੈੱਸਟ ਕਰੇ। ਜ਼ਿਕਰਯੋਗ ਹੈ ਕਿ ਭਾਰਤ ਅਤੇ ਇੰਗਲੈਂਡ ਵਿਚਾਲੇ ਹੋਣ ਵਾਲੀ 5 ਮੈਚਾਂ ਦੀ ਟੈੱਸਟ ਸੀਰੀਜ਼ ਦਾ ਪਹਿਲਾ ਮੈਚ 1 ਅਗਸਤ ਨੂੰ ਖੇਡਿਆ ਜਾਵੇਗਾ।
—












