ਰਿਟਾਇਰਡ ਅਫਸਰਾਂ ਦੇ ਘਰਾਂ ‘ਚ ਤਾਇਨਾਤ 2000 ਜਵਾਨਾਂ ਦੀ ਫੌਜ ‘ਚ ਹੋਵੇਗੀ ਵਾਪਸੀ

ਨਵੀਂ ਦਿੱਲੀ— ਫੌਜ ਵਿਚ ਅਧਿਕਾਰੀਆਂ ਦੇ ਘਰਾਂ ਵਿਚ ਸਹਾਇਕ ਵਜੋਂ ਜਵਾਨਾਂ ਦੀ ਤਾਇਨਾਤੀ ਨੂੰ ਲੈ ਕੇ ਲੰਬੇ ਸਮੇਂ ਤੋਂ ਵਿਵਾਦ ਚਲ ਰਿਹਾ ਹੈ ਪਰ ਹੁਣ ਫੌਜ ਮੁਖੀ ਜਨਰਲ ਬਿਪਿਨ ਰਾਵਤ ਨੇ ਰਿਟਾਇਰਡ ਅਫਸਰਾਂ ਦੇ ਘਰਾਂ ‘ਚ ਤਾਇਨਾਤ ਲਗਭਗ 2000 ਜਵਾਨਾਂ ਨੂੰ ਫੌਜ ਵਿਚ ਵਾਪਸ ਲਿਆਉਣ ਦਾ ਫੈਸਲਾ ਕੀਤਾ ਹੈ। ਦਿੱਲੀ, ਗੁੜਗਾਓਂ ਅਤੇ ਨੋਇਡਾ ਸਮੇਤ ਐੱਨ. ਸੀ. ਆਰ. ਵਿਚ ਰਹਿਣ ਵਾਲੇ ਫੌਜ ਦੇ ਹਜ਼ਾਰਾਂ ਰਿਟਾਇਰਡ ਫੌਜੀ ਅਧਿਕਾਰੀਆਂ ਦੇ ਘਰਾਂ ‘ਤੇ 1000 ਦੇ ਨੇੜੇ-ਤੇੜੇ ਫੌਜੀ ਸਹਾਇਕ ਵਜੋਂ ਕੰਮ ਕਰ ਰਹੇ ਹਨ।
ਇਨ੍ਹਾਂ ਜਵਾਨਾਂ ਦੀ ਹੁਣ ਫੌਜ ਵਿਚ ਵਾਪਸੀ ਹੋਵੇਗੀ। ਨਾਲ ਹੀ ਦੇਸ਼ ਦੇ ਦੂਜੇ ਹਿੱਸਿਆਂ ਵਿਚ ਵੀ ਇੰਨੀ ਗਿਣਤੀ ਵਿਚ ਜਵਾਨ ਸਹਾਇਕ ਵਜੋਂ ਸੇਵਾਮੁਕਤ ਅਧਿਕਾਰੀਆਂ ਦੇ ਘਰਾਂ ‘ਚ ਕੰਮ ਕਰ ਰਹੇ ਹਨ। ਇਨ੍ਹਾਂ ਨੂੰ ਵੀ ਫੌਜ ਵਿਚ ਵਾਪਸ ਬੁਲਾਇਆ ਜਾਵੇਗਾ।
ਸੇਵਾਮੁਕਤ ਫੌਜੀ ਅਧਿਕਾਰੀਆਂ ਦੇ ਘਰਾਂ ‘ਚ ਕੰਮ ਕਰ ਰਹੇ ਲਗਭਗ 2000 ਜਵਾਨਾਂ ਦੀ ਗਿਣਤੀ ਫੌਜ ਦੀਆਂ 2 ਯੂਨਿਟਾਂ ਦੇ ਬਰਾਬਰ ਹੈ। ਫੌਜ ਦਾ ਇਹ ਕਦਮ ਲੰਬੇ ਸਮੇਂ ਤੋਂ ਰਿਟਾਇਰਡ ਫੌਜੀ ਅਧਿਕਾਰੀਆਂ ਦੇ ਘਰਾਂ ‘ਚ ਕੰਮ ਕਰ ਰਹੇ ਇਨ੍ਹਾਂ ਜਵਾਨਾਂ ਲਈ ਇਕ ਵੱਡੀ ਰਾਹਤ ਹੈ।