ਆਮ ਆਦਮੀ ਪਾਰਟੀ ਨੇ ਮਰੋ ਜਾਂ ਵਿਰੋਧ ਕਰੋਂ ਤਹਿਤ ਸ਼ਹਿਰ ‘ਚ ਕੱਢਿਆ ਰੋਸ ਮਾਰਚ

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਸੁਖਪਾਲ ਢਿੱਲੋਂ, ਖੁਰਾਣਾ) : ਪੰਜਾਬ ‘ਚ ਫੈਲੇ ਚਿੱਟੇ ਅਤੇ ਹੋਰ ਨਸ਼ੀਲੇ ਪਦਾਰਥਾਂ ਦੇ ਕਾਰਨ ਨੌਜਵਾਨਾਂ ਦੀਆਂ ਲਗਾਤਾਰ ਹੋ ਰਹੀਆਂ ਮੌਤਾਂ ਦੇ ਪ੍ਰਤੀ ਪੰਜਾਬ ਸਰਕਾਰ ਵੱਲੋਂ ਕੀਤੀ ਗਈ ਅਣਦੇਖੀ ਦੇ ਤਹਿਤ ਲੋਕਾਂ ਵੱਲੋਂ ‘ਮਰੋ ਜਾਂ ਵਿਰੋਧ ਕਰੋ’ ਦੇ ਨਾਅਰੇ ਲਗਾ ਕੇ ਰੋਸ ਮਾਰਚ ਕੱਢਿਆ ਗਿਆ। ਇਸ ਮਾਰਚ ‘ਆਪ’ ਦੇ ਹਲਕਾ ਇੰਚਾਰਜ਼ ਜਗਦੀਪ ਸਿੰਘ ‘ਕਾਕਾ ਬਰਾੜ’ ਦੀ ਅਗਵਾਈ ਹੇਠ ਸ਼ਹਿਰ ‘ਚ ਕੱਢਿਆ ਗਿਆ।
ਇਹ ਮਾਰਚ ਖਾਲਸਾ ਸਕੂਲ ਰੋਡ ਤੋਂ ਚੱਲ ਕੇ ਮਸਜਿਦ ਵਾਲਾ ਚੌਂਕ ਤੱਕ ਅਤੇ ਬੈਂਕ ਰੋਡ ਹੁੰਦੇ ਹੋਏ ਘਾਹ ਮੰਡੀ ਚੌਂਕ ‘ਚ ਪੁੱਜਾ, ਜਿੱਥੇ ਮਾਨਵੀ ਕੰਧ ਬਣਾ ਕੇ ਲੋਕਾਂ ਨੂੰ ਨਸ਼ਿਆਂ ਪ੍ਰਤੀ ਜਾਗਰੂਕ ਕੀਤਾ ਗਿਆ। ਇਸ ਮੌਕੇ ਬੋਲਦਿਆਂ ਜਗਦੀਪ ਸਿੰਘ ‘ਕਾਕਾ ਬਰਾੜ’ ਨੇ ਆਖਿਆ ਕਿ ਅਕਾਲੀ ਭਾਜਪਾ ਤੇ ਕਾਂਗਰਸ ਸਰਕਾਰ ਵੱਲੋਂ ਪੰਜਾਬ ‘ਚ ਹੋ ਰਹੀਆਂ ਨਸ਼ੇ ਕਾਰਨ ਮੌਤਾਂ ਦਾ ਠੀਕਰਾਂ ਇਕ ਦੂਜੇ ਨੂੰ ਦੋਸ਼ ਲਗਾ ਕੇ ਭੰਨਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨਾਲ ਵਾਅਦੇ ਕਰਕੇ ਪੰਜਾਬ ਦੀ ਸੱਤਾਂ ਸੰਭਾਲਣ ਵਾਲੇ ਕੈਪਟਨ ਅਮਰਿੰਦਰ ਸਿੰਘ ਨਸ਼ੇ ਨੂੰ ਨੱਥ ਪਾਉਣ ‘ਚ ਨਾਕਾਮਯਾਬ ਹੋ ਰਹੇ ਹਨ ਕਿਉਂਕਿ ਨਿੱਤ ਰੋਜ਼ ਹੋ ਰਹੀਆਂ ਮੌਤਾਂ ਸਰਕਾਰ ‘ਤੇ ਸਵਾਲੀਆਂ ਚਿੰਨ੍ਹ ਲਗਾਉਂਦੀਆਂ ਹਨ।
ਉਨ੍ਹਾਂ ਕਿਹਾ ਕਿ ਪੰਜਾਬ ‘ਚ ਆਇਆ ਚਿੱਟੇ ਦਾ ਨਸ਼ਾ ਪੰਜਾਬ ਦੇ ਨੌਜਵਾਨਾਂ ਦੀਆਂ ਰਗਾਂ ‘ਚ ਇਸ ਕਦਰ ਰਚ ਗਿਆ ਹੈ ਕਿ ਪੰਜਾਬ ਦੇ 6-6 ਫੁੱਟ ਦੇ ਗੱਭਰੂਆਂ ਨੂੰ ਆਪਣੇ ਕਲਾਵੇ ‘ਚ ਲੈ ਕੇ ਮੌਤ ਦੇ ਮੂੰਹ ‘ਚ ਲਿਜਾ ਰਿਹਾ ਹੈ। ਆਮ ਆਦਮੀ ਪਾਰਟੀ ਸ਼ੁਰੂ ਤੋਂ ਹੀ ਨਸ਼ੇ ਦਾ ਵਿਰੋਧ ਕਰ ਰਹੀ ਹੈ ਅਤੇ ਹੁਣ ਵੀ ਇਹ ਵਿਰੋਧ ਲਗਾਤਾਰ ਜਾਰੀ ਰਹੇਗਾ। ਉਨ੍ਹਾਂ ਨੇ ਬੀਤੀ 1 ਜੁਲਾਈ ਤੋਂ ਲਗਾਤਾਰ ਰੋਸ ਪ੍ਰਗਟਾ ਰਹੇ ਮਾਪੇ, ਸਾਹਿਤਕਾਰ ਤੇ ਹੋਰ ਸਮਾਜ ਸੇਵੀ ਸੰਸਥਾਵਾਂ ਦਾ ਧੰਨਵਾਦ ਕੀਤਾ। ਇਸ ਮੌਕੇ ਪੰਜਾਬ ਰੋਡਵੇਜ਼ ਦੇ ਪ੍ਰਧਾਨ ਅੰਗਰੇਜ਼ ਸਿੰਘ, ਭੁਪਿੰਦਰ ਸਿੰਘ, ਜੈ ਚੰਦ ਭੰਡਾਰੀ ਨੇ ਸੰਬੋਧਨ ਕਰਦਿਆਂ ਲੋਕਾਂ ਨੂੰ ਜਾਗਰੂਕ ਕੀਤਾ ਕਿ ਮਾਪੇ ਆਪਣੇ ਬੱਚਿਆਂ ਨੂੰ ਸਮਾਂ ਦੇਣ ਅਤੇ ਧਿਆਨ ਰੱਖਣ ਤਾਂ ਕਿ ਬੱਚੇ ਨਸ਼ੇ ਦੀ ਦਲਦਲ ‘ਚ ਨਾ ਧਸਣ।
ਬੁਲਾਰਿਆਂ ਨੇ ਆਖਿਆ ਕਿ ਇਹ ਮੁਹਿੰਮ ਸਿਰਫ ਹਫਤਾ ਮਨਾ ਕੇ ਖਤਮ ਨਹੀਂ ਕਰਨੀ ਬਲਕਿ ਇਹ ਮੁਹਿੰਮ ਆਮ ਆਦਮੀ ਪਾਰਟੀ ਵੱਲੋਂ ਲਗਾਤਾਰ ਜਾਰੀ ਰੱਖੀ ਜਾਵੇਗੀ। ਰੋਸ ਮਾਰਚ ਦੌਰਾਨ ਨਸ਼ੇ ਵਿਰੋਧੀ ਨਾਰੇ ਬੈਨਰ ਵਰਕਰਾਂ ਵੱਲੋਂ ਹੱਥਾਂ ‘ਚ ਫੜਕੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ। ਇਸ ਮੌਕੇ ਬਾਬੂ ਸਿੰਘ ਧੀਮਾਨ, ਕਮਲਜੀਤ ਸਿੰਘ, ਕੈਪਟਨ ਬਲਦੇਵ ਸਿੰਘ, ਅੰਗਰੇਜ਼ ਸਿੰਘ, ਅਜੈ ਭੱਲਾ, ਬੋਹੜ ਸਿੰਘ, ਨਰਿੰਦਰ ਖੱਪਿਆਂਵਾਲੀ, ਹਰਚਰਨ ਸਿੰਘ ਚੰਨੀ, ਰਾਜੂ ਸਰਾਏਨਾਗਾ, ਕਮਲਦੀਪ ਬਰਾੜ ਆਦਿ ‘ਆਪ’ ਦੇ ਸਮੂਹ ਵਰਕਰ ਹਾਜ਼ਰ ਸਨ।