ਦੁਬਈ – ਦੂਜੇ ਟੈੱਸਟ ਮੈਚ ‘ਚ ਬਾਲ ਟੈਂਪਰਿੰਗ ਦਾ ਦੋਸ਼ੀ ਪਾਇਆ ਗਿਆ ਸ਼੍ਰੀਲੰਕਾ ਦਾ ਕਪਤਾਨ ਦਿਨੇਸ਼ ਚੰਡੀਮਲ ਵੈੱਸਟ ਇੰਡੀਜ਼ ਖ਼ਿਲਾਫ਼ ਤੀਜੇ ਟੈੱਸਟ ‘ਚ ਨਹੀਂ ਖੇਡ ਸਕੇਗਾ। ICC ਨੇ ਉਸ ਨੂੰ ਇੱਕ ਮੈਚ ਲਈ ਬੈਨ ਕਰਨ ਦਾ ਆਪਣਾ ਫ਼ੈਸਲਾ ਬਰਕਰਾਰ ਰੱਖਿਆ ਹੈ ਜਿਸ ਦੇ ਖਿਲਾਫ਼ ਚੰਡੀਮਲ ਨੇ ਅਪੀਲ ਕੀਤੀ ਹੋਈ ਸੀ। ਚੰਡੀਮਲ ਦੀ ਅਪੀਲ ਨੂੰ ICC ਨੇ ਖ਼ਾਰਿਜ ਕਰ ਦਿੱਤਾ ਹੈ, ਅਤੇ ਉਸ ਦਾ ਬੈਨ ਬਰਕਰਾਰ ਰੱਖਿਆ ਹੈ।
ICC ਨੇ ਇੱਕ ਬਿਆਨ ਜਾਰੀ ਕਰ ਕੇ ਕਿਹਾ, ”ਜੁਡੀਸ਼ਲ ਕਮਿਸ਼ਨਰ ਮਾਈਕਲ ਬੇਲੌਫ਼ ਨੇ ਵੈੱਸਟ ਇੰਡੀਜ਼ ਖ਼ਿਲਾਫ਼ ਦੂਜੇ ਟੈੱਸਟ ਮੈਚ ‘ਚ ਸ਼੍ਰੀ ਲੰਕਾ ਦੇ ਕਪਤਾਨ ਦਿਨੇਸ਼ ਚੰਡੀਮਲ ਨੂੰ ਬਾਲ ਟੈਂਪਰਿੰਗ ਦਾ ਦੋਸ਼ੀ ਮੰਨਦੇ ਹੋਏ ਉਸ ਦੀ ਅਪੀਲ ਨੂੰ ਖ਼ਾਰਿਜ ਕਰ ਦਿੱਤਾ ਹੈ।” ICC ਮੈਚ ਰੈਫ਼ਰੀ ਜਵਾਗਲ ਸ਼੍ਰੀਨਾਥ ਨੇ ਚੰਡੀਮਲ ਨੂੰ ਸਜ਼ਾ ਦੇ ਤੌਰ ‘ਤੇ ਦੋ ਸਸਪੈਂਸ਼ਨ ਪੁਆਇੰਟ ਦਿੰਤੇ ਸਨ ਜੋ ਇੱਕ ਟੈੱਸਟ ਜਾਂ ਦੋ ਵਨਡੇ ਅਤੇ ਦੋ T20 ਦੇ ਬੈਨ ਦੇ ਬਰਾਬਾਰ ਹੁੰਦਾ ਹੈ। ਉਸ ‘ਤੇ ਮੈਚ ਫ਼ੀਸ ਦਾ 10 ਫ਼ੀਸਦੀ ਜੁਰਮਾਨਾ ਵੀ ਲੱਗਾ।
ਇਸ ਤੋਂ ਪਹਿਲਾਂ ਟੀਮ ਪ੍ਰਬੰਧਕਾਂ ਨੇ ਖੇਡ ਭਾਵਨਾ ਦੇ ਵਿਰੁੱਧ ਵਿਵਹਾਰ ਦੇ ਦੋਸ਼ ਨੂੰ ICC ਨੇ ਸਵੀਕਾਰ ਕਰ ਲਿਆ। ਕੋਚ ਚੰਦੀਕਾ ਹਾਥੂਰਸਿੰਗੇ ਅਤੇ ਮੈਨੇਜਰ ਅਸ਼ਾਂਕਾ ਗੁਰੂਸਿੰਗਾ ਨੇ ਦੂਜੇ ਟੈੱਸਟ ‘ਚ ਟੀਮ ਦੇ ਮੈਦਾਨ ‘ਤੇ ਉਤਰਣ ਤੋਂ ਇਨਕਾਰ ‘ਚ ਆਪਣੀ ਭੂਮਿਕਾ ਨੂੰ ਸਵੀਕਾਰ ਕੀਤਾ ਜਿਸ ਤੋਂ ਬਾਅਦ ICC ਨੇ ਉਨ੍ਹਾਂ ਨੂੰ ਮਾਮਲੇ ਤੋਂ ਬਰੀ ਕੀਤਾ।
ਦੱਸ ਦਈਏ ਕਿ ਦੂਜੇ ਟੈੱਸਟ ਦੌਰਾਨ ICC ਨੇ ਚੰਡੀਮਲ ਨੂੰ ਗੇਂਦ ਨਾਲ ਛੇੜਛਾੜ ਦਾ ਦੋਸ਼ੀ ਪਾਇਆ ਸੀ, ਅਤੇ ਵੀਡੀਓ ਸਬੂਤ ‘ਚ ਵੀ ਦਿਖਿਆ ਕਿ ਉਸ ਨੇ ਆਪਣੇ ਮੂੰਹ ‘ਚ ਕੋਈ ਮਿੱਠੀ ਚੀਜ਼ (ਜੋ ਮਿਠਾਈ ਵਰਗੀ ਲੱਗ ਰਹੀ ਸੀ) ਖਾਣ ਤੋਂ ਤੁਰੰਤ ਬਾਅਦ ਥੁੱਕ ਗੇਂਦ ‘ਤੇ ਲਗਾ ਦਿੱਤਾ। ਚੰਡੀਮਲ, ਕੋਚ ਹਥੂਰਸਿੰਗੇ ਅਤੇ ਮੈਨੇਜਰ ਗੁਰੁਸਿੰਗੇ ਨੂੰ ICC ਦਟ CEO ਡੇਵਿਡ ਰਿਚਰਡਸਨ ਨੇ ਦੋਸ਼ੀ ਕਰਾਰ ਦਿੱਤਾ ਸੀ।












