ਜਸਵੰਤ ਸਿੰਘ ਕੰਵਲ ਨੂੰ 100ਵੇਂ ਜਨਮ ਦਿਨ ਮੌਕੇ ‘ਪੰਜਾਬ ਗੌਰਵ ਪੁਰਸਕਾਰ’ ਨਾਲ ਸਨਮਾਨਿਆ ਜਾਵੇਗਾ

ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਖੁਦ 26 ਜੂਨ ਨੂੰ ਪਿੰਡ ਢੁੱਡੀਕੇ ਜਾ ਕੇ ਕਰਨਗੇ ਸਨਮਾਨਤ
ਪੁਰਸਕਾਰ ਦੇ ਨਾਲ ਇਕ ਲੱਖ ਰੁਪਏ ਦੀ ਇਨਾਮੀ ਰਾਸ਼ੀ, ਦੋਸ਼ਾਲਾ ਤੇ ਸਨਮਾਨ ਪੱਤਰ ਦਿੱਤਾ ਜਾਵੇਗਾ
ਸਾਹਿਤ ਜਗਤ ਸ.ਕੰਵਲ ਦਾ 100ਵਾਂ ਜਨਮ ਦਿਨ ਇਕ ਤਿਉਹਾਰ ਵਾਂਗ ਮਨਾਏਗਾ: ਡਾ.ਸੁਰਜੀਤ ਪਾਤਰ
ਚੰਡੀਗੜ – ਪੰਜਾਬ ਕਲਾ ਪਰਿਸ਼ਦ ਵੱਲੋਂ ਉਘੇ ਪੰਜਾਬੀ ਸਾਹਿਤਕਾਰ ਸ. ਜਸਵੰਤ ਸਿੰਘ ਕੰਵਲ ਦੇ ਸ਼ਤਾਬਦੀ ਜਨਮ ਦਿਨ ਦੀ ਪੂਰਵ-ਸੰਧਿਆ ਮੌਕੇ ‘ਪੰਜਾਬ ਗੌਰਵ ਪੁਰਸਕਾਰ’ ਨਾਲ ਸਨਮਾਨਤ ਕੀਤਾ ਜਾਵੇਗਾ। ਪੰਜਾਬ ਦੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਸ. ਨਵਜੋਤ ਸਿੰਘ ਸਿੱਧੂ, ਪਰਿਸ਼ਦ ਦੇ ਚੇਅਰਪਰਸਨ ਡਾ. ਸੁਰਜੀਤ ਪਾਤਰ ਤੇ ਸਕੱਤਰ ਜਨਰਲ ਡਾ.ਲਖਵਿੰਦਰ ਜੌਹਲ ਖੁਦ ਭਲਕੇ 26 ਜੂਨ ਨੂੰ ਸ. ਕੰਵਲ ਦੇ ਜੱਦੀ ਪਿੰਡ ਢੁੱਡੀਕੇ (ਜ਼ਿਲਾ ਮੋਗਾ) ਵਿਖੇ ਉਨਾ ਦੇ ਘਰ ਪਹੁੰਚ ਕੇ ਇਹ ਸਨਮਾਨ ਦੇਣਗੇ।
ਡਾ.ਸੁਰਜੀਤ ਪਾਤਰ ਨੇ ਕਿਹਾ ਕਿ ਪੰਜਾਬੀ ਸਾਹਿਤ ਜਗਤ ਲਈ ਇਹ ਖੁਸ਼ੀ ਦਾ ਮੌਕਾ ਹੈ ਜਦੋਂ ਪੰਜਾਬੀ ਦੇ ਚੋਟੀ ਦੇ ਸਾਹਿਤਕਾਰ ਸ.ਜਸਵੰਤ ਸਿੰਘ ਕੰਵਲ ਦੇ 100ਵੇਂ ਜਨਮ ਦਿਨ ਨੂੰ ਮਨਾਉਣ ਦਾ ਮੌਕਾ ਮਿਲਿਆ ਹੈ। ਉਨਾਂ ਕਿਹਾ ਕਿ ਇਸ ਮੌਕੇ ਸਾਹਿਤ ਨਾਲ ਜੁੜੀ ਹਰ ਸਖ਼ਸ਼ੀਅਤ ਸ.ਕੰਵਲ ਦੇ ਪਿੰਡ ਢੁੱਡੀਕੇ ਸਥਿਤ ਘਰ ਇਕੱਠੀ ਹੋ ਕੇ ਇਹ ਖੁਸ਼ੀਆਂ ਸਾਂਝੀਆਂ ਕਰੇਗੀ ਜੋ ਸਾਹਿਤ ਜਗਤ ਲਈ ਇਕ ਤਿਉਹਾਰ ਵਾਂਗ ਹੋਵੇਗੀ।
ਸਨਮਾਨ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਕਲਾ ਪਰਿਸ਼ਦ ਦੇ ਸਕੱਤਰ ਜਨਰਲ ਡਾ. ਲਖਵਿੰਦਰ ਜੌਹਲ ਨੇ ਦੱਸਿਆ ਕਿ ਪੰਜਾਬ ਕਲਾ ਪਰਿਸ਼ਦ ਵੱਲੋਂ ਇਹ ਫੈਸਲਾ ਕੀਤਾ ਗਿਆ ਕਿ ਪੰਜਾਬੀ ਸਾਹਿਤ ਦੀ ਝੋਲੀ ਅਨੇਕਾ ਪੁਸਤਕਾਂ ਪਾਉਣ ਵਾਲੇ ਉਘੇ ਨਾਵਲਕਾਰ ਸ.ਜਸਵੰਤ ਸਿੰਘ ਕੰਵਲ ਦੇ 100ਵੇਂ ਜਨਮ ਦਿਨ ਦੀਆਂ ਖੁਸ਼ੀਆਂ ਉਨਾਂ ਦੇ ਘਰ ਜਾ ਕੇ ਮਨਾਈਆਂ ਜਾਣ। ਕਲਾ ਪਰਿਸ਼ਦ ਵੱਲੋਂ ਇਸ ਇਸ ਮੌਕੇ ਸ. ਕੰਵਲ ਨੂੰ ‘ਪੰਜਾਬ ਗੌਰਵ ਪੁਰਸਕਾਰ’ ਨਾਲ ਸਨਮਾਨਤ ਕੀਤਾ ਜਾਵੇਗਾ ਜਿਸ ਵਿੱਚ ਇਕ ਲੱਖ ਰੁਪਏ ਦੀ ਇਨਾਮ ਰਾਸ਼ੀ, ਦੋਸ਼ਾਲਾ ਤੇ ਸਨਮਾਨ ਪੱਤਰ ਸ਼ਾਮਲ ਹੋਵੇਗਾ।
ਪੰਜਾਬ ਕਲਾ ਪਰਿਸ਼ਦ ਦੇ ਮੀਡੀਆ ਕੋਆਰਡੀਨੇਟਰ ਨਿੰਦਰ ਘੁਗਿਆਣਵੀ ਨੇ ਦੱਸਿਆ ਕਿ ਕਲਾ ਪਰਿਸ਼ਦ ਵੱਲੋਂ ਦਿੱਤਾ ਜਾਣ ਵਾਲਾ ਸਨਮਾਨ ਸ. ਕੰਵਲ ਨੂੰ ਸੌਂਪਣ ਲਈ ਵਿਭਾਗ ਦੇ ਮੰਤਰੀ ਸ. ਸਿੱਧੂ, ਪਰਿਸ਼ਦ ਦੇ ਚੇਅਰਪਰਸਨ ਡਾ.ਪਾਤਰ ਤੇ ਸਕੱਤਰ ਜਨਰਲ ਡਾ.ਜੌਹਲ ਦੀ ਅਗਵਾਈ ਹੇਠ ਪਰਿਸ਼ਦ ਦੇ ਸਮੂਹ ਅਹੁਦੇਦਾਰ ਪਿੰਡ ਢੁੱਡੀਕੇ ਜਾਣਗੇ। ਉਨਾਂ ਦੱਸਿਆ ਕਿ ਸ.ਕੰਵਲ ਦੇ ਘਰ ਭਲਕੇ 26 ਜੂਨ ਨੂੰ ਸ਼ਾਮ ਛੇ ਵਜੇ ਇਸ ਸਨਮਾਨ ਦੇਣ ਮੌਕੇ ਪੰਜਾਬੀ ਦੇ ਉੱਘੇ ਨਾਵਲਕਾਰ, ਕਹਾਣੀਕਾਰ ਤੇ ਹੋਰ ਲੇਖਕ ਵੀ ਸ਼ਾਮਲ ਹੋਣਗੇ।