ਇੰਦਰਾ ਗਾਂਧੀ ਨੂੰ ਲੈ ਕੇ ਅਰੁਣ ਜੇਤਲੀ ਨੇ ਦਿੱਤਾ ਵਿਵਾਦਿਤ ਬਿਆਨ

ਨਵੀਂ ਦਿੱਲੀ— ਐਮਰਜੈਂਸੀ ਦੀ ਵਰ੍ਹੇਗੰਢ ‘ਤੇ ਬੀ.ਜੇ.ਪੀ ਦੇ ਸੀਨੀਅਰ ਨੇਤਾ ਅਤੇ ਵਿੱਤ ਮੰਤਰੀ ਅਰੁਣ ਜੇਤਲੀ ਨੇ ਇੰਦਰਾ ਗਾਂਧੀ ਦੀ ਤੁਲਨਾ ਹਿਟਲਰ ਨਾਲ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਹਿਟਲਰ ਦੀ ਤਰ੍ਹਾਂ ਇੰਦਰਾ ਗਾਂਧੀ ਵੀ ਸੀ। ਕੇਂਦਰੀ ਮੰਤਰੀ ਅਰੁਣ ਜੇਤਲੀ ਨੇ 1975 ਐਮਰਜੈਂਸੀ ਦੀ ਯਾਦ ਦਿਵਾਉਂਦੇ ਹੋਏ ਕਿਹਾ ਕਿ ਕਿਸ ਪ੍ਰਕਾਰ ਕਰੀਬ ਚਾਰ ਦਹਾਕੇ ਪਹਿਲੇ ਪ੍ਰਧਾਨਮੰਤਰੀ ਇੰਦਰਾ ਗਾਂਧੀ ਦੀ ਸਰਕਾਰ ਨੇ ਗਲਤ ਤਰੀਕੇ ਨਾਲ ਐਮਰਜੈਂਸੀ ਲਗਾਈ ਸੀ ਅਤੇ ਲੋਕਤੰਤਰ ਨੂੰ ਸੰਵਿਧਾਨਿਕ ਤਾਨਾਸ਼ਾਹੀ ‘ਚ ਬਦਲ ਦਿੱਤਾ ਗਿਆ ਸੀ। ਵਿੱਤ ਮੰਤਰੀ ਨੇ ਟਵੀਟ ਕਰਕੇ ਕਿਹਾ ਕਿ ਐਮਰਜੈਂਸੀ ਦੌਰਾਨ ਦੇਸ਼ ‘ਚ ਡਰ ਦਾ ਮਾਹੌਲ ਸੀ। ਆਰ.ਐਸ.ਐਸ ਅਤੇ ਵਿਰੋਧੀ ਧਿਰ ਰਾਜਨੀਤਿਕ ਦਲਾਂ ਦੇ ਨੇਤਾ ਉਸ ਦਾ ਵਿਰੋਧ ਕਰ ਰਹੇ ਸਨ ਅਤੇ ਲਗਾਤਾਰ ਸੱਤਿਆਗ੍ਰਹਿ ਕੀਤਾ ਜਾ ਰਿਹਾ ਸੀ। ਇੰਦਰਾ ਗਾਂਧੀ ਨੇ ਅਧਿਕਾਰਾਂ ਦੀ ਗਲਤ ਵਰਤੋਂ ਕਰਦੇ ਹੋਏ ਐਮਰਜੈਂਸੀ ਲਾਗੂ ਕੀਤੀ। ਉਨ੍ਹਾਂ ਨੇ ਇੰਦਰਾ ਗਾਂਧੀ ਦੇ ਉਸ ਕਦਮ ਦੀ ਤੁਲਨਾ ਜ਼ਰਮਨੀ ਦੇ ਸ਼ਾਸਕ ਐਡੋਲਫ ਹਿਟਲਰ ਨਾਲ ਕੀਤੀ। ਜੇਤਲੀ ਨੇ ਲਿਖਿਆ ਕਿ ਹਿਟਲਰ ਅਤੇ ਸ਼੍ਰੀਮਤੀ ਗਾਂਧੀ ਦੋਵਾਂ ਨੇ ਲੋਕਤੰਤਰ ਨੂੰ ਤਾਨਾਸ਼ਾਹੀ ‘ਚ ਬਦਲਣ ਲਈ ਸੰਵਿਧਾਨ ਦੀ ਵਰਤੋਂ ਕੀਤੀ। ਜੇਤਲੀ ਨੇ ਹਿਟਲਰ ਦੀ ਦਮਨਕਾਰੀ ਨੀਤੀਆਂ ਦਾ ਉਲੇਖ ਕਰਦੇ ਹੋਏ ਲਿਖਿਆ ਕਿ ਹਿਟਲਰ ਨੇ ਜ਼ਿਆਦਾਤਰ ਵਿਰੋਧੀ ਸੰਸਦ ਮੈਬਰਾਂ ਨੂੰ ਗ੍ਰਿਫਤਾਰ ਕਰ ਲਿਆ ਸੀ।
ਤੁਹਾਨੂੰ ਦੱਸ ਦਈਏ ਕਿ 25 ਜੂਨ 1975 ਦੀ ਅੱਧੀ ਰਾਤ ਨੂੰ ਐਮਰਜੈਂਸੀ ਦਾ ਐਲਾਨ ਕੀਤਾ ਗਿਆ। ਜੋ 21 ਮਾਰਚ 1977 ਤੱਕ ਜਾਰੀ ਰਿਹਾ। ਉਸ ਦੌਰਾਨ ਰਾਸ਼ਟਰਪਤੀ ਫਖਰੂੱਦੀਨ ਅਲੀ ਅਹਿਮਦ ਨੇ ਫਿਰ ਇੰਦਰਾ ਗਾਂਧੀ ਦੀ ਅਗਵਾਈ ਵਾਲੀ ਸਰਕਾਰ ਦੀ ਸਿਫਾਰਿਸ਼ ‘ਤੇ ਭਾਰਤੀ ਸੰਵਿਧਾਨ ਦੀ ਧਾਰਾ 352 ਦੇ ਅਧੀਨ ਦੇਸ਼ ‘ਚ ਐਮਰਜੈਂਸੀ ਦਾ ਐਲਾਨ ਕੀਤਾ ਸੀ।