ਚੰਡੀਗੜ – ਸੂਚਨਾ ਤੇ ਲੋਕ ਸੰਪਰਕ ਵਿਭਾਗ, ਪੰਜਾਬ ਵੱਲੋਂ ਸੂਚਨਾ ਦੇ ਤੁਰੰਤ ਪਸਾਰ ਨੂੰ ਯਕੀਨੀ ਬਨਾਉਣ ਲਈ ਅੱਜ ਆਪਣੇ ਅਧਿਕਾਰੀਆਂ ਵਾਸਤੇ ਫੇਸਬੁੱਕ ਦੀ ਵਿਸ਼ੇਸ਼ ਸਿਖਲਾਈ ਦਾ ਪ੍ਰਬੰਧ ਕੀਤਾ ਗਿਆ। ਫੇਸਬੁੱਕ ਦੇ ਭਾਰਤ, ਦੱਖਣ ਤੇ ਕੇਂਦਰੀ ਏਸ਼ੀਆ ਵਾਸਤੇ ਪਾਲਸੀ ਮੈਨੇਜਰ ਸ੍ਰੀ ਨਿਤਿਨ ਸਲੂਜਾ ਵੱਲੋਂ ਅਧਿਕਾਰੀਆਂ ਨੂੰ ਇਹ ਸਿਖਲਾਈ ਮੁਹੱਈਆ ਕਰਵਾਈ ਗਈ।
ਫੇਸਬੁੱਕ ਦੇ ਸਹਿਯੋਗ ਨਾਲ ਵਿਭਾਗ ਵੱਲੋਂ ਕਰਵਾਈ ਗਈ ਇਹ ਟ੍ਰੇਨਿੰਗ ਲਗਭਗ ਢਾਈ ਘੰਟੇ ਚੱਲੀ ਜਿਸ ਦੌਰਾਨ ਲੋਕ ਸੰਪਰਕ ਅਧਿਕਾਰੀਆਂ ਨੂੰ ਇਸ ਸੋਸ਼ਲ ਮੀਡੀਆ ਪਲੈਟਫਾਰਮ ਰਾਹੀਂ ਲੋਕਾਂ ਨਾਲ ਬਿਹਤਰ ਢੰਗ ਨਾਲ ਸੰਚਾਰ ਕਰਨ ਵਾਸਤੇ ਲੋੜੀਂਦੀ ਤਕਨੀਕੀ ਜਾਣਕਾਰੀ ਦਿੱਤੀ ਗਈ। ਇਸ ਟ੍ਰੇਨਿੰਗ ਸੈਸ਼ਨ ਦੌਰਾਨ ਮੁੱਖ ਮੰਤਰੀ ਪੰਜਾਬ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ-ਕਮ-ਲੋਕ ਸੰਪਰਕ ਵਿਭਾਗ ਦੇ ਸਕੱਤਰ ਸ. ਗੁਰਕਿਰਤ ਕ੍ਰਿਪਾਲ ਸਿੰਘ ਅਤੇ ਵਿਭਾਗ ਦੇ ਡਾਇਰੈਕਟਰ ਸ੍ਰੀਮਤੀ ਅਨਿੰਦਿਤਾ ਮਿੱਤਰਾ ਵੀ ਵਿਸ਼ੇਸ਼ ਤੌਰ ‘ਤੇ ਹਾਜਰ ਰਹੇ।
ਪੰਜਾਬ ਸਰਕਾਰ ਦੇ ਹੋਰਨਾਂ ਵਿਭਾਗਾਂ ਦੇ ਉਹ ਅਧਿਕਾਰੀ ਜੋ ਆਪਣੇ ਵਿਭਾਗ ਦਾ ਫੇਸਬੁੱਕ ਪੇਜ ਚਲਾਉਂਦੇ ਹਨ, ਨੇ ਵੀ ਇਸ ਟ੍ਰੇਨਿੰਗ ਸੈਸ਼ਨ ਦਾ ਲਾਭ ਉਠਾਇਆ।
ਟ੍ਰੇਨਿੰਗ ਸੈਸ਼ਨ ਦੌਰਾਨ ਸ੍ਰੀ ਨਿਤਿਨ ਸਲੂਜਾ ਨੇ ਫੇਸਬੁੱਕ ਪੇਜ ਬਨਾਉਣ ਅਤੇ ਇੰਨਾ ਨੂੰ ਬਿਹਤਰ ਢੰਗ ਨਾਲ ਚਲਾਉਣ ਲਈ ਬਹੁਤ ਵਿਸਤਾਰ ਸਹਿਤ ਜਾਣਕਾਰੀ ਦਿੱਤੀ। ਉਨਾੰ ਰੋਚਕ ਫੇਸਬੁੱਕ ਪੋਸਟ ਬਨਾਉਣ ਤੇ ਪੇਜ ਦੀ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚ ਬਨਾਉਣ ਸਬੰਧੀ ਵਿਸ਼ੇਸ਼ ਢੰਗ-ਤਰੀਕਿਆਂ ਤੋਂ ਜਾਣੂੰ ਕਰਵਾਉਣ ਦੇ ਨਾਲ-ਨਾਲ ਪੇਜ ਨੂੰ ਸੁਰੱਖਿਅਤ ਰੱਖਣ ਦੇ ਗੁਰ ਵੀ ਦੱਸੇ। ਟ੍ਰੇਨਿੰਗ ਸੈਸ਼ਨ ਦੇ ਪ੍ਰਸ਼ਨ-ਉੱਤਰ ਕਾਲ ਦੌਰਾਨ ਬੀਤੇ 2 ਸਾਲਾਂ ਤੋਂ ਵੱਧ ਅਰਸੇ ਤੋਂ ਫੇਸਬੁੱਕ ਨੂੰ ਲੋਕਾਂ ਤੱਕ ਜਾਣਕਾਰੀ ਪਹੁੰਚਾਉਣ ਲਈ ਵਰਤ ਰਹੇ ਲੋਕ ਸੰਪਰਕ ਅਧਿਕਾਰੀਆਂ ਨੇ ਕਈ ਸਵਾਲ ਤੇ ਪ੍ਰੇਸ਼ਾਨੀਆਂ ਸਾਂਝੀਆਂ ਕੀਤੀਆਂ ਜਿੰਨਾ ਦੇ ਸ੍ਰੀ ਨਿਤਿਨ ਨੇ ਢੁਕਵਾਂ ਹੱਲ ਪ੍ਰਦਾਨ ਕੀਤੇ।
ਇਥੇ ਜ਼ਿਕਰਯੋਗ ਹੈ ਕਿ ਸੂਚਨਾ ਤੇ ਲੋਕ ਸੰਪਰਕ ਵਿਭਾਗ, ਪੰਜਾਬ ਵੱਲੋਂ ਪੰਜਾਬ ਸਰਕਾਰ ਦੀਆਂ ਨੀਤੀਆਂ, ਪ੍ਰੋਗਰਾਮਾਂ ਅਤੇ ਪ੍ਰਾਪਤੀਆਂ ਨੂੰ ਲੋਕਾਂ ਨਾਲ ਸਾਂਝਾ ਕਰਨ ਅਤੇ ਉਨਾਂ ਨਾਲ ਸਿੱਧਾ ਰਾਬਤਾ ਕਾਇਮ ਕਰਨ ਲਈ ਪਹਿਲਾਂ ਤੋਂ ਹੀ ਰਾਜ ਅਤੇ ਜ਼ਿਲਾ ਪੱਧਰ ‘ਤੇ ਫੇਸਬੁੱਕ ਪੇਜ, ਟਵਿੱਟਰ ਹੈਂਡਲ ਅਤੇ ਯੂਟਿਯੂਬ ਵਰਗੇ ਸੋਸ਼ਮ ਮੀਡੀਆ ਪਲੈਟਫਾਰਮਾਂ ਦੀ ਵਰਤੋਂ ਕੀਤੀ ਜਾ ਰਹੀ ਹੈ।















