ਮੁਹੰਮਦ ਸ਼ਮੀ ਦੀ ਟੀਮ ‘ਚ ਵਾਪਸੀ ਲਈ ਦੁਆ ਕਰ ਰਹੀ ਹੈ ਟੀਮ ਇੰਡੀਆ

ਨਵੀਂ ਦਿੱਲੀ – ਭਾਰਤ ਅਤੇ ਅਫ਼ਗ਼ਾਨਿਸਤਾਨ ਵਿਚਕਾਰ ਖੇਡੇ ਜਾਣ ਵਾਲੇ ਇਤਿਹਾਸਕ ਟੈੱਸਟ ਮੈਚ ਤੋਂ ਪਹਿਲਾਂ ਟੀਮ ਇੰਡੀਆ ਨੂੰ ਵੱਡਾ ਝਟਕਾ ਲੱਗਾ ਹੈ। ਭਾਰਤੀ ਕ੍ਰਿਕਟ ਟੀਮ ਦੇ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਇਸ ਟੈੱਸਟ ਤੋਂ ਬਾਹਰ ਹੋ ਗਏ ਹਨ। ਜਾਣਕਾਰੀ ਮੁਤਾਬਿਕ ਮੁਹੰਮਦ ਸ਼ਮੀ ਯੋ-ਯੋ ਟੈੱਸਟ ਪਾਸ ਨਹੀਂ ਕਰ ਸਕੇ। ਹੁਣ ਉਨ੍ਹਾਂ ਦੀ ਜਗ੍ਹਾ ਦਿੱਲੀ ਦੇ ਤੇਜ਼ ਗੇਂਦਬਾਜ਼ ਨਵਦੀਪ ਸੈਣੀ ਨੂੰ ਟੀਮ ‘ਚ ਸ਼ਾਮਿਲ ਕੀਤਾ ਗਿਆ ਹੈ। ਹਾਲਾਂਕਿ ਇਸ 28 ਸਾਲਾ ਗੇਂਦਬਾਜ਼ ਦੀ ਟੀਮ ਨੂੰ ਕਿੰਨੀ ਜ਼ਰੂਰਤ ਹੈ ਇਹ ਉਨ੍ਹਾਂ ਦੀ ਗ਼ੈਰ ਮੌਜੂਦਗੀ ‘ਚ ਝਲਕਣ ਲੱਗਦਾ ਹੈ। ਅਫ਼ਗ਼ਾਨਿਸਤਾਨ ਖਿਲਾਫ਼ 14 ਤਾਰੀਖ ਨੂੰ ਸ਼ੁਰੂ ਹੋਣ ਜਾ ਰਹੇ ਇਤਿਹਾਸਕ ਟੈੱਸਟ ਮੈਚ ਤੋਂ ਪਹਿਲਾਂ ਟੀਮ ਇੰਡੀਆ ਵਲੋਂ ਸ਼ਮੀ ਨੂੰ ਲੈ ਕੇ ਇੱਕ ਵੱਡਾ ਬਿਆਨ ਸਾਹਮਣੇ ਆਇਆ ਹੈ।
ਦਰਅਸਲ ਟੀਮ ਦੇ ਗੁਪਤ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾੁਬਕ ਟੀਮ ਇੰਡੀਆ ਚਾਹੁੰਦੀ ਹੈ ਕਿ ਸ਼ਮੀ ਜਲਦ ਤੋਂ ਜਲਦ ਫ਼ਿਟ ਹੋ ਕੇ ਟੀਮ ‘ਚ ਵਾਪਸੀ ਕਰੇ। ਅਫ਼ਗ਼ਾਨਿਸਤਾਨ ਤੋਂ ਬਾਅਦ ਭਾਰਤ ਨੂੰ ਇੰਗਲੈਂਡ ਦੌਰੇ ਲਈ ਰਵਾਨਾ ਹੋਣਾ ਹੈ। ਅਜਿਹੇ ‘ਚ, ਟੀਮ ਨੂੰ ਆਪਣੇ ਸਭ ਤੋਂ ਤਜਰਬੇਕਾਰ ਗੇਂਦਬਾਜ਼ ਦੀ ਜ਼ਰੂਰਤ ਹੈ, ਅਤੇ ਸਭ ਚਾਹੁੰਦੇ ਹਨ ਕਿ ਸ਼ਮੀ ਜਲਦ ਸ਼ਰੀਰਿਕ ਅਤੇ ਮਾਨਸਿਕ ਰੂਪ ਤੋਂ ਫ਼ਿੱਟ ਹੋ ਕੇ ਵਾਪਸੀ ਕਰੇ। ਟੀਮ ਇੰਡੀਆ ਦੇ ਸੂਤਰਾਂ ਦਾ ਕਹਿਣਾ ਹੈ ਕਿ ਅਫ਼ਗ਼ਾਨਿਸਤਾਨ ਖ਼ਿਲਾਫ਼ ਟੈੱਸਟ ਦੌਰਾਨ ਸ਼ਮੀ ਆਰਾਮ ਕਰਨ ਅਤੇ ਖ਼ੁਦ ਨੂੰ ਲੈਅ ‘ਚ ਲਿਆਉਣ ਲਈ ਆਪਣਾ ਯਤਨ ਜਾਰੀ ਰੱਖੇ। ਟੀਮ ਇੰਡੀਆ ਦੀ ਮੈਨੇਜਮੈਂਟ ਸ਼ਮੀ ਦੇ ਨਾਲ ਹੈ ਅਤੇ ਉਹ ਉਸ ਨੂੰ ਹਰ ਸੰਭਵ ਮਦਦ ਦੇਣ ਲਈ ਤਿਆਰ ਹੈ।