ਡਾ. ਮਨਜੀਤ ਸਿੰਘ ਬੱਲ
ਮੈਡੀਕਲ, ਇਸਤਰੀ-ਰੋਗਾ× ਤੇ ਹੱਡੀਆਂ ਦੇ ਰੋਗਾਂ (ਆਰਥੋ) ਦੇ ਓਪੀਡੀ ਵਿੱਚ ਲੱਕ ਦੀ ਪੀੜ ਦੀ ਸ਼ਿਕਾਇਤ ਵਾਲੇ ਰੋਗੀ ਆਮ ਹੀ ਹੁੰਦੇ ਹਨ। ਪੱਠਿਆਂ, ਰੀੜ੍ਹ ਦੀ ਹੱਡੀ ਦੇ ਜੋੜਾਂ, ਸੁਖਮਣਾ ਨਾੜੀ ਦੀਆਂ ਸ਼ਾਖ਼ਾਵਾਂ ਤੇ ਇਨ੍ਹਾਂ ਦੇ ਨਾਲ ਪਏ ਅੰਗਾਂ ਜਾਂ ਤੰਤੂਆਂ ਅਤੇ ਹੱਡੀਆਂ ਤੋਂ ਉਤਪੰਨ ਹੁੰਦੀ ਹੈ ਪਿੱਠ ਦੀ ਦਰਦ। ਹੋ ਸਕਦਾ ਹੈ, ਐਸੀ ਪੀੜ ਇੱਕ ਦਮ ਸ਼ੁਰੂ ਹੋਈ ਹੋਵੇ (ਐਕਿਊਟ) ਤੇ ਇੱਕ ਦੋ ਦਿਨਾਂ ਤੋਂ ਹੀ ਹੋਵੇ; ਜਾਂ ਫ਼ਿਰ ਕਈ ਦਿਨਾਂ ਜਾਂ ਮਹੀਨਿਆਂ ਤੋਂ (ਕਰੋਨਿਕ) ਤੇ ਰੁਕ ਰੁਕ ਕੇ ਹੁੰਦੀ ਹੋਵੇ। ਰੀੜ੍ਹ ਦੀ ਹੱਡੀ (ਸਪਾਈਨ) ਬੜਾ ਹੀ ਗੁੰਝਲਦਾਰ ਅੰਗ ਹੈ। ਇਹਦੇ ਅੰਦਰ ਸੁਖਮਣਾਂ ਨਾੜੀ, ਮਣਕਣਿਆਂ ਦੇ ਜੋੜ, ਪੱਠੇ, ਟੈਂਡਨ, ਲਿਗਾਮੈਂਟਸ ਤੇ ਮਣਕਣਿਆਂ (ਵਰਟਿਬਰਾ) ਦੇ ਵਿੱਚੋਂ ਦੀ ਸੁਖਮਣਾਂ ਨਾੜੀ ਅਤੇ ਇਸ ਦੀਆਂ ਸ਼ਾਖ਼ਾਵਾਂ, ਬਾਹਵਾਂ ਤੇ ਲੱਤਾਂ ਵੱਲ ਜਾਂਦੀਆਂ ਹਨ। ਸੋ ਕਈ ਵਾਰ ਪੀੜ, ਲੱਕ ਦੇ ਵਿੱਚਕਾਰੋਂ ਬਾਹਵਾਂ ਜਾਂ ਲੱਤਾਂ ਵੱਲ ਜਾਂਦੀ ਹੈ (ਰੇਡੀਏਟਿੰਗ)। ਇਹਦੇ ਨਾਲ ਹੱਥਾਂ-ਪੈਰਾਂ ਦੀਆਂ ਉਂਗਲੀਆਂ ਸੁੰਨ ਹੋਣ ਦੀ ਜਾਂ ‘ਕੀੜੀਆਂ ਤੁਰਨ’ ਦੀ ਸ਼ਿਕਾਇਤ ਵੀ ਹੋ ਸਕਦੀ ਹੈ।
ਪਿੱਠ ਦਰਦ ਉਪਰ ਧੌਣ ਜਾਂ ਸੀਨੇ ਦੇ ਪਿਛਲੇ ਪਾਸੇ ਜਾਂ ਮੌਰਾਂ ਵਿੱਚ, ਹੇਠਲੇ ਭਾਗ ਜਾਂ ਲੱਕ ਵਿੱਚ ਤੇ ਰੀੜ੍ਹ ਦੀ ਹੱਡੀ ਦੇ ਆਖ਼ਰ ਵਿੱਚ ਕਿਸੇ ਜਗ੍ਹਾ ‘ਤੇ ਵੀ ਹੋ ਸਕਦੀ ਹੈ। ਕਈ ਅਧਿਐਨ ਦਰਸਾਉਂਦੇ ਹਨ ਕਿ 95 ਫ਼ੀਸਦ ਕੇਸਾਂ ਵਿੱਚ ਕੋਈ ਖ਼ਾਸ ਮੈਡੀਕਲ ਕਾਰਨ ਨਹੀਂ ਮਿਲਦਾ। ਹੋ ਸਕਦਾ ਹੈ ਇਹ ਮੰਜੇ ਜਾਂ ਗੱਦਿਆਂ ਕਰ ਕੇ ਹੋਵੇ। ਕੁਝ ਹੋਰ ਖੋਜੀਆਂ ਅਨੁਸਾਰ, ਕੰਮ ਕਰਨ ਵਾਲੀ ਜਗ੍ਹਾ (ਦਫ਼ਤਰ) ਦੇ ਤਣਾਅ ਅਤੇ ਪਰਿਵਾਰਿਕ ਰਿਸ਼ਤਿਆਂ ਦੀਆਂ ਸਮੱਸਿਆਵਾਂ ਇਸ ਤਰ੍ਹਾਂ ਦੀ ਪਿੱਠ ਦਰਦ ਦਾ ਕਾਰਨ ਹੁੰਦੀਆਂ ਹਨ ਪਰ ਕੁਝ ਫ਼ੀਸਦ ਕੇਸਾਂ ਵਿੱਚ ਕਿਸੇ ਗੰਭੀਰ ਰੋਗ ਕਰ ਕੇ ਐਸੀ ਦਰਦ ਹੋ ਸਕਦੀ ਹੈ ਜਿਵੇਂ:
1. ਲੱਕ ਦੀ ਅਸਹਿਣਯੋਗ ਪੀੜ ਜੋ ਨੀਂਦ ਨਾ ਆਉਣ ਦੇਵੇ, ਨਾਲ ਬੁਖ਼ਾਰ ਹੋਵੇ, ਕਿਸੇ ਸੱਟ (ਐਕਸੀਡੈਂਟ ਜਾਂ ਡਿੱਗਣ ਕਰ ਕੇ) ਤੋਂ ਬਾਅਦ ਪੱਠਿਆਂ, ਜਾਂ ਲਿਗਾਮੈਂਟਸ ਦੇ ਨੁਕਸਾਨੇ ਜਾਣ ਕਰ ਕੇ ਜਾਂ ਹੱਡੀ ਦੇ ਫ਼ਰੈਕਚਰ ਕਰ ਕੇ ਹੁੰਦੀ ਹੈ। ਗੁਰਦੇ ਜਾਂ ਯੁਰੇਟਰ ਦੀ ਪਥਰੀ ਦੀ ਅਸਹਿਣਯੋਗ ਪੀੜ ਪੇਟ ਦੇ ਨਾਲ ਨਾਲ ਲੱਕ ਵਿੱਚ ਹੀ ਹੁੰਦੀ ਹੈ।
2. ਹੱਡੀਆਂ ਪੋਲੀਆਂ ਹੋਣ ਵਾਲੀ ਬਿਮਾਰੀ (ਓਸਟੀਓਪੋਰੋਸਿਸ) ਜਾਂ ਹੱਡੀਆਂ ਦੇ ਕੈਂਸਰ (ਮਾਇਲੋਮਾ) ਦੇ ਮਰੀਜ਼ਾਂ ਨੂੰ ਲੱਕ ਦਰਦ ਹੋਣਾ ਗੰਭੀਰ ਚਿਤਾਵਨੀ ਹੁੰਦੀ ਹੈ ਜਿਸ ਵੱਲ ਫ਼ੌਰੀ ਤੌਰ ‘ਤੇ ਧਿਆਨ ਦੇਣ ਦੀ ਜ਼ਰੂਰਤ ਹੁੰਦੀ ਹੈ।
3. ਜੇ ਪਹਿਲਾਂ ਤੋਂ ਅੰਤੜੀ ਜਾਂ ਮਸਾਨੇ ਦੀ ਸਮੱਸਿਆ ਹੋਵੇ ਤੇ ਕੁਝ ਸਮੇਂ ਤੋਂ ਲੱਤਾਂ ਦੀ ਕਮਜ਼ੋਰੀ ਵਧ ਰਹੀ ਹੋਵੇ ਤਾਂ ਹੋ ਸਕਦਾ ਹੈ ਇਨ੍ਹਾਂ ਅੰਗਾਂ ਦਾ ਕੈਂਸਰ, ਰੀੜ੍ਹ ਦੀਆਂ ਹੱਡੀਆਂ ਵਿੱਚ ਫ਼ੈਲ ਗਿਆ ਹੋਵੇ।
4. ਜਿਨ੍ਹਾਂ ਨੂੰ ਕੈਂਸਰ ਦਾ ਰੋਗ (ਖ਼ਾਸ ਕਰ ਕੇ ਗਦੂਦਾ, ਫ਼ੇਫ਼ੜਿਆਂ, ਥਾਇਰਾਇਡ, ਛਾਤੀ) ਹੋਵੇ, ਉਨ੍ਹਾਂ ਵਿੱਚ ਲੱਕ ਦੀ ਪੀੜ ਹੋਣਾ ਵੀ, ਰੀੜ੍ਹ ਦੀ ਹੱਡੀ ਵਿੱਚ ਫ਼ੈਲਣ ਦਾ ਸੰਕੇਤ ਹੋ ਸਕਦਾ ਹੈ।
ਲੱਕ ਪੀੜ ਦੇ ਵਧੇਰੇ ਕੇਸਾਂ ਵਿੱਚ ਇੱਕ ਦਮ ਮੈਡੀਕਲ ਸਹਾਇਤਾ ਦੀ ਜ਼ਰੂਰਤ ਨਹੀਂ ਹੁੰਦੀ, ਆਮ ਕਰ ਕੇ ਇਹ ਛੋਟੀ ਮੋਟੀ ਦਵਾ, ਜਾਂ ਮਲ਼ਾਉਣ ਨਾਲ ਵੀ ਠੀਕ ਹੋ ਜਾਂਦੀ ਹੈ। ਅਗਰ ਇਹ ਪੱਠਿਆਂ ਦੀ ਖਿੱਚ, ਥਕਾਵਟ, ਤਣਾਅ ਆਦਿ ਕਰ ਕੇ ਹੋਵੇ ਤਾਂ ਕੁਝ ਦਿਨ ਆਰਾਮ, ਦਰਦ ਨਿਵਾਰਕ ਦਵਾਈਆਂ ਜਾਂ ਮਾਲ਼ਸ਼ ਨਾਲ ਠੀਕ ਹੋ ਜਾਂਦੀ ਹੈ। ਜੇ ਕਿਸੇ ਲਿਗਾਮੈਂਟਸ ਜਾਂ ਟੈਂਡਨ ਦੀ ਸੋਜ ਕਰ ਕੇ ਹੋਵੇ ਤਾਂ ਇਹ ਦੋ ਹਫ਼ਤੇ ਤੋਂ ਦੋ ਮਹੀਨੇ ਦੇ ਸਮੇਂ ਤੱਕ ਚਲਦੀ ਹੈ।
ਗਰਭ ਅਵਸਥਾ ਦੌਰਾਨ ਲੱਕ ਦਰਦ: ਇਸ ਅਵਸਥਾ ਵਿੱਚ 50 ਫ਼ੀਸਦ ਬੀਬੀਆਂ ਨੂੰ ਲੱਕ ਪੀੜ ਦੀ ਸਮੱਸਿਆ ਹੁੰਦੀ ਹੈ। ਉਂਜ ਇਸ ਦਾ ਪੇਟ ਅੰਦਰ ਪਲ ਰਹੇ ਬੱਚੇ ਜਾਂ ਔਰਤ (ਜੱਚਾ) ‘ਤੇ ਕੋਈ ਬੁਰਾ ਪ੍ਰਭਾਵ ਪੈਣ ਦਾ ਖ਼ਤਰਾ ਨਹੀਂ ਹੁੰਦਾ। ਵਿਕਸਤ ਹੋ ਰਹੇ ਬੱਚੇ ਕਰ ਕੇ ਬੱਚੇਦਾਨੀ ਦੇ ਵਧ ਰਹੇ ਸਾਈਜ਼ ਨਾਲ ਗੁਰੂਤਾ ਕੇਂਦਰ ਆਪਣੀ ਜਗ੍ਹਾ ਤੋਂ ਸ਼ਿਫ਼ਟ ਹੋ ਜਾਂਦਾ ਹੈ, ਪੇਟ ਦੇ ਪੱਠੇ ਖਿੱਚੇ ਜਾਂਦੇ ਹਨ ਤੇ ਕੁਝ ਕਮਜ਼ੋਰ ਹੋ ਜਾਂਦੇ ਹਨ। ਇਨ੍ਹਾਂ ਤਬਦੀਲੀਆਂ ਨਾਲ, ਖੜ੍ਹੇ ਹੋਣ ਤੇ ਤੁਰਨ ਵੇਲੇ, ਆਸਣ (ਪੋਸਚਰ) ਬਦਲ ਜਾਂਦਾ ਹੈ ਜਿਸ ਨਾਲ ਪਿੱਠ ‘ਤੇ ਬੋਝ ਪੈਂਦਾ ਹੈ ਤੇ ਦਰਦ ਰਹਿੰਦੀ ਹੈ। ਕਈ ਕੇਸਾਂ ਵਿੱਚ ਕੋਈ ‘ਨਰਵ’ ਦਬਣ (ਪ੍ਰੈਸ ਹੋਣ) ਕਰ ਕੇ ਵੀ ਪਿੱਠ ਦਰਦ ਹੋ ਸਕਦੀ ਹੈ। ਵਧ ਰਹੇ ਭਾਰ ਦਾ ਪੱਠਿਆਂ ਅਤੇ ਜੋੜਾਂ ‘ਤੇ ਵਾਧੂ ਬੋਝ ਪੈਣਾ ਵੀ ਪਿੱਠ ਦਰਦ ਦਾ ਕਾਰਨ ਬਣਦਾ ਹੈ, ਖ਼ਾਸ ਕਰ ਕੇ ਸ਼ਾਮ ਵੇਲੇ। ਹਾਰਮੋਨਜ਼ ਦੀਆਂ ਤਬਦੀਲੀਆਂ ਵੀ ਲਗਾਤਾਰ ਹੋ ਰਹੀਆਂ ਹੁੰਦੀਆਂ ਹਨ। ਸਹੀ ਤਰੀਕੇ ਨਾਲ ਖੜ੍ਹੇ ਹੋਣ, ਬੈਠਣ, ਲੇਟਣ, ਭਾਰੀ ਚੀਜ਼ ਚੁੱਕਣ ਤੇ ਵਰਜ਼ਿਸ਼ ਕਰਨ ਨਾਲ ਇਸ ਤਰ੍ਹਾਂ ਦੀ ਪੀੜ ਤੋਂ ਬਚਿਆ ਜਾ ਸਕਦਾ ਹੈ। ਕਸਰਤ ਦੇ ਤਰੀਕੇ (ਏਰੋਬਿਕਸ) ਰੋਜ਼ ਦੀਆਂ ਤਣਾਅ ਰਹਿਤ ਗਤੀਵਿਧੀਆਂ ਤੇ ਸਰੀਰ ਦਾ ਸੰਤੁਲਿਤ ਭਾਰ, ਪਿੱਠ ਦਰਦ ਤੋਂ ਬਚਾਅ ਕਰਦੇ ਹਨ। ਸਰੀਰ ਦੇ ਤੰਤੂਆਂ ਦੀ ਕਿਸੇ ਵੀ ਤਰ੍ਹਾਂ ਦੀ ਟੁੱਟ-ਭੱਜ ਦੀ ਮੁਰੰਮਤ ਵਿੱਚ ਸਿਗਰਿਟਨੋਸ਼ੀ ਵਿਘਨ ਪਾਉਂਦੀ ਹੈ, ਸੋ ਇਸ ਨੂੰ ਬਿਲਕੁਲ ਬੰਦ ਕਰ ਦੇਣਾ ਸਹੀ ਕਦਮ ਹੈ।
ਜੇ ਲੱਕ ਦੀ ਪੀੜ ਨੂੰ ਕੰਟਰੋਲ ਨਾ ਕਰ ਸਕੋ, ਇਹ ਲੰਮਾ ਸਮਾਂ ਚੱਲੇ ਤਾਂ ਇਸ ਤੋਂ ਕਈ ਤਰ੍ਹਾਂ ਦੀਆਂ ਉਲਝਣਾਂ ਪੈਦਾ ਹੋ ਸਕਦੀਆਂ ਹਨ ਜਿਨ੍ਹਾਂ ਨੂੰ ਹੱਲ ਕਰਨਾ ਔਖਾ ਤੇ ਕਈ ਗੁਣਾ ਮਹਿੰਗਾ ਹੋ ਸਕਦਾ ਹੈ।
ਹੋਰ ਬਿਮਾਰੀਆਂ ਜੋ ਲੱਕ ਦਰਦ ਪੈਦਾ ਕਰਦੀਆਂ ਹਨ:
ਂ ਪਿੱਤੇ ਜਾਂ ਮਿਹਦੇ ਦੀ ਤਕਲੀਫ਼
ਂ ਅਪੈਂਡਿਸਾਇਟਿਸ
ਂ ਨਿਮੋਨੀਆ
ਾਂਗੁਰਦੇ ਦੀ ਇਨਫ਼ੈਕਸ਼ਨ
ਂ ਔਰਤਾਂ ਵਿੱਚ ਜਨਣ-ਅੰਗਾਂ ਦੀ ਲਾਗ (ਇਨਫ਼ੈਕਸ਼ਨ)
ਂ ਬੱਚੇਦਾਨੀ ਦੇ ਮੂੰਹ (ਸਰਵਿਕਸ) ਦੇ ਕੈਂਸਰ ਦੀ ‘ਰੈਫ਼ਰਡ ਪੇਨ’ ਲੱਕ ਵਿੱਚ ਹੋ ਸਕਦੀ ਹੈ
ਂ ਓਸਟੀਓਪੋਰੋਸਿਸ
ਂਹੱਡੀਆਂ ਦੀ ਇਨਫ਼ੈਕਸ਼ਨ (ਓਸਟੀਓ-ਮਾਇਲਾਇਟਸ)
ਂ ਰੀੜ੍ਹ ਦੀ ਹੱਡੀ ਦੇ ਛੇਕ ਤੰਗ ਹੋ ਜਾਣ ਕਰ ਕੇ ਸੁਖਮਣਾਂ ਨਾੜੀ ਦੀਆਂ ਸ਼ਾਖ਼ਾਵਾਂ ਦੱਬੀਆਂ ਜਾਣ ਨਾਲ ਵੀ ਲੱਕ ਦਰਦ ਹੁੰਦੀ ਹੈ।
ਇਸ ਦੁੱਖ ਦਾ ਨਿਵਾਰਣ ਕਿਵੇਂ ਕਰੀਏ?
ਨਿਵਾਰਣ ਦੇ ਟੀਚੇ
1. ਜਿੰਨੀ ਜਲਦ ਹੋ ਸਕੇ ਤੇ ਜਿੰਨੀ ਜ਼ਿਆਦਾ ਪੀੜਾ ਘਟਾਉਣਾ
2. ਰੋਜ਼-ਮੱਰਾ ਦੀਆ ਗਤੀਵਿਧੀਆਂ ਨੂੰ ਮੁੜ ਲੀਹ ‘ਤੇ ਲਿਆਉਣਾ। ਮੁਕੰਮਲ ਦਰਦ ਠੀਕ ਨਾ ਹੋਈ ਹੋਵੇ ਤਾਂ ਰੋਗੀ ਨੂੰ ਰਹਿੰਦੀ ਦਰਦ ਨਾਲ ਥੋੜ੍ਹਾ ਥੋੜ੍ਹਾ ਤੁਰਨ-ਫ਼ਿਰਨ, ਕੰਮ-ਕਾਰ ਕਰਨ ਲਈ ਤਿਆਰ ਕਰਨਾ
3. ਜੋ ਵੀ ਦਵਾ ਦਿੱਤੀ ਗਈ (ਜਾ ਰਹੀ) ਹੈ, ਉਸ ਦੇ ਬੁਰੇ ਅਸਰਾਂ ਦਾ ਅੰਦਾਜ਼ਾ ਰੱਖਣਾ ਕਿਉਂਕਿ ਵੱਖ ਵੱਖ ਰੋਗੀਆਂ ਵਿੱਚ ਲੱਕ ਦਰਦ ਦੇ ਵੱਖ ਵੱਖ ਕਾਰਨ ਹਨ, ਇਸ ਲਈ ਸਾਰਿਆਂ ਵਾਸਤੇ ਇਲਾਜ ਦਾ ਇੱਕੋ ਤਰੀਕਾ ਨਹੀਂ ਹੋ ਸਕਦਾ।
ਕਈਆਂ ਦਾ ਦੁੱਖ ਨਿਵਾਰਣ ਸੇਕ ਦੇਣ ਨਾਲ ਹੀ ਹੋ ਸਕਦਾ ਹੈ ਜਿਨ੍ਹਾਂ ਦੇ ਪੱਠੇ ਖਿੱਚੇ ਹੋਣ। ਕਈਆਂ ਵਾਸਤੇ ਗਰਮ ਪਾਣੀ ਦੀ ਟਕੋਰ (ਹੌਟ ਸ਼ਾਵਰ ਜਾਂ ਗਰਮ ਪਾਣੀ ਦੇ ਟੱਬ ਵਿੱਚ ਇਸ਼ਨਾਨ) ਲਾਹੇਵੰਦ ਰਹਿੰਦਾ ਹੈ। ਇਸ ਦੇ ਉਲਟ ਦੂਸਰਿਆਂ ਨੂੰ ਠੰਢੇ ਇਲਾਜ, ਅਰਥਾਤ ਬਰਫ਼ (ਆਇਸ ਪੈਕ ਐਪਲੀਕੇਸ਼ਨ) ਨਾਲ ਆਰਾਮ ਮਿਲਦਾ ਹੈ। ਮੁਆਇਨੇ ਤੇ ਮੁਕੰਮਲ ਜਾਂਚ ਉਪਰੰਤ, ਦਰਦ ਦੀਆਂ ਗੋਲੀਆਂ ਨਸੈਡ, ਐਸਟਾਮਾਇਨੋਫ਼ੈਨ ਆਦਿ ਦਵਾਈਆਂ ਦਿੱਤੀਆਂ ਜਾਂਦੀਆਂ ਹਨ।
ਮਾਲ਼ਸ਼ ਵਾਲੇ ਜੋ ਸੜਕਾਂ ਦੇ ਕਿਨਾਰੇ ਹੀ ਆਪਣਾ ਅੱਡੇ ਬਣਾ ਕੇ ਬੈਠੇ ਹੁੰਦੇ ਹਨ, ਦੀ ਮਾਲ਼ਸ਼ ਨਾਲ ਭਾਵੇਂ ਕੁਝ ਦਿਨਾਂ ਲਈ ਆਰਾਮ ਮਹਿਸੂਸ ਹੋਵੇ ਪਰ ਕਈ ਵਾਰ ਨੁਕਸਾਨ ਹੋ ਸਕਦਾ ਹੈ। ਕੁਆਲੀਫ਼ਾਇਡ ਫ਼ਿਜ਼ਿਓਥੈਰੇਪਿਸਟ ਕੋਲੋਂ ਵਿਗਿਆਨਕ ਢੰਗ ਨਾਲ ਮਾਲ਼ਸ਼ ਕਰਾਉਣਾ ਸਹੀ ਤਰੀਕਾ ਹੈ। ਕਈ ਕੇਸਾਂ ਵਿੱਚ ਐਕਿਊਪ੍ਰੈਸ਼ਰ ਵੀ ਕਾਰਗਰ ਸਾਬਤ ਹੁੰਦਾ ਹੈ। ਦਰਦ ਦੇ ਕਾਰਨ ਮੁਤਾਬਿਕ ਬੈਠਣ, ਲੇਟਣ, ਸੌਣ ਦੇ ਸਹੀ ਆਸਣ ਅਪਨਾਉਣੇ ਚਾਹੀਦੇ ਹਨ। ਪਿੱਠ ਦਰਦ ਦੇ ਸਿਰਫ਼ ਇੱਕ ਤੋਂ ਸੱਤ ਫ਼ੀਸਦ ਕੇਸਾਂ ਵਿੱਚ ਹੀ ਸਰਜਰੀ (ਡਿਸਕ, ਮਣਕਣੇ ਦੀ ਹੱਡੀ ਟੁੱਟੀ ਹੋਣ ਕਰ ਕੇ ਆਦਿ) ਦੀ ਲੋੜ ਪੈਂਦੀ ਹੈ।
ਸੰਪਰਕ: 83508-00237










