ਡਾ. ਅਜੀਤਪਾਲ ਸਿੰਘ
ਪਿਸ਼ਾਬ ਦੇ ਬਲੈਡਰ ਤੇ ਗੁਰਦੇ ਦੇ ਕੈਂਸਰ ਦੇ ਕਾਰਨ ਅਤੇ ਲੱਛਣ ਇੱਕੋ ਜਿਹੇ ਹੁੰਦੇ ਹਨ। ਗਰਭ ਕਾਲ ‘ਚ ਕੁੱਖ ਅੰਦਰ ਜਦ ਬੱਚਾ ਵਧਦਾ ਫ਼ੁੱਲਦਾ ਤੇ ਵਿਕਾਸ ਕਰਦਾ ਹੈ ਤਾਂ ਉਦੋਂ ਉਸ ਦੇ ਸਰੀਰ ਵਿੱਚ ਗੁਰਦੇ ਵੀ ਬਣਨ ਲੱਗਦੇ ਹਨ ਪਰ ਕਈ ਵਾਰ ਗੁਰਦ ਬਣਾਉਣ ਵਾਲੇ ਤੰਤੂਆਂ ਦਾ ਵਿਕਾਸ ਇੰਨੀ ਤੇਜ਼ ਰਫ਼ਤਾਰ ਨਾਲ ਹੋਣ ਲੱਗਦਾ ਹੈ ਅਤੇ ਉਸੇ ਅਨੁਪਾਤ ਵਿੱਚ ਉਹ ਦਾ ਵਾਧਾ ਇੰਨਾ ਹੁੰਦਾ ਹੈ ਕਿ ਉਹ ਕੈਂਸਰ ਵਰਗੇ ਭਿਅੰਕਰ ਰੋਗ ਦਾ ਰੂਪ ਧਾਰਨ ਕਰ ਲੈਂਦਾ ਹੈ। ਗੁਰਦੇ ਅੰਦਰ ਛੋਟੀਆ ਜਾਂ ਵੱਡੀਆ ਨਲਿਕਾਵਾਂ ਰਾਹੀਂ ਇਹ ਪੈਦਾ ਹੋ ਸਕਦਾ ਹੈ। ਫ਼ਿਰ ਵੀ ਇਹ ਦੇਖਿਆ ਗਿਆ ਹੈ ਕਿ ਜ਼ਿਆਦਾਤਰ ਛੋਟੀਆਂ ਨਲਿਕਾਵਾਂ ਰਾਹੀਂ ਹੀ ਇਸ ਦੀ ਉਤਪਤੀ ਹੁੰਦੀ ਹੈ।
ਰੀਨਲ ਪੈਲਵਿਸ ਵਿੱਚ ਜਦ ਪਥਰੀ ਪੈ ਜਾਂਦੀ ਹੈ ਤਾਂ ਉਸ ਅਵਸਥਾ ਵਿੱਚ ਇਹੀ ਉਸ ਦੀ ਉਤਪਤੀ ਦਾ ਕਾਰਨ ਬਣ ਜਾਂਦਾ ਹੈ। ਪਥਰੀ ਕਾਰਨ ਰੀਨਲ ਪੈਲੇਸ ਵਿੱਚ ਇਨਫ਼ੈਕਸ਼ਨ ਵੀ ਹੋਣ ਲੱਗਦੀ ਹੈ ਅਤੇ ਇਸ ਪਿੱਛੋਂ ਕੈਂਸਰ ਵਿੱਚ ਤਬਦੀਲ ਹੋ ਜਾਂਦਾ ਹੈ। ਔਰਤ ਮਰਦ ਦੋਹਾਂ ਦੇ ਸਰੀਰ ਵਿੱਚ ਉਸ ਦੀ ਉਤਪਤੀ ਹੋ ਸਕਦੀ ਹੈ। ਫ਼ੇਫ਼ੜੇ ਜਾਂ ਕਿਸੇ ਹੋਰ ਥਾਂ ਦੇ ਕੈਂਸਰ ਵਿੱਚ ਜਿੱਥੇ ਔਰਤ ਮਰਦ ਦੀ ਔਸਤ ਵਿੱਚ ਫ਼ਰਕ ਹੁੰਦਾ ਹੈ, ਗੁਰਦੇ ਦੇ ਕੈਂਸਰ ਚ ਇਹ ਕੋਈ ਔਸਤ ਨਹੀਂ ਹੈ। ਹਾਂ, ਪਿਸ਼ਾਬ ਦੇ ਬਲੇਡ ਵਿੱਚ ਕਿਸੇ ਪ੍ਰਕਾਰ ਦੀ ਔਸਤ ਹੋ ਸਕਦੀ ਹੈ। ਇਹ ਕੈਂਸਰ ਔਰਤਾਂ ਚ ਵੱਡੀ ਗਿਣਤੀ ਵਿੱਚ ਤੇ ਮਰਦਾਂ ਵਿੱਚ ਘੱਟ ਹੁੰਦਾ ਹੈ। ਗੁਰਦੇ ਦਾ ਕੈਂਸਰ ਨਜ਼ਦੀਕੀ ਵਿੱਚ ਬੜੀ ਸਰਲਤਾ ਨਾਲ ਫ਼ੈਲ ਜਾਂਦਾ ਹੈ ਅਤੇ ਲਸੀਕਾ ਪ੍ਰਣਾਲੀ ਦੀਆਂ ਵਹਿਣੀਆਂ ਰਾਹੀਂ ਪੇਟ ਦੀਆਂ ਲਸੀਕਾ ਗ੍ਰੰਥੀਆਂ ਵਿੱਚ ਵੀ ਫ਼ੈਲ ਸਕਦਾ ਹੈ। ਜਦ ਲਸੀਕਾ ਗ੍ਰੰਥੀਆਂ ਅਸਰ ਅੰਦਾਜ਼ ਹੋ ਜਾਂਦੀਆਂ ਹਨ ਤਾਂ ਉਹ ਪਿਸ਼ਾਬ ਦੇ ਰਸਤਿਆਂ ‘ਤੇ ਦਬਾਅ ਪਾਉਣ ਲੱਗਦੀਆਂ ਹਨ। ਸਿੱਟੇ ਵਜੋਂ ਗੁਰਦਾ ਕੰਮ ਕਰਨਾ ਬੰਦ ਕਰ ਦਿੰਦਾ ਹੈ ਅਤੇ ਪਿਸ਼ਾਬ ਨਹੀਂ ਉਤਰਦਾ ਤੇ ਸੋਜ ਇਨਫ਼ੈਕਸ਼ਨ ਹੋਰ ਵਧ ਜਾਂਦੀ ਹੈ। ਇਹ ਕੈਂਸਰ ਖ਼ੂਨ ਦੀ ਸਪਲਾਈ ਵਿੱਚ ਪਹੁੰਚ ਜਾਵੇ ਤਾਂ ਜਿਗਰ ਅਤੇ ਫ਼ੇਫ਼ੜੇ ਵੀ ਉਸ ਦੀ ਮਾਰ ਹੇਠ ਆ ਜਾਂਦੇ ਹਨ।
ਲੱਛਣ: ਗੁਰਦੇ ਦੇ ਕੈਂਸਰ ਵਿੱਚ ਸ਼ੁਰੂਆਤੀ ਲੱਛਣ ਤਾਂ ਇਹੀ ਹਨ ਕਿ ਪਿਸ਼ਾਬ ਕਰਦੇ ਸਮੇਂ ਦਰਦ ਨਾ ਵੀ ਹੋਵੇ, ਫ਼ਿਰ ਵੀ ਉਸ ਵਿੱਚ ਖੂਨ ਆਵੇ। ਇਸ ਨਾਲ ਪਿਸ਼ਾਬ ਲਾਲ ਹੋ ਜਾਂਦਾ ਹੈ ਅਤੇ ਹੌਲੀ ਹੌਲੀ ਕੈਂਸਰ ਦੀ ਗੰਢ ਵਧਣ ਲੱਗਦੀ ਹੈ। ਉਸ ਮੁਤਾਬਕ ਉਸ ਦੇ ਲੱਛਣ ਵੀ ਪ੍ਰਗਟ ਹੋਣ ਲੱਗਦੇ ਹਨ। ਗੰਢ ਦੇ ਦਬਾਅ ਕਾਰਨ ਅੰਤੜੀਆਂ ਦੀਆਂ ਆਮ ਆਦਤਾਂ ਵਿੱਚ ਤਬਦੀਲੀ ਹੋਣ ਲੱਗਦੀ ਹੈ। ਪੇਟ ਅੰਦਰ ਕਿਸੇ ਗੰਢ ਜਾਂ ਕਿਸੇ ਭਾਰੀ ਚੀਜ਼ ਦਾ ਅਨੁਭਵ ਹੋਣ ਲੱਗਦਾ ਹੈ। ਪੇਟ ਵਿੱਚ ਵੱਖ ਵੱਖ ਤਰ੍ਹਾਂ ਨਾਲ ਅਤੇ ਵੱਖ ਵੱਖ ਮੌਕਿਆਂ ‘ਤੇ ਦਰਦ ਉੱਠਣ ਲੱਗਦਾ ਹੈ। ਫ਼ਿਰ ਉੱਥੋਂ ਕੈਂਸਰ ਜਦ ਕਿਸੇ ਹੋਰ ਪਾਸੇ ਪਸਰਨ ਲਗਦਾ ਹੈ ਤਾਂ ਉਸ ਮੁਤਾਬਿਕ ਲੱਛਣ ਪੈਦਾ ਹੋਣ ਲੱਗਦੇ ਹਨ। ਇਹ ਰੋਗ ਭਾਵ ਕੈਂਸਰ ਦੀ ਪਛਾਣ ਕਰਨ ਲਈ ਹੋਰ ਜਾਂਚਾਂ ਤੋਂ ਇਲਾਵਾ ਪਿਸ਼ਾਬ ਦੇ ਟੈਸਟ ਐਕਸਰੇ, ਅਲਟਰਾਸਾਊਂਡ ਕੀਤੇ ਜਾਂਦੇ ਹਨ। ਰੰਗੀਨ ਐਕਸਰੇ ਇੰਟਰਾਵੀਨਸ ਪਾਇਲੋ ਗ੍ਰਾਫ਼ੀ (ਆਈਵੀਪੀ) ਵੀ ਕਰਨੀ ਹੁੰਦੀ ਹੈ। ਕਦੀ ਕਦੀ ਸੀਟੀ ਸਕੈਨ ਜਾਂ ਐੱਮਆਰਆਈ ਵੀ ਕਰਨੀ ਪੈਂਦੀ ਹੈ। ਫ਼ਿਰ ਵੀ ਜੇ ਬਿਮਾਰੀ ਦੀ ਸ਼ਨਾਖਤ ਨਾ ਹੋਵੇ ਤਾਂ ਬਾਇਪਸੀ ਕੀਤੀ ਜਾਂਦੀ ਹੈ, ਭਾਵ ਗੁਰਦੇ ਦੇ ਅੰਦਰੋਂ ਪੀਸ ਲੈ ਕੇ ਟੈਸਟ ਕੀਤਾ ਜਾਂਦਾ ਹੈ।
ਇਲਾਜ: ਹੋਰ ਕੈਂਸਰਾਂ ਵਾਂਗ ਸ਼ੁਰੂ ਦੇ ਪੜਾਅ ‘ਤੇ ਇਸ ਕੈਂਸਰ ਦਾ ਇਲਾਜ ਅਪ੍ਰੇਸ਼ਨ ਜ਼ਰੀਏ ਆਸਾਨੀ ਨਾਲ ਹੋ ਜਾਂਦਾ ਹੈ। ਕੈਂਸਰ ਦੀ ਗੰਢ ਨੂੰ ਕੱਢ ਕੇ ਜੜ੍ਹੋਂ ਖਤਮ ਕਰ ਦਿੱਤਾ ਜਾਂਦਾ ਹੈ। ਜੇ ਰੋਗ ਫ਼ੈਲ ਕੇ ਲਸੀਕਾ ਗ੍ਰੰਥੀਆਂ ਤੱਕ ਪਹੁੰਚ ਗਿਆ ਹੋਵੇ ਤਾਂ ਰੇਡੀਓਥਰੈਪੀ ਰਾਹੀਂ ਵੀ ਇਲਾਜ ਸੰਭਵ ਹੁੰਦਾ ਹੈ। ਅਪਰੇਸ਼ਨ ਕਈ ਵਾਰ ਸੰਭਵ ਨਹੀਂ ਹੁੰਦਾ। ਇਹ ਕੈਂਸਰ ਲਸੀਕਾ ਜਾਂ ਖ਼ੂਨ ਰਾਹੀਂ ਫ਼ੇਫ਼ੜਿਆਂ ਵਿੱਚ ਪਹੁੰਚ ਜਾਵੇ ਤਾਂ ਕੀਮੋਥੈਰੇਪੀ ਨਾਲ ਇਲਾਜ ਕੀਤਾ ਜਾਂਦਾ ਹੈ। ਅਜਿਹੀ ਹਾਲਤ ਵਿੱਚ ਰੋਗ ਦੇ ਠੀਕ ਹੋਣ ਦੀ ਗਰੰਟੀ ਕੋਈ ਨਹੀਂ ਹੁੰਦੀ। ਪਿਸ਼ਾਬ ਦੇ ਬਲੈਡਰ ਦਾ ਕੈਂਸਰ ਅਕਸਰ ਬਲੈਡਰ ਦੇ ਅੰਦਰ ਹੀ ਰਹਿ ਕੇ ਵਧਦਾ ਫ਼ੁੱਲਦਾ ਤੇ ਪਸਰਦਾ ਹੈ। ਫ਼ਿਰ ਵੀ ਪਿਸ਼ਾਬ ਰਾਹੀਂ ਕੈਂਸਰ ਸੈੱਲ ਫ਼ੈਲ ਜਾਣ ਪਿੱਛੋਂ ਮੂਤਰ ਪ੍ਰਣਾਲੀ ਦੇ ਹੋਰ ਹਿੱਸਿਆਂ ਨੂੰ ਅਸਰ ਅੰਦਾਜ਼ ਕਰਦੇ ਹਨ। ਇਹ ਬਲੈਡਰ ਦੀਆਂ ਦੀਵਾਰਾਂ ਵਿੱਚ ਵੀ ਫ਼ੈਲ ਜਾਂਦਾ ਹੈ। ਬਾਹਰੀ ਦੀਵਾਰ ‘ਤੇ ਆਉਣ ਨਾਲ ਕੈਂਸਰ ਪੇਟ ਦੀ ਝਿੱਲੀ ਤੱਕ ਪਹੁੰਚ ਜਾਂਦਾ ਹੈ। ਔਰਤਾਂ ਵਿੱਚ ਕਦੀ ਕਦੀ ਬੱਚੇਦਾਨੀ ਤੱਕ ਪਹੁੰਚ ਜਾਂਦਾ ਹੈ। ਲਸੀਕਾ ਵਹਿਣੀਆਂ ਰਾਹੀਂ ਵੀ ਲਸੀਕਾ ਗ੍ਰੰਥੀਆਂ ਤੱਕ ਪਹੁੰਚ ਜਾਂਦਾ ਹੈ। ਇਸ ਦਾ ਪਸਾਰਾ ਰਕਤ ਧਾਰਾ ਵਿੱਚ ਵੀ ਹੋ ਸਕਦਾ ਹੈ। ਬਾਕੀ ਕੈਂਸਰਾਂ ਵਾਂਗੂੰ ਇਸ ਦਾ ਵੀ ਸ਼ੁਰੂਆਤੀ ਇਲਾਜ ਅਪ੍ਰੇਸ਼ਨ ਹੈ। ਇਸ ਦੇ ਨਾਲ ਹੀ ਰੇਡੀਓਥਰੈਪੀ ਦਿੱਤੀ ਜਾ ਸਕਦੀ ਹੈ। ਸਰਜਰੀ ਨਾਲ ਪੂਰੀ ਗੰਢ ਕੱਢ ਦਿੱਤੀ ਜਾਂਦੀ ਹੈ। ਉਸ ਪਿੱਛੋਂ ਬਾਕੀ ਦੇ ਕੈਂਸਰ ਸੈੱਲ ਰੇਡੀਓਥਰੈਪੀ ਰਾਹੀਂ ਨਸ਼ਟ ਕਰ ਦਿੱਤੇ ਜਾਂਦੇ ਹਨ। ਪਿਸ਼ਾਬ ਦੇ ਬਲੈਡਰ ਦੀਆਂ ਦੀਵਾਰਾਂ ਜਦੋਂ ਪ੍ਰਭਾਵਿਤ ਹੋਣ ਤਾਂ ਫ਼ਿਰ ਰੇਡੀਓ ਐਕਟਿਵ ਗੋਲਡ ਦੇ ਬੀਜਾਂ ਨੂੰ ਇਸ ਰੋਗ ਨੂੰ ਖਤਮ ਕਰਨ ਦੇ ਇਰਾਦੇ ਨਾਲ ਬਲੈਡਰ ਦੀਆਂ ਦੀਵਾਰਾਂ ‘ਤੇ ਜੜ ਦਿੱਤਾ ਜਾਂਦਾ ਹੈ, ਫ਼ਿਰ ਕੀਮੋਥੈਰਪੀ ਕੀਤੀ ਜਾਂਦੀ ਹੈ।
ਉਪਾਅ: ਚੰਗਾ ਇਹੀ ਹੈ ਕਿ ਰੋਗ ਪੈਦਾ ਹੀ ਨਾ ਹੋਣ ਦਿੱਤਾ ਜਾਵੇ। ਜੇ ਪੈਦਾ ਹੋ ਜਾਵੇ ਤਾਂ ਉਸ ਨੂੰ ਵਧਣ ਤੋਂ ਰੋਕਿਆ ਜਾਵੇ। ਸਾਵਧਾਨੀ ਰੱਖਣ ਵਿੱਚ ਹੀ ਬਚਾਅ ਹੈ। ਜੇ ਪਿਸ਼ਾਬ ਵਿੱਚ ਖੂਨ ਆਵੇ ਤਾਂ ਤੁਰੰਤ ਰੰਗੀਨ ਐਕਸਰੇ ਕਰਾਓ। ਰੰਗ ਦੇ ਕਾਰਖਾਨੇ ਤੇ ਕੋਲੇ ਦੀਆਂ ਖਾਨਾਂ ਵਿੱਚ ਕੰਮ ਕਰਦੇ ਮਜ਼ਦੂਰਾਂ ਤੇ ਹੋਰ ਬੰਦਿਆਂ ਨੂੰ ਚਾਹੀਦਾ ਹੈ ਕਿ ਉਹ ਮੂੰਹ ‘ਤੇ ਕੱਪੜਾ ਬੰਨ੍ਹ ਕੇ ਰੱਖਣ ਜਾਂ ਫ਼ਿਰ ਕੋਈ ਮਾਸਕ (ਨਕਾਬ) ਲਾ ਲੈਣ ਜਿਸ ਨਾਲ ਧੂੜ ਦੇ ਕਣ, ਜਿਨ੍ਹਾਂ ਵਿੱਚ ਜ਼ਹਿਰੀਲੇ ਕਣ ਰਲੇ ਹੁੰਦੇ ਹਨ, ਉਹ ਸਰੀਰ ਅੰਦਰ ਦਾਖਲ ਨਾ ਹੋਣ। ਨੱਕ ਰਾਹੀਂ ਵੀ ਕਿਸੇ ਕਿਸਮ ਦਾ ਜ਼ਹਿਰੀਲਾ ਧੂੰਆਂ ਸਰੀਰ ਵਿੱਚ ਦਾਖਲ ਨਾ ਹੋਣ ਦਿੱਤਾ ਜਾਵੇ। ਪਿਸ਼ਾਬ ਦੀ ਪਥਰੀ ਹੋਵੇ ਜਾਂ ਹੋਰ ਕੋਈ ਰੋਗ ਹੋਵੇ ਤਾਂ ਲੋਕ ਅਕਸਰ ਲਾਪ੍ਰਵਾਹੀ ਵਰਤਦੇ ਹਨ, ਜਦੋਂ ਤੱਕ ਦਰਦ ਅਸਹਿ ਨਾ ਹੋ ਜਾਵੇ। ਇਲਾਜ ਖੁਣੋਂ ਰੋਗ ਵਧ ਜਾਂਦਾ ਹੈ ਤੇ ਵਿਗੜ ਕੇ ਭਿਅੰਕਰ ਰੂਪ ਧਾਰਨ ਕਰ ਲੈਂਦਾ ਹੈ ਤੇ ਫ਼ਿਰ ਕੈਂਸਰ ‘ਚ ਤਬਦੀਲ ਹੋ ਜਾਂਦਾ ਹੈ। ਪਿਸ਼ਾਬ ਦਾ ਰੰਗ ਲਾਲ ਹੋਵੇ ਤਾਂ ਕੁਝ ਦਵਾਈ ਲੈ ਲਈ ਜਾਂਦੀ ਹੈ। ਇਸ ਨਾਲ ਰੋਗ ਦੀ ਜੜ੍ਹ ਨਹੀਂ ਖਤਮ ਹੁੰਦੀ। ਪਹਿਲਾਂ ਸਾਵਧਾਨੀ ਵਰਤੀ ਜਾਵੇ ਤਾਂ ਪਿਸ਼ਾਬ ਪ੍ਰਣਾਲੀ ਦੇ ਕੈਂਸਰ ਤੋਂ ਬਚਿਆ ਜਾ ਸਕਦਾ ਹੈ।
ਸੰਪਰਕ: 98156-29301










