ਨਵੀਂ ਦਿੱਲੀ : ਦਿੱਲੀ ਦੇ ਟਰਾਂਸਪੋਰਟ ਮੰਤਰੀ ਗੋਪਾਲ ਰਾਏ ਨੇ ਕਿਹਾ ਕਿ ਨਿਜੀ ਚਾਰ ਪਹੀਆ ਵਾਹਨਾਂ ਲਈ ਓਡ-ਈਵਨ ਫਾਰਮੂਲਾ 15 ਜਨਵਰੀ ਤੋਂ ਬਾਅਦ ਲਾਗੂ ਰੱਖਣ ਦੀ ਸਰਕਾਰ ਦੀ ਕੋਈ ਯੋਜਨਾ ਨਹੀਂ ਹੈ। ਰਾਏ ਨੇ 1 ਜਨਵਰੀ ਤੋਂ ਸ਼ੁਰੂ ਕੀਤੀ ਗਈ ਸਮੀਖਿਆ ਬੈਠਕ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਇਹ ਗੱਲ ਆਖੀ।
15 ਜਨਵਰੀ ਤੋਂ ਬਾਅਦ ਅਸੀਂ ਯੋਜਨਾ ਦੀ ਸਮੀਖਿਆ ਕਰਾਂਗੇ। ਫਿਲਹਾਲ ਇਸ ਨੂੰ 15 ਜਨਵਰੀ ਤੋਂ ਬਾਅਦ ਅੱਗੇ ਵਧਾਉਣ ਦੀ ਕੋਈ ਯੋਜਨਾ ਨਹੀਂ ਹੈ। ਮੀਡੀਆ ਵਿਚ ਅਜਿਹੀਆਂ ਖਬਰਾਂ ਆ ਰਹੀਆਂ ਸਨ ਕਿ ਇਸ ਨੂੰ 15 ਜਨਵਰੀ ਤੋਂ ਬਾਅਦ ਵੀ ਜਾਰੀ ਰੱਖਿਆ ਜਾ ਸਕਦਾ ਹੈ। ਰਾਏ ਨੇ ਕਿਹਾ ਕਿ ਯੋਜਨਾ ਨੂੰ ਅੱਗੇ ਵਧਾਏ ਜਾਣ ਦੀਆਂ ਖਬਰਾਂ ਸਹੀ ਨਹੀਂ ਹਨ। ਪਰੀਖਣ ਪੂਰਾ ਹੋ ਜਾਣ ‘ਤੇ ਵੀ ਉਸ ਦੀ ਸਮੀਖਿਆ ਕਰਾਂਗੇ।
ਦਿੱਲੀ ਹਾਈ ਕੋਰਟ ‘ਚ ਸ਼ੁੱਕਰਵਾਰ ਯਾਨੀ ਕਿ ਕੱਲ ਇਸ ਮਾਮਲੇ ‘ਤੇ ਸੁਣਵਾਈ ਦੌਰਾਨ ਦਿੱਲੀ ਦੀ ਸਰਕਾਰ ਵਲੋਂ ਕਿਹਾ ਗਿਆ ਸੀ ਕਿ 15 ਜਨਵਰੀ ਨੂੰ ਪਰੀਖਣ ਪੂਰਾ ਹੋ ਜਾਣ ਤੋਂ ਬਾਅਦ ਵੀ ਇਸ ਨੂੰ ਜਾਰੀ ਰੱਖਿਆ ਜਾ ਸਕਦਾ ਹੈ।
ਯੋਜਨਾ ਖਿਲਾਫ ਦਾਇਰ ਪਟੀਸ਼ਨਾਂ ‘ਤੇ ਦਿੱਲੀ ਹਾਈ ਕੋਰਟ ਨੇ ਸ਼ੁੱਕਰਵਾਰ ਨੂੰ ਸੁਣਵਾਈ ਕਰਦੇ ਹੋਏ ਸੋਮਵਾਰ ਤੱਕ ਲਈ ਆਪਣਾ ਫੈਸਲਾ ਸੁਰੱਖਿਅਤ ਰੱਖਿਆ ਹੈ। ਇਕ ਜਨਵਰੀ ਤੋਂ ਸ਼ੁਰੂ ਇਸ ਯੋਜਨਾ ਅਧੀਨ ਓਡ-ਈਵਨ ਨੰਬਰ ਦੇ ਹੀ ਵਾਹਨ ਚਲਾਉਣ ਦੀ ਆਗਿਆ ਹੈ। ਯੋਜਨਾ ਸ਼ੁਰੂ ਹੋਣ ਦੇ ਇਕ ਹਫਤੇ ਦੌਰਾਨ ਇਸ ਦਾ ਉਲੰਘਣ ਕਰਨ ਵਾਲਿਆਂ ‘ਤੇ ਵੀ ਜੰਮ ਕੇ ਕਾਰਵਾਈ ਹੋਈ ਹੈ। ਰਾਏ ਨੇ ਦੱਸਿਆ ਕਿ 5893 ਚਾਲਾਨ ਕੱਟੇ ਗਏ ਅਤੇ 1.17 ਕਰੋੜ ਰੁਪਏ ਦਾ ਜ਼ੁਰਮਾਨਾ ਵਸੂਲ ਕੀਤਾ ਗਿਆ। ਉਲੰਘਣ ਕਰਨ ਵਾਲੇ ਤੋਂ 2000 ਰੁਪਏ ਦਾ ਜ਼ੁਰਮਾਨਾ ਵਸੂਲ ਕੀਤਾ ਜਾਂਦਾ ਹੈ।















