ਬੱਕਰੀ ਪਾਲਣ ਦਾ ਕਿੱਤਾ ਬਣਿਆ ਸਾਰੇ ਵਰਗਾਂ ਲਈ ਕਮਾਈ ਦਾ ਸਾਧਨ

7ਸ਼੍ਰੀ ਮੁਕਤਸਰ ਸਾਹਿਬ/ਚੰਡੀਗੜ੍ਹ : ਪੰਜਾਬ ਸਰਕਾਰ ਵੱਲੋਂ ਖੇਤੀਬਾੜੀ ਦੇ ਨਾਲ ਸਹਾਇਕ ਧੰਦਿਆਂ ਨੂੰ ਪ੍ਰਫੁੱਲਤ ਕਰਨ ਲਈ ਸ਼ੁਰੂ ਕੀਤੀ ਗਈ ਪਸ਼ੂਧਨ ਚੈਪੀਅਨਸ਼ਿਪ ਦੇ ਵਧੀਆ ਨਤੀਜੇ ਨਿਕਲ ਕੇ ਸਾਹਮਣੇ ਆਏ ਹਨ। ਪਸ਼ੂ ਪਾਲਣ ਵਿਭਾਗ ਦੀ ਅਗਵਾਈ ਅਤੇ ਸੁਚੱਜੇ ਯਤਨਾਂ ਹੇਠ ਕਰਵਾਈ ਜਾ ਰਹੀ 8 ਵੀਂ ਕੌਮੀ ਪਸ਼ੂਧਨ ਚੈਪੀਅਨਸ਼ਿਪ ਅਤੇ ਐਕਸਪੋ  2016 ਵਿਚ ਪਹੁੰਚੇ ਬੱਕਰੀਆਂ ਪਾਲਣ ਦਾ ਕਿੱਤਾ ਕਰਨ ਵਾਲੇ ਸੈਂਕੜੇ ਕਿੱਤਾਮੁਖੀ ਲੋਕਾਂ ਲਈ ਇਹ ਪਸ਼ੂਧਨ ਚੈਪੀਅਨਸ਼ਿਪ ਰਾਹ ਦਸੇਰਾ ਬਣੀ ਹੈ। ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ ਫਾਜ਼ਿਲਕਾ, ਫਿਰੋਜ਼ਪੁਰ, ਤਰਨਤਾਰਨ, ਗੁਰਦਾਸਪੁਰ ਅਤੇ ਸ਼੍ਰੀ ਅਮ੍ਰਿਤਸਰ ਸਾਹਿਬ ਵਿਚ ਇਸ ਵੇਲੇ ਜ਼ਮਨਾ ਪਾਰੀ, ਯੱਤਲ, ਪਹਾੜੀ, ਬਾਰਬਰੀ, ਬੀਕਾਨੇਰੀ ਅਤੇ ਬੀਟਲ ਕਿਸਮ ਦੀਆਂ ਬੱਕਰੀਆਂ ਦੀਆਂ ਕਿਸਮਾਂ ਦੀ ਸਾਂਭ ਸੰਭਾਲ ਕੀਤੀ ਜਾ ਰਹੀ ਹੈ। ਇਨ੍ਹਾਂ ਜ਼ਿਲ੍ਹਿਆਂ ਦੇ ਬਹੁਤ ਸਾਰੇ ਲੋਕ ਬੱਕਰੀ ਪਾਲਣ ਦਾ ਕਿੱਤਾ ਕਰਨ ਨੂੰ ਤਰਜੀਹ ਦੇਣ ਲੱਗੇ ਹਨ। ਇਸ 8 ਵੀਂ ਕੌਮੀ ਪਸ਼ੂਧਨ ਚੈਪੀਅਨਸ਼ਿਪ ਵਿਚ ਪਹੁੰਚੇ ਬੱਕਰੀ ਪਾਲਣ ਦਾ ਕਿੱਤਾ ਹੁਣ ਕਿਸੇ ਖਾਸ ਵਰਗ ਦੀ ਨਿਸ਼ਾਨੀ ਨਹੀਂ ਰਿਹਾ ਬਲਕਿ ਹੁਣ ਇਹ ਹਰ ਵਰਗ ਦੀ ਪਹਿਚਾਣ ਬਣਦਾ ਜਾ ਰਿਹਾ ਹੈ। ਇਸ ਪਸ਼ੂਧਨ ਚੈਪੀਅਨਸ਼ਿਪ ਵਿਚ ਪਹੁੰਚੇ ਲੋਕਾਂ ਦਾ ਕਹਿਣਾ ਹੈ ਕਿ ਉਹ ਹੁਣ ਆਰਥਿਕ ਵਿਕਾਸ ਵਿਚ ਨਵੀਂ ਪਹੁੰਚ ਅਪਣਾਉਣ ਲੱਗੇ ਹਨ । ਉਨ੍ਹਾਂ ਲਈ ਬੱਕਰੀ ਪਾਲਣ ਦਾ ਕਿੱਤਾ ਕਾਫ਼ੀ ਵੱਡੇ ਪੱਧਰ ਤੇ ਲਾਹੇਵੰਦ ਰਿਹਾ ਹੈ। 8 ਵੀਂ ਕੌਮੀ ਪਸ਼ੂਧਨ ਚੈਪੀਅਨਸ਼ਿਪ ਅਤੇ ਐਕਸਪੋ  2016 ਵਿਚ ਪੰਜਾਬ ਵਿਚ ਬੱਕਰੀਆਂ ਦੀਆਂ ਪਾਲੀਆਂ ਜਾ ਰਹੀਆਂ ਕਿਸਮਾਂ ਨੂੰ ਮੁਕਬਾਲਿਆਂ ਵਿਚ ਲੈ ਕੇ ਪਹੁੰਚੇ ਮੁਕਾਬਲੇਬਾਜਾਂ ਦਾ ਕਹਿਣਾ ਹੈ ਕਿ ਪੰੰਜਾਬ ਵਿਚ ਪਾਲੀਆਂ ਜਾ ਰਹੀਆਂ ਬੱਕਰੀਆਂ ਦੀਆਂ ਕਿਸਮਾਂ ਹੁਣ ਸ਼ੌਂਕੀਆਂ ਤੌਰ ਤੇ ਹੀ ਨਹੀਂ ਬਲਕਿ ਕਈ ਕਿਸਮਾਂ ਤਾਂ ਇਸ ਤਰ੍ਹਾਂ ਦੀਆਂ ਹਨ ਜਿਹੜੀਆਂ ਦਿਨ ਵਿਚ 2 ਤੋਂ 4 ਕਿਲੋਗ੍ਰਾਮ ਤੱਕ ਦੁੱਧ ਦਿੰਦੀਆਂ ਹਨ। ਬੀਟਲ ਕਿਸਮ ਦੀ ਬੱਕਰੀ ਦੇ ਦੁੱਧ ਵਿਚ ਕਾਫ਼ੀ ਤਰ੍ਹਾਂ ਦੇ ਸਿਹਤ ਲਈ ਲਾਭਦਾਇਕ ਪ੍ਰੋਟੀਨ ਹੁੰਦੇ ਹਨ। ਜਿਹੜੇ ਮਾਂ ਦੇ ਦੁੱਧ ਨਾਲ ਮੇਲ ਖਾਂਦੇ ਹਨ। ਬੀਟਲ ਕਿਸਮ ਦੀ ਬੱਕਰੀ ਦਾ ਦੁੱਧ ਡੇਅਰੀਆਂ ਤੇ ਵੀ ਪਹੁੰਚਣ ਲੱਗਿਆ ਹੈ। ਇਹ ਦੁੱਧ 25 ਤੋਂ 30 ਰੁਪਏ ਕਿਲੋਗ੍ਰਾਮ ਤੱਕ ਵਿਕਣ ਲੱਗਿਆ ਹੈ। ਫਰੀਦਕੋਟ ਜ਼ਿਲ੍ਹੇ ਦੇ ਪਿੰਡ ਬਰਗਾੜੀ ਦੇ ਕੇਵਲ ਸਿੰਘ ਬਰਾੜ ਨੇ ਦੱਸਿਆ ਕਿ ਬੀਟਲ ਕਿਸਮ ਦੀ ਬੱਕਰੀ ਤੋਂ ਇਕ ਸਾਲ ਵਿਚ 4 ਨਗ ਬੱਚਿਆਂ ਦੇ ਦਿੰਦੀ ਹੈ। ਜਿੰਨ੍ਹਾਂ ਵਿਚ ਇਕ ਨਗ ਦੀ ਕੀਮਤ 3000 ਰੁਪਏ ਪ੍ਰਤੀ ਨਗ ਹੁੰਦੀ ਹੈ। ਉਨ੍ਹਾਂ ਕਿਹਾ ਕਿ ਅੱਜ ਸਾਡੇ ਨੌਜਵਾਨਾਂ ਲਈ ਇਹ ਕਿੱਤਾ ਵੱਡੀ ਪੱਧਰ ਤੇ ਨਵੀਂ ਦਿਸ਼ਾ ਦੇ ਸਕਦਾ ਹੈ। ਇਹ ਚਿੱਟੀ ਕ੍ਰਾਤੀ ਵਿਚ ਵੀ ਵਿਸ਼ੇਸ਼ ਯੋਗਦਾਨ ਦੇ ਰਿਹਾ ਹੈ। ਉਨ੍ਹਾਂ ਨੌਜਵਾਨ ਪੀੜ੍ਹੀ ਨੂੰ ਕਿਹਾ ਕਿ ਉਹ ਬਾਹਰਲੇ ਦੇਸ਼ਾਂ ਵਿਚ ਜਾ ਕੇ ਗੁਲਾਮੀ ਕਰਨ ਦੀ ਬਜਾਏ ਆਪਣੇ ਹੀ ਦੇਸ਼ ਵਿਚ ਖੇਤੀਬਾੜੀ ਦੇ ਨਾਲ ਪਸ਼ੂ ਪਾਲਣ ਦੇ ਕਿੱਤੇ ਨੂੰ ਸਹਾਇਕ ਧੰਦੇ ਵੱਜੋਂ ਆਪਣਾ ਕੇ ਇੱਥੇ ਹੀ ਕਿਰਤ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ। ਉਨ੍ਹਾਂ ਕਿਹਾ ਕਿ ਬੱਕਰੀ ਪਾਲਣ ਦਾ ਕਿੱਤਾ ਕੋਈ ਜਿਆਦਾ ਖਰਚੀਲਾ ਨਹੀਂ ਹੈ, ਬੱਕਰੀਆਂ ਦੀ ਖੁਰਾਕ ਕੁਦਰਤੀ ਸਾਧਨਾਂ ਤੇ ਨਿਰਭਰ ਕਰਦੀ ਹੈ। ਇਸ ਦੇ ਨਾਲ ਹੀ ਬੱਕਰੀਆਂ ਨੂੰ ਕੋਈ ਜਿਆਦਾ ਬਿਮਾਰੀਆਂ ਦਾ ਸਾਹਮਣਾ ਨਹੀਂ ਕਰਨਾ ਪੈਂਦਾ। ਇਸ ਤਰ੍ਹਾਂ ਹੀ ਪਿੰਡ ਖਾਰਾ ਦੇ ਸੀਰਾ ਸਿੰਘ ਅਤੇ ਲੱਖਾ ਸਿੰਘ ਨੇ ਦੱਸਿਆ ਕਿ ਕਈ ਨਾਮੀ ਬੱਕਰੀਆਂ ਤਾਂ ਇਕ ਟਾਇਮ ਦਾ ਸਾਢੇ ਤਿੰਨ ਕਿਲੋਗ੍ਰਾਮ ਤੱਕ ਦੁੱਧ ਦੇ ਦਿੰਦੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਇਸ ਵੇਲੇ ਪਹਾੜੀ ਬੱਕਰੀਆਂ ਨੂੰ ਸ਼ੌਂਕ ਦੇ ਤੌਰ ਤੇ ਪਾਲਿਆ ਜਾ ਰਿਹਾ ਹੈ। ਇਹ ਬੱਕਰੀਆਂ ਸੁੰਦਰ ਅਤੇ ਸੋਹਣੀਆਂ ਹੋਣ ਕਾਰਨ ਘਰਾਂ ਦਾ ਸ਼ਿੰਗਾਰ ਬਣੀਆਂ ਹੋਈਆਂ ਹਨ। ਇੰਨ੍ਹਾਂ ਦੇ ਮੇਮਣੇ ਬਹੁਤ ਹੀ ਸੁੰਦਰ ਹੁੰਦੇ  ਹਨ। ਇਹ ਲੇਕਾਂ ਦੇ ਦੇਖਣ ਲਈ ਵਿਸ਼ੇਸ਼ ਖਿੱਚ ਦਾ ਕੇਂਦਰ ਬਣਦੇ ਹਨ ।