ਟੇਮਾਸਕੈਲਸਿੰਗੋ : ਮੈਕਸੀਕੋ ਰਾਜ ਦੇ ਇੱਕ ਕਸਬੇ ਵਿੱਚ ਇੱਕ ਧਾਰਮਿਕ ਸਮਾਗਮ ਦੌਰਾਨ ਆਤਿਸ਼ਬਾਜ਼ੀ ਦੇ ਫਟਣ ਨਾਲ ਜ਼ੋਰਦਾਰ ਧਮਾਕਾ ਹੋ ਗਿਆ। ਇਸ ਧਮਾਕੇ ਵਿਚ ਘੱਟੋ-ਘੱਟ 10 ਲੋਕਾਂ ਦੀ ਮੌਤ ਹੋ ਗਈ ਅਤੇ 64 ਹੋਰ ਜ਼ਖਮੀ ਹੋ ਗਏ। ਮੈਕਸੀਕੋ ਦੇ ਅਧਿਕਾਰੀਆਂ ਨੇ ਇਸ ਘਟਨਾ ਦੀ ਜਾਣਕਾਰੀ ਦਿੱਤੀ। ਮਿਲੀ ਜਾਣਕਾਰੀ ਮੁਤਾਬਕ ਇਹ ਧਮਾਕਾ ਸ਼ਨੀਵਾਰ ਰਾਤ ਨੂੰ ਮੱਧ ਮੈਕਸੀਕੋ ਦੇ ਟੇਮਾਸਕੈਲਸਿੰਗੋ ਵਿੱਚ ਨੁਏਸਟਰਾ ਸੇਨੋਰਾ ਡੇ ਲਾ ਲੂਜ਼ ਚਰਚ ਦੇ ਨੇੜੇ ਹੋਇਆ ਹੈ, ਜਿਸ ਦੀ ਆਬਾਦੀ ਲਗਭਗ 66,000 ਹੈ।
ਦੱਸ ਦੇਈਏ ਕਿ ਇਸ ਜ਼ੋਰਦਾਰ ਧਮਾਕੇ ਨਾਲ ਇਲਾਕੇ ਵਿਚ ਸਨਸਨੀ ਫੈਲ ਗਈ। ਜਿਸ ਸਮੇਂ ਇਹ ਧਮਾਕਾ ਹੋਇਆ, ਉਸ ਸਮੇਂ ਸੈਂਕੜੇ ਦੀ ਗਿਣਤੀ ਵਿਚ ਲੋਕ ਇੱਕ ਧਾਰਮਿਕ ਤਿਉਹਾਰ ਦੌਰਾਨ ਆਤਿਸ਼ਬਾਜ਼ੀ ਦੇਖਣ ਲਈ ਇਕੱਠੇ ਹੋਏ ਸਨ। ਟੇਮਾਸਕੈਲਸਿੰਗੋ ਮੈਕਸੀਕੋ ਸਿਟੀ ਤੋਂ ਲਗਭਗ 160 ਕਿਲੋਮੀਟਰ ਉੱਤਰ-ਪੱਛਮ ਵਿੱਚ ਸਥਿਤ ਹੈ। ਧਮਾਕੇ ਦਾ ਕਾਰਨ ਅਜੇ ਪਤਾ ਨਹੀਂ ਲੱਗ ਸਕਿਆ ਅਤੇ ਮੈਕਸੀਕਨ ਸਟੇਟ ਅਟਾਰਨੀ ਜਨਰਲ ਦੇ ਦਫ਼ਤਰ ਨੇ ਇਸ ਮਾਮਲੇ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਹੈ। ਇੱਕ ਸਥਾਨਕ ਬਿਸ਼ਪ ਨੇ ਕਿਹਾ ਕਿ ਜ਼ਖਮੀਆਂ ਵਿੱਚ ਦੋ ਪਾਦਰੀ ਵੀ ਸ਼ਾਮਲ ਹਨ।
ਸੋਸ਼ਲ ਮੀਡੀਆ ‘ਤੇ ਪੋਸਟ ਕੀਤੀ ਗਈ ਇੱਕ ਵੀਡੀਓ ਵਿੱਚ ਧਮਾਕੇ ਤੋਂ ਬਾਅਦ ਦੇ ਹਾਲਾਤ ਦਿਖਾਏ ਗਏ ਹਨ, ਜਿਸ ਵਿੱਚ ਦਰਜਨਾਂ ਲੋਕ ਧੂੰਏਂ ਅਤੇ ਮਲਬੇ ਵਿਚਕਾਰ ਬਚੇ ਲੋਕਾਂ ਦੀ ਭਾਲ ਕਰ ਰਹੇ ਹਨ। ਮਾਮਲੇ ਦੀ ਜਾਂਚ ਦੌਰਾਨ ਪਤਾ ਲੱਗਾ ਹੈ ਕਿ ਮੈਕਸੀਕੋ ਵਿੱਚ ਧਾਰਮਿਕ ਤਿਉਹਾਰਾਂ, ਸਮਾਗਮਾਂ ਅਤੇ ਜਸ਼ਨਾਂ ਦੌਰਾਨ ਅਕਸਰ ਆਤਿਸ਼ਬਾਜ਼ੀ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਦੌਰਾਨ ਧਮਾਕੇ ਵਰਗੀਆਂ ਘਟਨਾਵਾਂ ਹੋਣਾਂ ਆਮ ਹਨ। ਲਗਭਗ ਚਾਰ ਸਾਲ ਪਹਿਲਾਂ ਕੇਂਦਰੀ ਹਿਡਾਲਗੋ ਰਾਜ ਦੇ ਹੁਏਹੁਏਟਲਾ ਨਗਰਪਾਲਿਕਾ ਦੇ ਇੱਕ ਪਿੰਡ ਵਿੱਚ ਇੱਕ ਸ਼ਕਤੀਸ਼ਾਲੀ ਪਟਾਕਿਆਂ ਦੇ ਧਮਾਕੇ ਵਿੱਚ 17 ਲੋਕ ਜ਼ਖਮੀ ਹੋ ਗਏ ਸਨ।















