ਜੌਹਨ ਐਬਰਾਹਮ ਨੇ 2003 ਵਿੱਚ ਆਪਣੇ ਕਰੀਅਰ ਦੀ ਸ਼ੁਰੂਆਤ ਫ਼ਿਲਮ ‘ਜਿਸਮ ‘ਤੋਂ ਕੀਤੀ ਸੀ। ਇਸ ਨਾਲ ਉਸ ਦੀ ਪਛਾਣ ਇੱਕ ਕਾਮੁਕ ਕਿਰਦਾਰ ਨਿਭਾਉਣ ਵਾਲੇ ਅਦਾਕਾਰ ਦੀ ਹੀ ਬਣ ਕੇ ਰਹਿ ਗਈ। ਉਸ ਤੋਂ ਬਾਅਦ ਉਸ ਨੇ ਐਕਸ਼ਨ ਅਤੇ ਕੌਮੇਡੀ ਫ਼ਿਲਮਾਂ ਵੀ ਕੀਤੀਆਂ, ਪਰ 2012 ਵਿੱਚ ਉਸ ਨੇ ਨਿਰਮਾਤਾ ਬਣ ਕੇ ਫ਼ਿਲਮ ‘ਵਿੱਕੀ ਡੋਨਰ ‘ਦਾ ਨਿਰਮਾਣ ਕੀਤਾ। ਇਸ ਨੂੰ ਜ਼ਬਰਦਸਤ ਸਫ਼ਲਤਾ ਮਿਲੀ ਅਤੇ ਨਾਲ ਹੀ ਰਾਸ਼ਟਰੀ ਇਨਾਮ ਵੀ ਪ੍ਰਾਪਤ ਹੋਇਆ। ਇਸ ਤੋਂ ਬਾਅਦ ਉਸ ਨੇ ਗੰਭੀਰ ਸਿਨਮਾ ਵੱਲ ਰੁਖ਼ ਕਰਦਿਆਂ ਸ੍ਰੀ ਲੰਕਾ ਦੇ ਜਾਫ਼ਨਾ ਇਲਾਕੇ ਵਿੱਚ 1980ਵਿਆਂ ਦੇ ਦਹਾਕੇ ਵਿੱਚ ਹੋਈ ਖ਼ਾਨਾਜੰਗੀ ‘ਤੇ ਆਧਾਰਿਤ ਇੱਕ ਰਾਜਨੀਤਕ ਐਕਸ਼ਨ ਫ਼ਿਲਮ ‘ਮਦਰਾਸ ਕੈਫ਼ੇ ‘ਬਣਾਈ ਜਿਸ ਵਿੱਚ ਉਸ ਨੇ ਖ਼ੁਦ ਰਾਅ ਏਜੰਟ ਦਾ ਮੁੱਖ ਕਿਰਦਾਰ ਨਿਭਾਇਆ। ਇਸ ਫ਼ਿਲਮ ਵਿੱਚ ਦਰਸ਼ਕਾਂ ਅੱਗੇ ਉਸ ਦੀ ਜ਼ਬਰਦਸਤ ਪੇਸ਼ਕਾਰੀ ਸਾਹਮਣੇ ਆਈ। ‘ਮਦਰਾਸ ਕੈਫ਼ੇ ‘ਨੇ ਉਸ ਨੂੰ ਇੱਕ ਚੰਗੇ ਕਲਾਕਾਰ ਦੇ ਰੂਪ ਵਿੱਚ ਹੀ ਨਹੀਂ ਪੇਸ਼ ਕੀਤਾ ਬਲਕਿ ਬੌਲੀਵੁੱਡ ਦੇ ਫ਼ਿਲਮ ਸਿਰਜਕਾਂ ਨੂੰ ਵੀ ਆਪਣੇ ਬਾਰੇ ਸੋਚਣ ਉੱਤੇ ਮਜਬੂਰ ਕੀਤਾ। ਇਸ ਤੋਂ ਬਾਅਦ ਉਸ ਦੀਆਂ ਦੋ ਫ਼ਿਲਮਾਂ ‘ਰੌਕੀ ਹੈਂਡਸਮ ‘ਅਤੇ ‘ਫ਼ੋਰਸ 2 ‘ਨੇ ਟਿਕਟ ਖਿੜਕੀ ਉੱਤੇ ਪਾਣੀ ਨਹੀਂ ਮੰਗਿਆ। ਹੁਣ ਇੱਕ ਵਾਰ ਫ਼ਿਰ ਉਹ ਬਤੌਰ ਨਿਰਮਾਤਾ ਅਤੇ ਐਕਟਰ ਫ਼ਿਲਮ ‘ਪਰਮਾਣੂ: ਏ ਸਟੋਰੀ ਔਫ਼ ਪੋਖ਼ਰਨ ‘ਲੈ ਕੇ ਆਇਆ ਹੈ। ਪ੍ਰਦਰਸ਼ਿਤ ਹੋਈ ਇਹ ਫ਼ਿਲਮ 1998 ਦੇ ਪਰਮਾਣੂ ਬੰਬ ਧਮਾਕੇ ਉੱਤੇ ਆਧਾਰਿਤ ਹੈ। ਪੇਸ਼ ਹੈ ਜੌਹਨ ਐਬਰਾਹਮ ਨਾਲ ਹੋਈ ਮੁਲਾਕਾਤ ਦੇ ਅੰਸ਼:
ਸਵਾਲ: ਤੁਹਾਡੀਆਂ ਪਿਛਲੀਆਂ ਫ਼ਿਲਮਾਂ ਟਿਕਟ ਖਿੜਕੀ ਉੱਤੇ ਕਮਾਲ ਨਹੀਂ ਕਰ ਸਕੀਆਂ। ਅਜਿਹਾ ਕਿਉਂ?
ਜਵਾਬ: ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ। ਫ਼ਿਲਮ ‘ਫ਼ੋਰਸ 2 ‘ਤਾਂ ਨੋਟਬੰਦੀ ਦੇ ਮੌਕੇ ਉੱਤੇ ਰਿਲੀਜ਼ ਹੋਈ ਸੀ, ਇਸ ਲਈ ਨਹੀਂ ਚੱਲੀ। ਉਸ ਤੋਂ ਪਹਿਲਾਂ ਮੇਰੀ ਫ਼ਿਲਮ ‘ਰੌਕੀ ਹੈਂਡਸਮ ‘ਅਸਫ਼ਲ ਹੋਈ, ਪਰ ਮੈਂ ਅੱਜ ਵੀ ਮੰਨਦਾ ਹਾਂ ਕਿ ‘ਰੌਕੀ ਹੈਂਡਸਮ ‘ਭਾਰਤ ਦੀ ਸਭ ਤੋਂ ਉੱਤਮ ਐਕਸ਼ਨ ਫ਼ਿਲਮ ਹੈ। ਦਰਸ਼ਕਾਂ ਨੂੰ ਸਿਰਫ਼ ਮਨੋਰੰਜਨ ਚਾਹੀਦਾ ਹੈ। ਇਸ ਲਈ ਉਹ ਨਹੀਂ ਚੱਲੀ। ਇਸ ਫ਼ਿਲਮ ਤੋਂ ਮੈਂ ਬਹੁਤ ਕੁੱਝ ਸਿੱਖਿਆ ਹੈ।
ਸਵਾਲ: ਜਿਵੇਂ ਤੁਸੀਂ ਕਿਹਾ ਕਿ ਭਾਰਤੀ ਦਰਸ਼ਕ ਮਨੋਰੰਜਨ ਦੇਖਣਾ ਚਾਹੁੰਦੇ ਹਨ, ਪਰ ਇਰਾਨੀ ਫ਼ਿਲਮਸਾਜ਼ ਮਾਜਿਦ ਮਜੀਦੀ ਦਾ ਮੰਨਣਾ ਹੈ ਕਿ ਮਨੋਰੰਜਨ ਦੇ ਨਾਮ ਉੱਤੇ ਵਿਦੇਸ਼ ਵਿੱਚ ਭਾਰਤ ਦੀ ਗ਼ਲਤ ਤਸਵੀਰ ਪੇਸ਼ ਕੀਤੀ ਜਾ ਰਹੀ ਹੈ?
ਜਵਾਬ: ਜਦੋਂ ਅਸੀਂ ਹਰ ਫ਼ਿਲਮ ਵਿੱਚ ਸਿਰਫ਼ ਨਾਚ ਗਾਣਾ ਦਿਖਾਵਾਂਗੇ ਤਾਂ ਵਿਦੇਸ਼ ਵਿੱਚ ਸਾਡੀਆਂ ਫ਼ਿਲਮਾਂ ਨੂੰ ਦੇਖ ਕੇ ਲੋਕ ਇਹੀ ਸੋਚਣਗੇ ਕਿ ਅਸੀਂ ਸਿਰਫ਼ ਨਾਚ ਗਾਣਾ ਹੀ ਕਰਦੇ ਰਹਿੰਦੇ ਹਾਂ। ਇਸ ਲਈ ‘ਮਦਰਾਸ ਕੈਫ਼ੇ ‘ਅਤੇ ‘ਪਰਮਾਣੂ ‘ਵਰਗੀਆਂ ਫ਼ਿਲਮਾਂ ਬਣਨੀਆਂ ਚਾਹੀਦੀਆਂ ਹਨ, ਪਰ ਮੈਂ ਇਹ ਵੀ ਮੰਨਦਾ ਹਾਂ ਕਿ ਭਾਰਤੀ ਫ਼ਿਲਮਸਾਜ਼, ਕਲਾਕਾਰ ਅਤੇ ਤਕਨੀਸ਼ੀਅਨ ਬਹੁਤ ਚੰਗੇ ਹਨ। ਦਰਸ਼ਕਾਂ ਨੂੰ ਵੀ ਮਨੋਰੰਜਨ ਚਾਹੀਦਾ ਹੈ। ਉਹ ਦਿਨ ਭਰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਨਾਲ ਜੂਝਦੇ ਹੋਏ ਘਰ ਪਹੁੰਚਦੇ ਹਨ ਤਾਂ ਤਨਾਅਗ੍ਰਸਤ ਹੋ ਜਾਂਦੇ ਹਨ। ਅਜਿਹੇ ਵਿੱਚ ਉਨ੍ਹਾਂ ਨੂੰ ਕੌਮੇਡੀ ਚਾਹੀਦੀ ਹੈ, ਮਨੋਰੰਜਨ ਚਾਹੀਦਾ ਹੈ। ਵੈਸੇ, ਹਰ ਕਿਸੇ ਦਾ ਆਪਣਾ ਨਜ਼ਰੀਆ ਹੁੰਦਾ ਹੈ। ਮੇਰਾ ਨਜ਼ਰੀਆ ਇਹ ਹੈ ਕਿ ਜਿੱਥੇ ਮਨੋਰੰਜਨ ਜ਼ਰੂਰੀ ਹੈ ਉੱਥੇ ‘ਮਦਰਾਸ ਕੈਫ਼ੇ ‘ਅਤੇ ‘ਪਰਮਾਣੂ ‘ਵਰਗੀਆਂ ਫ਼ਿਲਮਾਂ ਵੀ ਜ਼ਰੂਰੀ ਹਨ।
ਸਵਾਲ: ‘ਮਦਰਾਸ ਕੈਫ਼ੇ ‘ਅਤੇ ‘ਪਰਮਾਣੂ’ ਵਿੱਚ ਕੀ ਅੰਤਰ ਹਨ?
ਜਵਾਬ: ਪਹਿਲੀ ਗੱਲ ਤਾਂ ਇਹ ਹੈ ਕਿ ‘ਮਦਰਾਸ ਕੈਫ਼ੇ ‘ਸਿਆਣਪ ਭਰਪੂਰ ਫ਼ਿਲਮ ਸੀ ਜਦੋਂ ਕਿ ‘ਪਰਮਾਣੂ ‘ਬਹੁਤ ਸਰਲ ਅੰਦਾਜ਼ ਵਿੱਚ ਬਣੀ ਕਮਰਸ਼ਲ ਫ਼ਿਲਮ ਹੈ। ਮੈਂ ਚਾਹੁੰਦਾ ਸੀ ਕਿ ਇਹ ਕਹਾਣੀ ਹਰ ਆਮ ਇਨਸਾਨ ਤਕ ਪਹੁੰਚ ਸਕੇ। ਮੈਂ ‘ਪਰਮਾਣੂ ‘ਦੀ ਕਹਾਣੀ ਨੂੰ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਤਕ ਪੰਹੁਚਾਉਣਾ ਚਾਹੁੰਦਾ ਹਾਂ ਕਿ 11 ਮਈ, 1998 ਵਿੱਚ 3: 45 ਮਿੰਟ ਉੱਤੇ ਅਟਲ ਬਿਹਾਰੀ ਵਾਜਪਈ ਦੇ ਪ੍ਰਧਾਨ ਮੰਤਰੀ ਕਾਲ ਵਿੱਚ ਪੋਖ਼ਰਨ ਵਿੱਚ ਪਰਮਾਣੂ ਬੰਬ ਧਮਾਕੇ ਕਰਾਏ ਗਏ ਸਨ। ਇਸ ਨਾਲ ਪੂਰੇ ਵਿਸ਼ਵ ਵਿੱਚ ਭਾਰਤ ਇੱਕ ਵੱਖ ਸ਼ਕਤੀ ਬਣ ਕੇ ਉਭਰਿਆ। ਇਹੀ ਵਜ੍ਹਾ ਹੈ ਕਿ ਅਸੀਂ 11 ਮਈ, 2018 ਨੂੰ 3: 45 ਮਿੰਟ ਉੱਤੇ ਆਪਣੀ ਇਸ ਫ਼ਿਲਮ ਦਾ ਟਰੇਲਰ ਜਾਰੀ ਕਰ ਕੇ ਇਸ ਦਾ ਜਸ਼ਨ ਮਨਾਇਆ। ਮੈਂ ਕੋਈ ਉਪਦੇਸ਼ਾਤਮਕ ਨਹੀਂ ਸਗੋਂ ਕਮਰਸ਼ਲ ਫ਼ਿਲਮ ਬਣਾਈ ਹੈ ਕਿਉਂਕਿ ਮੇਰਾ ਮਕਸਦ ਇਸ ਕਹਾਣੀ ਨੂੰ ਹਰ ਆਮ ਇਨਸਾਨ ਤਕ ਪਹੁੰਚਾਉਣਾ ਹੈ।
ਸਵਾਲ: ਫ਼ਿਲਮ ‘ਪਰਮਾਣੂ: ਏ ਸਟੋਰੀ ਔਫ਼ ਪੋਖ਼ਰਨ ‘ਵਿੱਚ ਕੀ ਕੀ ਹੈ?
ਜਵਾਬ: ਅਸੀਂ ਉਸ ਵਕਤ ਦੇ ਸਾਰੇ ਘਟਨਾਕ੍ਰਮ ਨੂੰ ਜਿਵੇਂ ਦਾ ਤਿਵੇਂ ਰੱਖਣ ਦੀ ਕੋਸ਼ਿਸ਼ ਕੀਤੀ ਹੈ। ਮੂਲ ਕਹਾਣੀ ਇਹੀ ਹੈ ਕਿ ਅਸੀਂ ਪਰਮਾਣੂ ਟੈੱਸਟ ਨੂੰ ਕਿਵੇਂ ਅੰਜਾਮ ਦਿੱਤਾ। ਅਮਰੀਕਨ ਅਤੇ ਪਾਕਿਸਤਾਨੀ ਸੈਟੇਲਾਈਟਾਂ ਦੀਆਂ ਨਜ਼ਰਾਂ ਤੋਂ ਬਚਾ ਕੇ ਅਸੀਂ ਇਹ ਕਿਵੇਂ ਕੀਤਾ? ਸਾਡੇ ਲਈ ਇਹ ਫ਼ਿਲਮ ਚੁਣੌਤੀ ਸੀ। ਹਰ ਇੱਕ ਦ੍ਰਿਸ਼ ਉੱਤੇ ਮੈਂ ਖ਼ੁਦ ਆਪ ਧਿਆਨ ਦਿੱਤਾ।
ਸਵਾਲ: ਫ਼ਿਲਮ ਵਿੱਚ ਤੁਹਾਡਾ ਆਪਣਾ ਕਿਰਦਾਰ ਕੀ ਹੈ?
ਜਵਾਬ: ਦੇਖੋ, ਅਸੀਂ ਵਿਗਿਆਨੀਆਂ ਦੀ ਪਛਾਣ ਪ੍ਰਗਟ ਨਹੀਂ ਕਰ ਸਕਦੇ। ਇਸ ਲਈ ਸਾਰੇ ਕਿਰਦਾਰ ਕਾਲਪਨਿਕ ਹਨ। ਉਸ ਵਕਤ ਜਿੰਨੇ ਵਿਗਿਆਨੀ ਸਨ, ਚਾਹੇ APJ ਅਬਦੁਲ ਕਲਾਮ ਰਹੇ ਹੋਣ ਜਾਂ ਵਿਗਿਆਨੀ ਚਿਦੰਬਰਮ ਰਹੇ ਹੋਣ। ਅਸੀਂ ਇਨ੍ਹਾਂ ਸਭ ਦੇ ਨਾਮ ਬਦਲ ਦਿੱਤੇ ਹਨ। ਫ਼ਿਲਮ ਵਿੱਚ ਮੇਰੇ ਕਿਰਦਾਰ ਦਾ ਨਾਮ ਆਸ਼ਵਤ ਰੈਨਾ ਹੈ। ਉਹ ਪ੍ਰਧਾਨ ਮੰਤਰੀ ਦੇ ਦਫ਼ਤਰ ਵਿੱਚ ਇੱਕ ਨੌਕਰਸ਼ਾਹ ਹੈ। ਸਾਧਾਰਨ ਕਿਰਦਾਰ ਹੈ। ਹਾਂ, ਥੋੜ੍ਹਾ ਜਿਹਾ ਢਿੱਡ ਜ਼ਰੂਰ ਨਿਕਲਿਆ ਹੋਇਆ ਹੈ।
ਸਵਾਲ: ਮਤਲਬ ਤੁਸੀਂ ਇਸ ਫ਼ਿਲਮ ਵਿੱਚ ਐਕਸ਼ਨ ਕਰਦੇ ਹੋਏ ਨਜ਼ਰ ਨਹੀਂ ਆਓਗੇ?
ਜਵਾਬ: ਬਿਲਕੁਲ ਨਹੀਂ, ਪਰ ਅਗਲੀ ਫ਼ਿਲਮ ‘ਸਤਿਆਮੇਵ ਜਯਤੇ ‘ਵਿੱਚ ਜ਼ਬਰਦਸਤ ਐਕਸ਼ਨ ਹੈ। ਹਰ ਫ਼ਿਲਮ ਦੇ ਕਥਾਨਕ ਦੀ ਵੱਖ ਮੰਗ ਹੁੰਦੀ ਹੈ। ਅਸੀਂ ਕਲਾਕਾਰ ਉਸ ਮੰਗ ਨੂੰ ਪੂਰਾ ਕਰਨ ਦੀ ਇਮਾਨਦਾਰ ਕੋਸ਼ਿਸ਼ ਕਰਦੇ ਹਾਂ। ਉਂਝ ਮੈਂ ਦੱਸ ਦੇਵਾਂ ਕਿ ਲੋਕ ਮੈਨੂੰ ਐਕਸ਼ਨ ਹੀਰੋ ਮੰਨਦੇ ਹਨ, ਪਰ ਅਸਲ ਵਿੱਚ ਮੈਨੂੰ ਕੌਮੇਡੀ ਬਹੁਤ ਪਸੰਦ ਹੈ। ਮੈਂ ਕੌਮੇਡੀ ਫ਼ਿਲਮ ਕਰਨਾ ਚਾਹੁੰਦਾ ਹਾਂ।
ਸਵਾਲ: ਸਿਨਮਾ ਵਿੱਚ ਤਬਦੀਲੀ ਦੀਆਂ ਬਹੁਤ ਗੱਲਾਂ ਕੀਤੀਆਂ ਜਾ ਰਹੀਆਂ ਹਨ। ਕੀ ਅਸਲ ਵਿੱਚ ਸਿਨਮਾ ਬਦਲਿਆ ਹੈ?
ਜਵਾਬ:ਕੁੱਝ ਨਹੀਂ ਬਦਲਿਆ। ਮੰਨਿਆ ਕਿ ਕੁੱਝ ਵੱਖ ਤਰ੍ਹਾਂ ਦੀਆਂ ਫ਼ਿਲਮਾਂ ਨੇ ਸਫ਼ਲਤਾ ਦਰਜ ਕਰਾਉਂਦੇ ਹੋਏ ਚੰਗੀ ਕਮਾਈ ਕੀਤੀ ਹੈ, ਪਰ ਅਸੀਂ ਅੱਜ ਵੀ ਇੱਕ ਹੀ ਤਰ੍ਹਾਂ ਦੀਆਂ ਮਸਾਲਾ ਫ਼ਿਲਮਾਂ ਹੀ ਬਣਾ ਰਹੇ ਹਾਂ। ਮੈਂ ਇਹ ਨਹੀਂ ਕਹਿੰਦਾ ਕਿ ਮੈਨੂੰ ਇਸ ਤਰ੍ਹਾਂ ਦਾ ਸਿਨਮਾ ਵੇਖਣਾ ਪਸੰਦ ਨਹੀਂ। ਇਹ ਮੈਨੂੰ ਵੀ ਚੰਗਾ ਲੱਗਦਾ ਹੈ। ਮੇਰੀ ਰਾਇ ਵਿੱਚ ਹਰ ਕਿਸਮ ਦੀਆਂ ਫ਼ਿਲਮਾਂ ਬਣਨੀਆਂ ਚਾਹੀਦੀਆਂ ਹਨ।
ਸਵਾਲ: ਆਪਣੀ ਅਗਲੀ ਫ਼ਿਲਮ ‘ਸਤਿਅਮੇਵ ਜਯਤੇ ‘ਨੂੰ ਲੈ ਕੇ ਕੀ ਕਹੋਗੇ?
ਜਵਾਬ: ਮੈਂ ਇਸ ਨੂੰ ਡਾਇਲਾਗਬਾਜ਼ੀ ਵਾਲੀ ਫ਼ਿਲਮ ਮੰਨਦਾ ਹਾਂ, ਪਰ ਇਹ ਕਮਰਸ਼ਲ ਫ਼ਿਲਮ ਹੈ। ਮੇਰਾ ਅਤੇ ਮਨੋਜ ਬਾਜਪੇਈ ਦਾ ਮਹੱਤਵਪੂਰਨ ਕਿਰਦਾਰ ਹੈ। ਉਹ ਪੁਲੀਸ ਦੇ ਕਿਰਦਾਰ ਵਿੱਚ ਅਤੇ ਮੈਂ ਚੋਰ ਦੇ ਕਿਰਦਾਰ ਵਿੱਚ ਹਾਂ। ਇਸ ਲਈ ਇਹ ਚੋਰ ਪੁਲੀਸ ਦੀ ਕਹਾਣੀ ਹੋ ਗਈ। ਇਸ ਵਿੱਚ ਸਾਡੀ ਜੁਗਲਬੰਦੀ ਵੀ ਕਮਾਲ ਦੀ ਹੈ।











