ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਮੁਫ਼ਤੀ ਮੁਹੰਮਦ ਸਈਦ ਦਾ ਦੇਹਾਂਤ

2ਨਵੀਂ ਦਿੱਲੀ  : ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਮੁਫਤੀ ਮੁਹੰਮਦ ਸਈਦ ਦਾ ਅੱਜ ਇਥੋਂ ਦੇ ਏਮਜ਼ ਵਿਚ ਦੇਹਾਂਤ ਹੋ ਗਿਆ। ਉਹ 79 ਵਰ੍ਹਿਆਂ ਦੇ ਸਨ। ਫੇਫੜਿਆਂ ਦੀ ਬਿਮਾਰੀ ਨਾਲ ਪੀੜਤ ਮੁਫਤੀ ਮੁਹੰਮਦ ਸਈਦ ਨੂੰ ਬੀਤੀ 24 ਦਸੰਬਰ ਨੂੰ ਏਮਜ਼ ਵਿਚ ਦਾਖ਼ਲ ਕਰਵਾਇਆ ਗਿਆ ਸੀ, ਜਿਥੇ ਉਹ ਆਈ.ਸੀ.ਯੂ ਵਿਚ ਸਨ। ਇਸ ਦੌਰਾਨ ਮੁਫ਼ਤੀ ਮੁਹੰਮਦ ਸਈਦ ਦੇ ਦੇਹਾਂਤ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਇਸ ਤੋਂ ਇਲਾਵਾ ਹੋਰਨਾਂ ਕੇਂਦਰੀ ਆਗੂਆਂ ਨੇ ਵੀ ਸਈਦ ਦੇ ਅਕਾਲ ਚਲਾਣੇ ‘ਤੇ ਦੁੱਖ ਪ੍ਰਗਟ ਕੀਤਾ ਹੈ।
ਜ਼ਿਕਰਯੋਗ ਹੈ ਕਿ ਮੁਫ਼ਤੀ ਮੁਹੰਮਦ ਸਈਦ ਦਾ ਜਨਮ 12 ਜਨਵਰੀ 1936 ਨੂੰ ਹੋਇਆ ਸੀ। ਉਹ 1 ਮਾਰਚ 2015 ਨੂੰ ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਬਣੇ ਸਨ। ਉਹ ਜੰਮੂ ਅਤੇ ਕਸ਼ਮੀਰ ਪੀਪਲਜ਼ ਡੈਮੋਕ੍ਰੈਟਿਕ ਪਾਰਟੀ ਦੇ ਪ੍ਰਧਾਨ ਸਨ। ਉਹ ਭਾਰਤ ਦੇ ਗ੍ਰਹਿ ਮੰਤਰੀ ਵੀ ਰਹਿ ਚੁੱਕੇ ਹਨ। 2014 ਦੀਆਂ ਚੋਣਾਂ ਵਿਚ ਉਹ ਅਨੰਤਨਾਗ ਸੀਟ ਤੋਂ ਕਾਂਗਰਸ ਦੇ ਉਮੀਦਵਾਰ ਹਿਲਾਲ ਅਹਿਮਦ ਸ਼ਾਹ ਨੂੰ 6028 ਵੋਟਾਂ ਨਾਲ ਹਰਾ ਕੇ ਵਿਧਾਇਕ ਚੁਣੇ ਗਏ ਸਨ।
ਮੁੱਖ ਮੰਤਰੀ ਵੱਲੋਂ ਮੁਫਤੀ ਮੁਹੰਮਦ ਸਈਦ ਦੀ ਮੌਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ
ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਸ੍ਰੀ ਮੁਫਤੀ ਮੁਹੰਮਦ ਸਈਦ (79) ਦੀ ਮੌਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ, ਜਿਨ੍ਹਾਂ ਦਾ ਅੱਜ ਸਵੇਰੇ ਨਵੀਂ ਦਿੱਲੀ ਵਿਖੇ ਸੰਖੇਪ ਬਿਮਾਰੀ ਤੋਂ ਬਾਅਦ ਦਿਹਾਂਤ ਹੋ ਗਿਆ ਹੈ।
ਆਪਣੇ ਸ਼ੋਕ ਸੰਦੇਸ਼ ਵਿਚ ਮੁੱਖ ਮੰਤਰੀ ਨੇ ਸ੍ਰੀ ਸਈਦ ਨੂੰ ਆਵਾਮ ਦਾ ਆਗੂ, ਸਦਾਬਹਾਰ ਸਿਆਸਤਦਾਨ, ਯੋਗ ਪ੍ਰਸ਼ਾਸਕ ਅਤੇ ਇਕ ਵਧੀਆ ਇਨਸਾਨ ਦੱਸਿਆ। ਉਨ੍ਹਾਂ ਕਿਹਾ ਕਿ ਸ੍ਰੀ ਸਈਦ ਦੀ ਮੌਤ ਦੇ ਨਾਲ ਦੇਸ਼ ਖਾਸ ਤੌਰ ‘ਤੇ ਜੰਮੂ-ਕਸ਼ਮੀਰ ਦੀ ਸਿਆਸਤ ਵਿਚ ਇਕ ਖਲਾਅ ਪੈਦਾ ਹੋ ਗਿਆ ਹੈ ਜਿਸ ਨੂੰ ਨੇੜਲੇ ਭਵਿੱਖ ਵਿਚ ਭਰਿਆ ਜਾਣਾ ਮੁਸ਼ਕਲ ਹੈ।
ਪੀੜਤ ਪਰਿਵਾਰ ਖਾਸ ਕਰਕੇ ਉਨ੍ਹਾਂ ਦੀ ਪੁੱਤਰੀ ਤੇ ਪੀਪਲਜ਼ ਡੈਮੋਕਰੈਟਿਕ ਪਾਰਟੀ (ਪੀ.ਡੀ.ਪੀ) ਦੀ ਪ੍ਰਧਾਨ ਮਹਿਬੂਬਾ ਮੁਫਤੀ ਦੇ ਨਾਲ ਦੁੱਖ ਪ੍ਰਗਟ ਕਰਦੇ ਹੋਏ ਸ. ਬਾਦਲ ਨੇ ਵਿਛੜੀ ਆਤਮਾ ਦੀ ਰੂਹ ਦੀ ਸ਼ਾਂਤੀ ਅਤੇ ਇਹ ਨਾ ਪੂਰਿਆ ਜਾ ਸਕਣ ਵਾਲਾ ਘਾਟਾ ਸਹਿਣ ਕਰਨ ਲਈ ਪਰਿਵਾਰ ਨੂੰ ਬਲ ਬਖਸ਼ਣ ਵਾਸਤੇ ਪਰਮਾਤਮਾ ਅੱਗੇ ਅਰਦਾਸ ਕੀਤੀ।
ਸੁਖਬੀਰ ਬਾਦਲ ਨੇ ਮੁਫਤੀ ਮੁਹੰਮਦ ਸਈਦ ਦੇ ਦੇਹਾਂਤ ‘ਤੇ ਮਹਿਬੂਬਾ ਮੁਫਤੀ ਨਾਲ ਪ੍ਰਗਟਾਇਆ ਦੁੱਖ
ਚੰਡੀਗੜ੍ਹ :  ਪੰਜਾਬ ਦੇ ਉੱਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਅੱਜ ਜੰਮੂ ਅਤੇ ਕਸ਼ਮੀਰ ਦੇ ਮੁੱਖ ਮੰਤਰੀ ਸ੍ਰੀ ਮੁਫਤੀ ਮੁਹੰਮਦ ਸਈਅਦ ਦੇ ਦੇਹਾਂਤ ਉੱਤੇ ਉਨ੍ਹਾਂ ਦੀ ਧੀ ਮਹਿਬੂਬਾ ਮੁਫਤੀ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਸ੍ਰੀ ਸਈਅਦ ਦਾ ਅੱਜ ਸਵੇਰੇ ਨਵੀਂ ਦਿੱਲੀ ਦੇ ਏਮਜ਼ ਵਿਖੇ ਦਿਹਾਂਤ ਹੋ ਗਿਆ ਸੀ।
ਸ੍ਰੀ ਸਈਅਦ ਦੀ ਧੀ ਅਤੇ ਪੀਪਲਜ਼ ਡੈਮੋਕਰੈਟਿਕ ਪਾਰਟੀ ਦੀ ਪ੍ਰਧਾਨ ਮਹਿਬੂਬਾ ਮੁਫਤੀ ਨੂੰ ਭੇਜੇ ਆਪਣੇ ਸ਼ੋਕ ਸੁਨੇਹੇ ਵਿਚ ਸ. ਬਾਦਲ ਨੇ ਕਿਹਾ ਕਿ ਜੰਮੂ ਅਤੇ ਕਸ਼ਮੀਰ ਦੇ ਲੋਕ ਇਕ ਸਿਆਸਤਦਾਨ ਵੱਜੋਂ ਅਤੇ ਦੋ ਵਾਰ ਮੁੱਖ ਮੰਤਰੀ ਰਹਿੰਦੇ ਹੋਏ ਜੰਮੂ ਅਤੇ ਕਸ਼ਮੀਰ ਦੇ ਵਿਕਾਸ ਤੇ ਭਲਾਈ ਲਈ ਸ੍ਰੀ ਸਈਅਦ ਵੱਲੋਂ ਪਾਏ ਗਏ ਯੋਗਦਾਨ ਨੂੰ ਹਮੇਸ਼ਾ ਯਾਦ ਰੱਖਣਗੇ। ਸ. ਬਾਦਲ ਨੇ ਅੱਗੇ ਕਿਹਾ ਕਿ ਕੇਂਦਰੀ ਗ੍ਰਹਿ ਮੰਤਰੀ ਹੁੰਦੇ ਹੋਏ ਸ੍ਰੀ ਸਈਅਦ ਨੇ ਦੇਸ਼ ਲਈ ਜ਼ਿਕਰਯੋਗ ਕੰਮ ਕੀਤੇ।
ਉੱਪ ਮੁੱਖ ਮੰਤਰੀ ਨੇ ਕਿਹਾ ਕਿ ”ਸ੍ਰੀ ਸਈਅਦ ਦਾ ਦੇਹਾਂਤ ਨਾ ਸਿਰਫ ਜੰਮੂ ਅਤੇ ਕਸ਼ਮੀਰ ਸੂਬੇ ਲਈ ਇਕ ਨਾ ਪੂਰਾ ਹੋਣ ਵਾਲਾ ਘਾਟਾ ਹੈ ਸਗੋਂ ਇਸ ਨਾਲ ਕੌਮੀ ਸਿਆਸਤ ਵਿਚ ਵੀ ਇਕ ਵੱਡਾ ਖਲਾਅ ਪੈਦਾ ਹੋ ਗਿਆ ਹੈ।”
ਉੱਪ ਮੁੱਖ ਮੰਤਰੀ ਨੇ ਕਿਹਾ ਕਿ ਜੰਮੂ ਅਤੇ ਕਸ਼ਮੀਰ ਦੇ ਲੋਕਾਂ ਨੇ ਸਾਲ 1999 ਵਿਚ ਸ੍ਰੀ ਸਈਅਦ ਵੱਲੋਂ ਕਾਇਮ ਕੀਤੀ ਪਾਰਟੀ ਵਿਚ ਆਪਣਾ ਵਿਸ਼ਵਾਸ ਪ੍ਰਗਟਾਉਂਦੇ ਹੋਏ ਇਸ ਨੂੰ ਸਾਲ 2014 ਵਿਚ ਸੱਤਾ ਵਿਚ ਲਿਆਂਦਾ ਸੀ। ਸ. ਬਾਦਲ ਨੇ ਅਕਾਲ ਪੁਰਖ ਨੂੰ ਅਰਦਾਸ ਕੀਤੀ ਕਿ ਉਹ ਇਸ ਦੁੱਖ ਦੀ ਘੜੀ ਵਿਚ ਸ੍ਰੀ ਸਈਅਦ ਦੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ ਅਤੇ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿਚ ਥਾਂ ਦੇਵੇ।