ਸਵੇਰ ਵੇਲੇ ਖ਼ਾਲੀ ਪੇਟ ਕਿਹੜੇ ਭੋਜਨ ਖਾਣੇ ਹਨ ਚੰਗੇ

ਰਾਤ ਦੀ ਲਗਭਗ 7-8 ਘੰਟੇ ਦੀ ਨੀਂਦ ਤੋਂ ਬਾਅਦ ਨਵੇਂ ਦਿਨ ਦਾ ਸ਼ੁਭ ਅਰੰਭ ਹੁੰਦਾ ਹੈ। ਹਰ ਇੱਕ ਚਾਹੁੰਦਾ ਹੈ ਕਿ ਚੜ੍ਹਨ ਵਾਲਾ ਦਿਨ ਖ਼ੁਸ਼ੀਆਂ ਭਰਪੂਰ, ਸਫ਼ਲਤਾ ਅਤੇ ਸੁਖੀ ਹੋਵੇ।
ਪੇਟ ਵਿੱਚ ਚਾਰ ਤੈਹਾਂ ਹੁੰਦੀਆਂ ਹਨ। ਸਭ ਤੋਂ ਅੰਦਰਲੀ ਤੈਹ ਨੂੰ ਮੂਕੋਸ਼ ਆਖਦੇ ਹਨ। ਇਹ ਨਰਮ, ਕੋਮਲ ਅਤੇ ਪੱਧਰੀ ਹੁੰਦੀ ਹੈ। ਇਸ ਦੀ ਮੋਟਾਈ ਲਗਭਗ ਇੱਕ ਮਿਲੀਮੀਟਰ ਹੁੰਦੀ ਹੈ। ਖ਼ਾਲੀ ਪੇਟ ਖਾਧਾ ਭੋਜਨ ਸਿੱਧਾ ਇਸ ਦੇ ਸੰਪਰਕ ਵਿੱਚ ਆਉਂਦਾ ਹੈ। ਕੇਵਲ ਉਹ ਹੀ ਭੋਜਨ ਖਾਧੇ ਜਾਣ ਜੋ ਤਹਿ ਨੂੰ ਕੋਈ ਹਾਨੀ ਨਾ ਕਰੇ ਇਸ ਤਰ੍ਹਾਂ ਮੈਟੈਬਲਿਜ਼ਮ ਨੇ ਪੂਰਾ ਕੰਮ ਸ਼ੁਰੂ ਕਰਨਾ ਹੁੰਦਾ ਹੈ। ਸ਼ਰੀਰ ਦੇ ਕਈ ਭਾਗਾਂ ਨੇ ਕੰਮ ਕਰਨਾ ਸ਼ੁਰੂ ਕਰਨਾ ਹੁੰਦਾ ਹੈ।
ਸਾਰੀ ਰਾਤ ਸ਼ਰੀਰ ਵਿੱਚ ਪਸੀਨੇ, ਸਾਹ ਅਤੇ ਪਿਸ਼ਾਬ ਰਾਹੀਂ ਪਾਣੀ ਬਾਹਰ ਨਿਕਲਦਾ ਰਹਿੰਦਾ ਹੈ। ਸਵੇਰ ਉੱਠਣ ਸਮੇਂ ਸ਼ਰੀਰ ਵਿੱਚ ਪਾਣੀ ਦੀ ਘਾਟ ਹੁੰਦੀ ਹੈ। ਸਵੇਰੇ ਉਠਦੇ ਸਾਰ ਘੱਟੋ-ਘੱਟ ਇੱਕ ਗਿਲਾਸ ਪਾਣੀ ਪੀਣਾ ਚਾਹੀਦਾ ਹੈ। ਵਾਧੂ ਪਾਣੀ ਦਿਨ ਦੇ ਹੋਰ ਸਮੇਂ ਵੀ ਲਿਆ ਜਾ ਸਕਦਾ ਹੈ। ਪਾਣੀ ਸ਼ਰੀਰ ਦੇ ਟੌਕਸਿਨਜ਼ ਬਾਹਰ ਕਢਦਾ ਹੈ ਜੋ ਕਿ ਮੈਟਾਗੋਲਿਜ਼ਮ ਕ੍ਰਿਆ ਲਈ ਜ਼ਰੂਰੀ ਹੈ।
ਉਸ ਤੋਂ ਬਾਅਦ ਸੌਣ ਵਾਲੇ ਕਮਰੇ ਦੇ ਪਰਦੇ ਹਟਾਓ ਤਾਂ ਜੋ ਕੁਦਰਤੀ ਰੋਸ਼ਨੀ ਹੌਲੀ-ਹੌਲੀ ਆਉਣੀ ਸ਼ੁਰੂ ਹੋਵੇ ਅਤੇ ਦਿਮਾਗ਼ ਨੂੰ ਦਿਨ ਚੜ੍ਹਨ ਦਾ ਸੰਦੇਸ਼ ਜਾ ਸਕੇ। ਭੋਜਨ ਜੋ ਖ਼ਾਲੀ ਪੇਟ ਖਾਧੇ ਜਾ ਸਕਦੇ ਹਨ।
ਬਦਾਮ: ਰਾਤ ਨੂੰ ਤਕਰੀਬਨ 10 ਬਦਾਮ ਪਾਣੀ ਵਿੱਚ ਪਿਓ ਦੇਵੋ। ਸਵੇਰ ਵੇਲੇ ਛਿਲਕਾ ਉਤਾਰ ਕੇ ਖਾਵੋ, ਬਦਾਮ ਵਾਇਟਾਮਿਨ, ਮਿਨਰਲਜ਼, ਐਂਟੀਔਕਸੀਡੈਂਟਸ, ਆਦਿ ਨਾਲ ਭਰਪੂਰ ਹੁੰਦੇ ਹਨ।
ਪਪੀਤਾ: ਇਸ ਵਿੱਚ ਕਈ ਪੋਸ਼ਟਿਕ ਤੱਤ ਹੁੰਦੇ ਹਨ, ਰੇਸ਼ੇ ਹੁੰਦੇ ਹਨ ਅਤੇ ਐਨਜ਼ਾਈਮਜ਼ ਹੁੰਦੇ ਹਨ, ਪ੍ਰੰਤੂ ਪਪੀਤਾ ਖਾਣ ਤੋਂ ਬਾਅਦ ਲਗਭਗ 30 ਮਿੰਟ ਭੋਜਨ ਨਾ ਖਾਵੋ।
ਤਰਬੂਜ਼: ਸਵੇਰ ਵੇਲੇ ਕਾਫ਼ੀ ਲਾਭਵੰਦ ਹੁੰਦੇ ਹਨ। ਇਸ ਵਿੱਚ ਪੌਸ਼ਟਿਕ ਤੱਤ, ਲਾਈਪੀਨ, ਆਦਿ ਹੁੰਦੇ ਹਨ। ਖਾਣ ਤੋਂ ਬਾਅਦ ਲਗਭਗ 30 ਮਿੰਟ ਕੁੱਝ ਨਾ ਖਾਵੋ।
ਖੰਜੂਰ: ਇਹ ਫ਼ੌਰਨ ਸ਼ਕਤੀ ਦਿੰਦੇ ਹਨ। ਪਾਚਨ ਪ੍ਰਣਾਲੀ ਲਈ ਅੱਛੇ ਹਨ।
ਸ਼ਹਿਦ: ਕੋਸੇ ਪਾਣੀ ਨਾਲ ਸ਼ਹਿਦ ਲੈਣਾ ਬਹੁਤ ਉਪਯੋਗੀ ਹੁੰਦਾ ਹੈ। ਇਹ ਪਾਚਨ ਪ੍ਰਣਾਲੀ, ਐਮਿਉਨਿਟੀ, ਮਟੈਬਲਿਜ਼ਮ ਸ਼ਕਤੀ, ਆਦਿ ਲਈ ਲਾਭਵੰਦ ਹੈ।
ਓਟਮੀਲ: ਇਸ ਵਿੱਚ ਘੁਲਣਸ਼ੀਲ ਰੇਸ਼ੇ ਹੁੰਦੇ ਹਨ। ਇਹ ਮੂਕੋਸ਼ ਤਹਿ ਨੂੰ ਢੱਕ ਲੈਂਦੇ ਹਨ ਅਤੇ ਬਹੁਤ ਉਪਯੋਗੀ ਹਨ। ਦਲੀਆ ਇੱਕ ਵਧੀਆ ਬਦਲ ਹੈ।
ਨੱਟਸ: ਪੌਸ਼ਟਿਕ ਤੱਤਾਂ ਦੇ ਭੰਡਾਰ ਹਨ, ਬਹੁਤ ਉਪਯੋਗੀ ਹਨ।
ਅੰਡੇ: ਇਹ ਪਰੋਟੀਨ ਅਤੇ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦੇ ਹਨ।
ਸਾਬਤ ਅਨਾਜ ਦੀ ਡਬਲ ਰੋਟੀ: ਇਹ ਡਬਲ ਰੋਟੀ ਬਿਨਾ ਈਸਟ ਤੋਂ ਹੋਣੀ ਚਾਹੀਦੀ ਹੈ। ਸਰੀਰ ਦੀਆਂ ਮੁੱਖ ਲੋੜਾਂ ਲਈ ਜ਼ਰੂਰੀ ਹੈ।
ਖ਼ਾਲੀ ਪੇਟ ਨਾ ਖਾਣ ਵਾਲਾ ਭੋਜਨ
ਕੇਲਾ: ਕੇਲੇ ਵਿੱਚ ਮੈਗਨੀਸ਼ੀਅਮ ਜ਼ਿਆਦਾ ਹੁੰਦਾ ਹੈ। ਇਹ ਖ਼ੂਨ ਵਿੱਚ ਕੈਲਸ਼ੀਅਮ ਦਾ ਸੰਤੁਲਨ ਵਿਗਾੜਦਾ ਹੈ।
ਦਹੀਂ: ਦਹੀਂ ਵਿੱਚ ਅੱਡੇ ਜੀਵਾਣੂ ਹੁੰਦੇ ਹਨ। ਪੇਟ ਵਿੱਚ ਤੇਜ਼ਾਬ ਪੈਦਾ ਹੁੰਦਾ ਹੈ ਜੋ ਇਨ੍ਹਾਂ ਜੀਵਾਣੂਆਂ ਨੂੰ ਮਾਰ ਦਿੰਦਾ ਹੈ ਅਤੇ ਦਹੀਂ ਪੂਰਾ ਲਾਭ ਨਹੀਂ ਦਿੰਦਾ।
ਖੀਰਾ ਅਤੇ ਹਰੀਆਂ ਸਬਜ਼ੀਆਂ: ਇਨ੍ਹਾਂ ਵਿਚਲੇ ਅਮੀਨੋ ਐਸਿਡ ਖ਼ਾਲੀ ਪੇਟ ਦਰਦ ਜਾਂ ਗੈਸ ਕਰਦੇ ਹਨ।
ਨਾਸਪਾਤੀ ਅਤੇ ਮੂਲੀਆਂ: ਖ਼ਾਲੀ ਪੇਟ ਖਾਣ ਨਾਲ ਪੇਟ ਦੀ ਤਹਿ ਨੂੰ ਨੁਕਸਾਨ ਕਰ ਸਕਦੇ ਹਨ।
ਮਸਾਲੇਦਾਰ ਭੋਜਨ: ਇਹ ਪੇਟ ਦੀ ਤਹਿ ਨੂੰ ਤੰਗ ਕਰਦੇ ਹਨ।
ਕੋਲਡ ਡਰਿੰਕਸ: ਇਨ੍ਹਾਂ ਵਿਚਲੀ ਖੰਡ ਅਤੇ ਤੇਜ਼ਾਬ ਮਾਰੂ ਅਸਰ ਕਰਦੇ ਹਨ।
ਫ਼ਲ: ਪਾਈਨ ਐਪਲ, ਲੀਚੀ, ਅੰਗੂਰ ਅਤੇ ਅੰਬ ਖ਼ਾਲੀ ਪੇਟ ਖਾਣੇ ਠੀਕ ਨਹੀਂ ਰਹਿੰਦੇ।
ਦਵਾਈਆਂ: ਡਾਕਟਰ ਦੀ ਸਲਾਹ ਤੋਂ ਬਿਨਾ ਕਦੇ ਵੀ ਕੋਈ ਦਵਾਈ ਖ਼ਾਲੀ ਪੇਟ ਨਾ ਖਾਵੋ।
ਪੇਸਟਰੀ, ਮਿਠਾਈਆਂ, ਫ਼ਰੂਟ ਜੂਸ, ਯੀਸਟ ਨਹੀਂ ਖਾਣੇ ਚਾਹੀਦੇ।
ਚਾਹ/ਕੌਫ਼ੀ: ਮਾਹਿਰ ਇਨ੍ਹਾਂ ਨੂੰ ਖ਼ਾਲੀ ਪੇਟ ਪੀਣ ਤੋਂ ਮਨ੍ਹਾ ਕਰਦੇ ਹਨ। ਇਹ ਸਿਸਟਮ ਨੂੰ ਤੇਜ਼ਾਬੀ ਕਰਦੇ ਹਨ। ਜੂਸ, ਬਾਈਲ ਨੂੰ ਪੂਰਾ ਉਤਪੰਨ ਹੋਣ ਨਹੀਂ ਦਿੰਦੇ। ਚਾਹ ਨਾਲ ਕੁੱਝ ਖਾਣ ਨਾਲ ਖ਼ਤਰੇ ਨੂੰ ਕੁਝ ਘੱਟ ਕੀਤਾ ਜਾ ਸਕਦਾ ਹੈ।

ਸ੍ਰ. ਮਹਿੰਦਰ ਸਿੰਘ ਵਾਲੀਆ
ਜ਼ਿਲ੍ਹਾ ਸਿੱਖਿਆ ਅਫ਼ਸਰ (ਸੇਵਾ ਮੁਕਤ)
ਬਰੈਂਪਟਨ (ਕੈਨੇਡਾ) 647-856-4280