ਸੁਰਜੀਤ ਜੱਸਲ
ਸਾਲ ਪੁਰਾਣੀ ਗੱਲ ਹੈ, ਮਾਲਵੇ ‘ਚ ਬਠਿੰਡੇ ਕੋਲ ਇੱਕ ਪੰਜਾਬੀ ਫ਼ਿਲਮ ਦੀ ਸ਼ੂਟਿੰਗ ਹੋ ਰਹੀ ਸੀ। ਇਸ ਦਾ ਨਾਮੀ ਨਿਰਮਾਤਾ-ਨਿਰਦੇਸ਼ਕ ਦੋ ਪ੍ਰਮੁੱਖ ਕਲਾਕਾਰਾਂ ਨੂੰ ਮੁੱਖ ਰੱਖ ਕੇ ਕਹਾਣੀ ਮੁਤਾਬਿਕ ਇਸ ਫ਼ਿਲਮ ‘ਚ ਕਿਸੇ ਗਾਇਕ ਦਾ ਅਖਾੜਾ ਫ਼ਿਲਮਾਉਣ ਦੀ ਸੋਚ ਵਿੱਚ ਸੀ। ਕਈ ਗਾਇਕ ਕਲਾਕਾਰ ਇਸ ਫ਼ਿਲਮ ‘ਚ ਸ਼ਾਮਲ ਹੋਣ ਲਈ ਅੰਦਰੋਂ-ਅੰਦਰੀਂ ਗੰਢ-ਤੁੱਪ ਕਰਨ ਲੱਗੇ ਤਾਂ ਕਿ ਉਹ ਇਸ ਫ਼ਿਲਮ ਜ਼ਰੀਏ ਆਪਣੀ ਪਛਾਣ ਹੋਰ ਵੀ ਗੂੜ੍ਹੀ ਕਰ ਸਕਣ ਕਿਉਂਕਿ ਉਸ ਵੇਲੇ ਹਰ ਗਾਇਕ ਦੀ ਇਹੋ ਕੋਸ਼ਿਸ਼ ਹੁੰਦੀ ਸੀ ਕਿ ਉਸ ਦਾ ਗਾਇਆ ਗੀਤ ਜੇਕਰ ਰੇਡੀਓ, ਟੈਲੀਵਿਯਨ ‘ਤੇ ਆ ਜਾਵੇ ਤਾਂ ਬੱਲੇ-ਬੱਲੇ ਹੋ ਜਾਵੇ। ਜਦੋਂ ਫ਼ਿਲਮੀ ਪਰਦੇ ‘ਤੇ ਉਸ ਦਾ ਗੀਤ ਉਸੇ ਉੱਪਰ ਫ਼ਿਲਮਾ ਕੇ ਸ਼ਾਮਲ ਕੀਤਾ ਜਾਵੇ ਤਾਂ ਸੋਨੇ ‘ਤੇ ਸੁਹਾਗੇ ਵਾਲੀ ਗੱਲ ਹੋ ਜਾਂਦੀ ਸੀ ਕਿਉਂਕਿ ਸਿਨੇਮੇ ਦੇ ਬੰਦ ਅਤੇ ਸਾਊਂਡਪਰੂਫ਼ ਹਾਲ ਵਿੱਚ ਤੁਹਾਡਾ ਪੂਰਨ ਧਿਆਨ ਤਸਵੀਰ ਅਤੇ ਆਵਾਜ਼ ‘ਤੇ ਕੇਂਦ੍ਰਿਤ ਹੁੰਦਾ ਹੈ। ਪੰਜ ਫ਼ੀਸਦੀ ਸਰੋਤੇ ਕਿਸੇ ਵੀ ਹਿੱਟ ਕੈਸੇਟ ਦਾ ਦੋ-ਚਾਰ ਹਫ਼ਤਿਆਂ ਵਿੱਚ ਹੀ ਕਬਾੜਾ ਕਰ ਦਿੰਦੇ ਹਨ, ਪਰ ਫ਼ਿਲਮ ‘ਚ ਗਾਇਆ ਗਾਣਾ ਅਮਰ ਹੋ ਜਾਂਦਾ ਹੈ।
ਪੁਰਾਣੇ ਨਿਰਮਾਤਾ-ਨਿਰਦੇਸ਼ਕ ਜਦੋਂ ਪੰਜਾਬੀ ਫ਼ਿਲਮਾਂ ਦੇ ਪੁਰਾਣੇ ਪਿੱਠਵਰਤੀ (ਪਲੇਅਬੈਕ) ਗਾਇਕਾਂ ਦਾ ਜ਼ਿਕਰ ਕਰਦੇ ਹਨ ਤਾਂ ਉਨ੍ਹਾਂ ਦੇ ਮੂੰਹ ‘ਤੇ ਮੁਸਕਰਾਹਟ ਦੇ ਨਾਲ ਮੁਹੰਮਦ ਰਫ਼ੀ ਦਾ ਨਾਂ ਆ ਜਾਂਦਾ ਹੈ। ਹਿੰਦੀ ਫ਼ਿਲਮਾਂ ਦੇ ਪਿੱਠਵਰਤੀ ਗੀਤਾਂ ਦੇ ਬੇਤਾਜ ਬਾਦਸ਼ਾਹ ਮੁਹੰਮਦ ਰਫ਼ੀ ਨੇ ਇੱਕ ਪੰਜਾਬੀ ਹੋਣ ਦੇ ਨਾਤੇ ਪੰਜਾਬੀ ਫ਼ਿਲਮਾਂ ਲਈ ਵੀ ਗਾਇਆ। ਉਸ ਵੇਲੇ ਦੇ ਕਿਸੇ ਵੀ ਪੰਜਾਬੀ ਨਿਰਮਾਤਾ ਨੂੰ ਰਫ਼ੀ ਸਾਹਿਬ ਨੇ ਨਾਰਾਜ਼ ਨਹੀਂ ਕੀਤਾ। ਆਪਣੀ ਮਾਤ ਭਾਸ਼ਾ ਲਈ ਉਨ੍ਹਾਂ ਨੂੰ ਇੰਨਾ ਪਿਆਰ ਸੀ ਕਿ ਉਹ ਨਿਰਮਾਤਾ ਨਾਲ ਲੈਣ-ਦੇਣ ਦੀ ਗੱਲ ਵੀ ਨਹੀਂ ਸੀ ਕਰਦੇ। ਰਫ਼ੀ ਸਾਹਿਬ ਬਾਰੇ ਬਹੁਤ ਵਿਚਾਰ-ਚਰਚਾ ਕਰਨ ਨਾਲੋਂ ਸਿਰਫ਼ ਇੰਨਾ ਹੀ ਕਹਿਣਾ ਬਹੁਤ ਹੈ ਕਿ ਉਹ ਗਾਇਕੀ ਦੇ ਇੱਕ ਚਮਕਦੇ ਸੂਰਜ ਸਨ।
ਭਾਵੇਂ ਕਾਮੇਡੀ ਹੋਵੇ … ਹਾਏ ਓ ਮਾਰ ਸੁੱਟਿਆ (ਚੰਬੇ ਦੀ ਕਲੀ) ਦੋਗਾਣਾ ਹੋਵੇ … ਜਾਂ ਰੱਬ ਨਾ ਕਰੇ ਜੇ ਚਲੀ ਜਾਵੇਂ ਤੂੰ ਛੱਡ ਕੇ ਨੀ ਦੱਸ ਰੋਇਆ ਕਰੇਂਗੀ ਸਾਨੂੰ ਯਾਦ ਕਰਕੇ (ਲੱਛੀ), ਬੈਕਗਰਾਉਂਡ ਗਾਣਾ ਹੋਵੇ ਜੇ ਮੈਂ ਜਾਣਦੀ ਜੱਗੇ ਨੇ ਮਰ ਜਾਣਾ (ਜੱਗਾ ਡਾਕੂ) ਜਾਂ ਫ਼ਿਰ ਸ਼ਬਦ ਹੋਵੇ, ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ (ਨਾਨਕ ਨਾਮ ਜਹਾਜ਼ ਹੈ), ਗੱਲ ਕੀ, ਪੰਜਾਬੀ ਫ਼ਿਲਮਾਂ ਵਿੱਚ ਉਨ੍ਹਾਂ ਦਾ ਗਾਣਾ ਸੁਣ ਕੇ ਰੂਹ ਨਸ਼ਿਆ ਜਾਂਦੀ ਸੀ। ਉਨ੍ਹਾਂ ਦੀ ਆਵਾਜ਼ ਦਾ ਵੱਡਾ ਪਹਿਲੂ ਇਹ ਸੀ ਕਿ ਉਹ ਹਰ ਐਕਟਰ ‘ਤੇ ਢੁੱਕਦੀ ਸੀ।
ਪਿੱਠਵਰਤੀ ਗਾਇਕਾਵਾਂ ਵਿੱਚੋਂ ਭਾਵੇਂ ਲਤਾ ਮੰਗੇਸ਼ਕਰ ਅਤੇ ਆਸ਼ਾ ਭੋਸਲੇ ਨੇ ਵੀ ਗਾਣੇ ਗਾਏ, ਪਰ ਸ਼ਮਸ਼ਾਦ ਬੇਗ਼ਮ ਜ਼ਿਆਦਾ ਚਰਚਿਤ ਰਹੀ। 1970-75 ਤਕ ਜੋ ਵੀ ਪੰਜਾਬੀ ਫ਼ਿਲਮਾਂ ਬਣੀਆਂ ਉਨ੍ਹਾਂ ਵਿੱਚ ਮੁੰਬਈ ਦੇ ਹੀ ਪਿੱਠਵਰਤੀ ਗਾਇਕ ਹੁੰਦੇ ਸਨ, ਪਰ ਇਸ ਦਹਾਕੇ ‘ਚ ਰਿਲੀਜ਼ ਹੋਈ ਪੰਜਾਬੀ ਫ਼ਿਲਮ ਸੈਦਾ ਜੋਗਨ ਨੇ ਇਹ ਰਿਕਾਰਡ ਤੋੜ ਦਿੱਤਾ। ਇਸ ਫ਼ਿਲਮ ‘ਚ ਪਹਿਲੀ ਵਾਰ ਪੰਜਾਬ ਦੇ ਗਾਇਕ ਮੁਹੰਮਦ ਸਦੀਕ ਅਤੇ ਰਣਜੀਤ ਕੌਰ ਨੇ ਗਾਣੇ ਗਾਏ। ਇਹ ਫ਼ਿਲਮ ਇਨ੍ਹਾਂ ਗੀਤਾਂ ਸਦਕਾ ਹੀ ਸੁਪਰਹਿੱਟ ਰਹੀ। ਇਹ ਇੱਕ ਤਜਰਬਾ ਸੀ, ਫ਼ੇਰ ਪੁੱਤ ਜੱਟਾਂ ਦੇ ਦੀ ਸਫ਼ਲਤਾ ਨੇ ਇਹ ਸਿੱਧ ਕਰ ਦਿੱਤਾ ਕਿ ਪੰਜਾਬੀ ਫ਼ਿਲਮਾਂ ਵਿੱਚ ਪੰਜਾਬ ਦੇ ਗਾਇਕ ਹੀ ਚੱਲਣਗੇ। ਇਸ ਫ਼ਿਲਮ ਰਾਹੀਂ ਸੁਰਿੰਦਰ ਛਿੰਦਾ ਪੰਜਾਬੀ ਫ਼ਿਲਮਾਂ ਦਾ ਮੋਹਰੀ ਪਿੱਠਵਰਤੀ ਗਾਇਕ ਵਜੋਂ ਉੱਭਰ ਕੇ ਸਾਹਮਣੇ ਆਇਆ। ਬਲਦੇਵ ਖੋਸਾ ‘ਤੇ ਫ਼ਿਲਮਾਇਆ ਗਾਣਾ ਪੁੱਤ ਜੱਟਾਂ ਦੇ ਬੁਲਾਉਂਦੇ ਬੱਕਰੇ ਇਸੇ ਫ਼ਿਲਮ ਵਿਚਲਾ ਬੈਕਗਰਾਊਂਡ ਗਾਣਾ ਜਿੰਦ ਯਾਰ ਦੀ ਮੰਗਾ ਮੈਂ ਰੱਬਾ ਰੋ ਕੇ … ਕਿਹੜੀ ਮੈਂ ਖ਼ੁਦਾਈ ਮੰਗ ਲਈ ਵਿੱਚ ਸੁਰਿੰਦਰ ਛਿੰਦਾ ਦੀ ਆਵਾਜ਼ ਦਾ ਜਾਦੂ ਹਰ ਸਰੋਤੇ ਦੇ ਸਿਰ ਚੜ੍ਹ ਕੇ ਬੋਲਿਆ।
ਇਸ ਵਿੱਚ ਕੋਈ ਸ਼ੱਕ ਨਹੀਂ ਕਿ ਸਿਨੇਮਾ ਹਾਲ ਵਿੱਚ ਛਿੰਦੇ ਦੀ ਆਵਾਜ਼ ਬਹੁਤ ਫ਼ੈਲਦੀ ਹੈ। ਦੋਗਾਣਿਆਂ ਨੂੰ ਛੱਡ ਕੇ ਸੁਰਿੰਦਰ ਛਿੰਦਾ ਹਰ ਗਾਣੇ ‘ਚ ਸਰੋਤਿਆਂ ਨੂੰ ਮੰਤਰ-ਮੁਗਧ ਕਰਨ ਦੇ ਸਮਰੱਥ ਹੈ। ਸੁਰਿੰਦਰ ਛਿੰਦੇ ਦੇ ਨਾਲ-ਨਾਲ ਬੈਕਗਰਾਊਂਡ ਅਤੇ ਉਦਾਸ ਗਾਣਿਆਂ ‘ਚ ਮੁਹੰਮਦ ਸਦੀਕ ਦਾ ਵੀ ਕਾਫ਼ੀ ਯੋਗਦਾਨ ਰਿਹੈ। ਸਰਪੰਚ ਫ਼ਿਲਮ ਦਾ ਸਦਾਬਹਾਰ ਗਾਣਾ, ਨਹੀਓਂ ਭੁੱਲਣਾ ਵਿਛੋੜਾ ਮੈਨੂੰ ਤੇਰਾ, ਅੱਜ ਵੀ ਲੋਕਾਂ ਦੀ ਜ਼ੁਬਾਨ ‘ਤੇ ਹੈ।
ਇਸੇ ਤਰ੍ਹਾਂ ਕੁਲਦੀਪ ਮਾਣਕ ਦੇ ਬਲਵੀਰੋ ਭਾਬੀ ਫ਼ਿਲਮ ‘ਚ ਗਾਏ ਦੋ ਬੈਕਗਰਾਊਂਡ ਗਾਣੇ ਸੁੱਚੇ ਯਾਰ ਬਿਨਾਂ ਮੇਰਾ ਜੀਅ ਨੀਂ ਲੱਗਦਾ ਕੱਲੀ ਦਾ ਅਤੇ ਸੁੱਚਿਆ ਵੇ ਭਾਬੀ ਤੇਰੀ ਘੂਕਰ ਨੇ ਕੱਲ੍ਹੀ ਘੇਰੀ … ਅੱਜ ਵੀ ਫ਼ਿਲਮ ਵੇਖਣ ਵਾਲਿਆਂ ਦੀ ਜ਼ੁਬਾਨ ‘ਤੇ ਹਨ। ਇਨ੍ਹਾਂ ਪਲੇਅਬੈਕ ਕਲਾਕਾਰਾਂ ਨੇ ਗਾਇਕੀ ਦੇ ਨਾਲ ਅਦਾਕਾਰੀ ਕਰਨ ਲਈ ਕੈਮਰੇ ਦਾ ਵੀ ਸਾਹਮਣਾ ਕੀਤਾ। ਛਿੰਦਾ ਅਤੇ ਸਦੀਕ ਨੇ ਮੁੱਢਲੀਆਂ ਫ਼ਿਲਮਾਂ ‘ਚ ਨਿਰਮਾਤਾ-ਨਿਰਦੇਸ਼ਕ ਦੀ ਸੋਚ ਮੁਤਾਬਿਕ ਯਾਦਗਾਰੀ ਕਿਰਦਾਰ ਵੀ ਨਿਭਾਏ, ਪਰ ਖ਼ਲਨਾਇਕ ਤੋਂ ਨਾਇਕ ਬਣਨ ਦੀ ਲਾਲਸਾ ਨੇ ਛਿੰਦੇ ਨੂੰ ਪਟੋਲਾ ਅਤੇ ਸਦੀਕ ਨੂੰ ਗੁੱਡੋ ਫ਼ਿਲਮਾਂ ਰਾਹੀਂ ਨਾਇਕ ਬਣਾ ਪੇਸ਼ ਕੀਤਾ।
ਗੁਰਦਾਸ ਮਾਨ ਦੀਆਂ ਫ਼ਿਲਮਾਂ ਦਾ ਆਗ਼ਾਜ਼ ਬਤੌਰ ਨਾਇਕ ਮਾਮਲਾ ਗੜਬੜ ਹੈ ਤੋਂ ਹੁੰਦਾ ਹੈ ਜਦਕਿ ਇਸ ਤੋਂ ਪਹਿਲਾਂ ਉਸ ਨੇ ਹਿੰਦੀ ਫ਼ਿਲਮ ਪੱਥਰ ਦਿਲ ਅਤੇ ਪੰਜਾਬੀ ਫ਼ਿਲਮ ਲੌਂਗ ਦਾ ਲਿਸ਼ਕਾਰਾ ਨਾਲ ਫ਼ਿਲਮੀ ਪਰਦੇ ‘ਤੇ ਹਾਜ਼ਰੀ ਲਵਾਈ ਸੀ। ਗੁਰਦਾਸ ਮਾਨ ਗਾਇਕ ਅਤੇ ਨਾਇਕ ਵਜੋਂ ਸਫ਼ਲਤਾ ਹਾਸਿਲ ਕਰਨ ਵਾਲਾ ਪਹਿਲਾ ਪੰਜਾਬੀ ਕਲਾਕਾਰ ਸੀ। ਵਰਿੰਦਰ ਤੋਂ ਬਾਅਦ ਦਰਸ਼ਕਾਂ ਦੀ ਨਬਜ਼ ਟੋਹ ਕੇ ਫ਼ਿਲਮਾਂ ਪ੍ਰਤੀ ਗੰਭੀਰ ਅਤੇ ਸਚੇਤ ਹੋਣ ਵਾਲਾ ਗੁਰਦਾਸ ਮਾਨ ਹੀ ਹੈ। ਉਸ ਦੇ ਗੀਤਾਂ ਅਤੇ ਫ਼ਿਲਮਾਂ ਨੂੰ ਪਸੰਦ ਕਰਨ ਵਾਲਿਆਂ ਦਾ ਇੱਕ ਵੱਖਰਾ ਵਰਗ ਹੈ।
ਜਿੱਥੇ ਗੁਰਦਾਸ ਮਾਨ ਇੱਕ ਵਧੀਆ ਗਾਇਕ ਤੇ ਨਾਇਕ ਸਾਬਿਤ ਹੋਇਆ ਹੈ, ਉੱਥੇ ਹੀ ਸਵਰਗੀ ਵਰਿੰਦਰ ਦੇ ਦੌਰ ਦੀਆਂ ਫ਼ਿਲਮਾਂ ਦਾ ਗਾਇਕ ਗੁਰਚਰਨ ਪੋਹਲੀ ਬਤੌਰ ਖ਼ਲਨਾਇਕ ਅੱਜ ਵੀ ਦਰਸ਼ਕਾਂ ਦੀ ਪਸੰਦ ‘ਤੇ ਖਰਾ ਉਤਰਦਾ ਹੈ। ਉਸ ਦਾ ਚਿਹਰਾ-ਮੋਹਰਾ, ਡਾਇਲਾਗ ਬੋਲਣ ਦਾ ਅੰਦਾਜ਼ ਦਰਸ਼ਕਾਂ ਨੂੰ ਅੱਜ ਵੀ ਪ੍ਰਭਾਵਿਤ ਕਰਦਾ ਹੈ।
ਛਿੰਦੇ-ਸਦੀਕ ਦੇ ਫ਼ਿਲਮਾਂ ਨਾਲ ਜੁੜਨ ਮਗਰੋਂ ਬਹੁਤੇ ਗਾਇਕਾਂ ਨੇ ਆਪਣਾ ਨਿਸ਼ਾਨਾ ਫ਼ਿਲਮੀ ਪਰਦੇ ਵੱਲ ਸੇਧ ਲਿਆ। ਨਿਰਮਾਤਾ-ਨਿਰਦੇਸ਼ਕ ਨੇ ਵੀ ਗਾਇਕਾਂ ਦੀ ਇਸ ਇੱਛਾ ਨੂੰ ਛੇਤੀ ਹੀ ਭਾਂਪ ਲਿਆ ਅਤੇ ਪੰਜਾਬੀ ਫ਼ਿਲਮਾਂ ‘ਚ ਲੋਕ ਗਾਇਕੀ ਦੇ ਅਖਾੜੇ ਸ਼ਾਮਿਲ ਕਰਨ ਦਾ ਫ਼ਾਰਮੂਲਾ ਚੁਣਿਆ। ਇਸ ਨਾਲ ਗਾਇਕ ਅਤੇ ਫ਼ਿਲਮਕਾਰ ਨੂੰ ਦੋਹਰਾ ਲਾਭ ਹੋਇਆ।
ਸਵਰਗੀ ਗਾਇਕ ਸੁਰਜੀਤ ਬਿੰਦਰਖੀਆ ਨੇ ਪੰਜਾਬੀ ਫ਼ਿਲਮਾਂ ‘ਚ ਪਲੇਅਬੈਕ ਅਤੇ ਅਖਾੜੇ ਦੇ ਰੂਪ ‘ਚ ਮੁੱਢਲਾ ਯੋਗਦਾਨ ਪਾਇਆ। ਮਰਹੂਮ ਦਿਲਸ਼ਾਦ ਅਖ਼ਤਰ ਨੇ ਵੀ ਅਣਖ ਜੱਟਾਂ ਦੀ ਫ਼ਿਲਮ ‘ਚ ਅਖਾੜਾ ਪੇਸ਼ ਕੀਤਾ। ਸੁਰਜੀਤ ਬਿੰਦਰਖੀਆ ਨੇ ਬਦਲਾ ਜੱਟੀ ਦਾ, ਲਲਕਾਰਾ ਜੱਟੀ ਦਾ ਅਤੇ ਜੱਟ ਜਿਊਣਾ ਮੌੜ ਫ਼ਿਲਮਾਂ ‘ਚ ਬਤੌਰ ਗਾਇਕ ਪਰਦੇ ‘ਤੇ ਕੰਮ ਕੀਤਾ।
ਅਮਰ ਸਿੰਘ ਚਮਕੀਲਾ ਅਤੇ ਅਮਰਜੋਤ ਵਲੋਂ ਪਟੋਲਾ ਫ਼ਿਲਮ ‘ਚ ਲਾਇਆ ਗਿਆ ਅਖਾੜਾ ਟਿਕਟ ਖਿੜਕੀ ‘ਤੇ ਦਰਸ਼ਕਾਂ ਦੀ ਭੀੜ ਵਧਾਉਣ ਵਿੱਚ ਸਫ਼ਲ ਸਾਬਿਤ ਹੋਇਆ ਸੀ। ਇਸ ਤੋਂ ਬਾਅਦ ਹਰਭਜਨ ਮਾਨ ਵੀ ਸੁਰਿੰਦਰ ਵਾਲੀਏ ਦੀਆਂ ਫ਼ਿਲਮਾਂ ‘ਚ ਅਖਾੜੇ ਪੇਸ਼ ਕਰਦਾ ਨਜ਼ਰ ਆਇਆ। ਬਾਅਦ ‘ਚ ਮਨਮੋਹਨ ਸਿੰਘ ਜਿਹੇ ਪਾਰਖੂ ਨਿਰਦੇਸ਼ਕ ਨੇ ਉਸ ਨੂੰ ਨਾਇਕ ਬਣਾ ਕੇ ਪੇਸ਼ ਕੀਤਾ ਅਤੇ ਵੱਖਰੀ ਪਛਾਣ ਦਿੱਤੀ।
ਹੁਣ ਮੌਜੂਦਾ ਦੌਰ ਦੇ ਪੰਜਾਬੀ ਸਿਨੇਮੇ ਦੀ ਗੱਲ ਕਰੀਏ ਤੇ ਗਾਇਕਾਂ ਵਲੋਂ ਵੀਡੀਓਜ਼ ‘ਚ ਕੰਮ ਕਰਨ ਦੇ ਤਜਰਬੇ ਨੇ ਉਨ੍ਹਾਂ ਨੂੰ ਪੰਜਾਬੀ ਫ਼ਿਲਮਾਂ ‘ਚ ਕੰਮ ਕਰਨ ਵੱਲ ਤੋਰਿਆ ਹੈ। ਇਹ ਗਾਇਕ ਨਾਇਕੀ ਦੇ ਮੈਦਾਨ ‘ਚ ਕਿੰਨੇ ਕੁ ਸਫ਼ਲ ਹੁੰਦੇ ਹਨ, ਇਸ ਬਾਰੇ ਬਹੁਤ ਕੁੱਝ ਕਹਿਣ ਦੀ ਲੋੜ ਨਹੀਂ। ਮਿਸ ਪੂਜਾ ਗਾਇਕੀ ਦੇ ਖੇਤਰ ‘ਚ ਜਿੱਥੇ ਪਾਰਸ ਦੀ ਵੱਟੀ ਸਾਬਿਤ ਹੋ ਰਹੀ ਸੀ, ਪੰਜਾਬੀ ਫ਼ਿਲਮਾਂ ਦੇ ਖੇਤਰ ‘ਚ ਕਦਮ ਧਰਦਿਆਂ ਫ਼ਿਲਮਕਾਰਾਂ ਦੀ ਸੋਚ ਬਦਲਦੀ ਨਜ਼ਰ ਆਈ। ਉਸ ਦੇ ਦਰਸ਼ਕਾਂ ਦੀ ਪਸੰਦ ਨਾਪਸੰਦ ਅਤੇ ਟਿਕਟ ਖਿੜਕੀ ਦੇ ਅੰਕੜੇ ਬਹੁਤ ਅਫ਼ਸੋਸਜਨਕ ਅਤੇ ਹੈਰਾਨੀ ਭਰੇ ਰਹੇ।
ਬੱਬੂ ਮਾਨ ਬਤੌਰ ਗਾਇਕ ਦਰਸ਼ਕਾਂ ਅਤੇ ਸਰੋਤਿਆਂ ਦੀ ਪਸੰਦ ‘ਤੇ ਸਦਾ ਹੀ ਖਰਾ ਉਤਰਿਆ ਹੈ। ਫ਼ਿਲਮੀ ਪਰਦੇ ‘ਤੇ ਕੰਮ ਕਰਦਿਆਂ ਉਸ ਨੇ ਹਮੇਸ਼ਾ ਹੀ ਸ਼ਲਾਘਾਯੋਗ ਕੰਮ ਕੀਤਾ ਹੈ। ਹਸ਼ਰ ਫ਼ਿਲਮ ਰਾਹੀਂ ਮਿਲੀ ਸਫ਼ਲਤਾ ਦੇਖ ਕੇ ਉਸ ਦੇ ਅਲੋਚਕਾਂ ਦੇ ਮੂੰਹ-ਅੱਡੇ ਰਹਿ ਗਏ। ਏਕਮ ਫ਼ਿਲਮ ਰਾਹੀਂ ਕੀਤੇ ਨਵੇਂ ਤਜਰਬਿਆਂ ਨੂੰ ਵੀ ਦਰਸ਼ਕਾਂ ਨੇ ਪ੍ਰਵਾਨ ਕੀਤਾ।
ਗਾਇਕਾ ਅਮਰ ਨੂਰੀ ਨੇ ਦੂਰਦਰਸ਼ਨ ਦੇ ਕਈ ਲੜੀਵਾਰਾਂ ‘ਚ ਯਾਦਗਾਰੀ ਕਿਰਦਾਰ ਨਿਭਾਏ ਹਨ। ਪੰਜਾਬੀ ਫ਼ਿਲਮਾਂ ‘ਚ ਅਮਰ ਨੂਰੀ ਦਾ ਕਿਰਦਾਰ ਭਾਵੇਂ ਛੋਟਾ ਹੁੰਦਾ ਹੈ, ਪਰ ਹੁੰਦਾ ਯਾਦਗਾਰੀ ਹੈ।
ਪਰਮਿੰਦਰ ਸੰਧੂ ਨੇ ਵੀ ਗਾਇਕੀ ਦੇ ਨਾਲ-ਨਾਲ ਬਤੌਰ ਅਦਾਕਾਰ ਪੰਜਾਬੀ ਫ਼ਿਲਮਾਂ ‘ਚ ਕੰਮ ਕੀਤਾ। ਜੱਟ ਜਿਊਣਾ ਮੌੜ ‘ਚ ਉਸ ਨੇ ਡੋਗਰ ਦੀ ਪਤਨੀ ਦਾ ਕਿਰਦਾਰ ਨਿਭਾਇਆ ਸੀ ਜਿਸ ਨੂੰ ਦਰਸ਼ਕਾਂ ਨੇ ਪ੍ਰਵਾਨ ਕੀਤਾ। ਇਸ ਤੋਂ ਬਾਅਦ ਹੋਰ ਵੀ ਕਈ ਫ਼ਿਲਮਾਂ ‘ਚ ਨਜ਼ਰ ਆਈ। ਨਵੇਂ ਗਾਇਕਾਂ ਵਿੱਚੋਂ ਰੌਸ਼ਨ ਪ੍ਰਿੰਸ, ਸੁਰਜੀਤ ਖ਼ਾਨ, ਲਖਵਿੰਦਰ ਵਡਾਲੀ, ਪ੍ਰੀਤ ਬਰਾੜ, ਅਮਰਿੰਦਰ ਗਿੱਲ ਅਤੇ ਗਿੱਪੀ ਗਰੇਵਾਲ, ਪੰਜਾਬੀ ਫ਼ਿਲਮਾਂ ਪ੍ਰਤੀ ਮੋਹ ਪਾਲ ਰਹੇ ਹਨ। ਸਰਬਜੀਤ ਕੋਕੇਵਾਲੀ ਨੇ ਆਪਣੀ ਗਾਇਕੀ ਨੂੰ ਫ਼ਿਲਮੀ ਪਰਦੇ ‘ਤੇ ਰੱਖਿਆ ਹੈ। ਮਾਮਲਾ ਗੜਬੜ ਹੈ ‘ਚ ਉਸ ਵਲੋਂ ਗਾਈਆਂ ਘੋੜੀਆਂ ਸਾਂਭਣਯੋਗ ਹਨ। ਅਨੇਕਾਂ ਫ਼ਿਲਮਾਂ ‘ਚ ਸਰਬਜੀਤ ਦਾ ਯੋਗਦਾਨ ਰਿਹਾ ਹੈ। ਪੁਰਾਣੀਆਂ ਪਿੱਠਵਰਤੀ ਗਾਇਕਾਵਾਂ ‘ਚੋਂ ਦਿਲਰਾਜ ਕੌਰ, ਮੀਨੂ ਪਰਸ਼ੋਤਮ, ਸਵਿਤਾ ਸਾਥੀ, ਸ਼ਮਸ਼ਾਦ ਬੇਗ਼ਮ ਦੇ ਨਾਂ ਜ਼ਿਰਕਯੋਗ ਹਨ। ਮੁਹੰਮਦ ਰਫ਼ੀ ਦੇ ਨਾਲ-ਨਾਲ ਮਹਿੰਦਰ ਕਪੂਰ, ਸੁਰਿੰਦਰ ਕੋਹਲੀ (ਸੰਗੀਤਕਾਰ ਵੀ) ਅਤੇ ਜਸਪਾਲ ਸਿੰਘ ਵੀ ਬਤੌਰ ਪਿੱਠਵਰਤੀ ਗਾਇਕ ਪੰਜਾਬੀ ਫ਼ਿਲਮਾਂ ਨਾਲ ਜੁੜੇ ਰਹੇ ਹਨ।
ਪੰਜਾਬੀ ਗਾਇਕੀ ਦਾ ਬੌਲੀਵੁੱਡ ਤਕ ਪਹੁੰਚ ਜਾਣਾ ਇੱਕ ਵੱਡੀ ਪ੍ਰਾਪਤੀ ਹੈ। ਲਾਭ ਜੰਜੂਆ, ਸੁਖਵਿੰਦਰ, ਦਲੇਰ ਮਹਿੰਦੀ, ਹੰਸ ਰਾਜ ਹੰਸ, ਮਾਸਟਰ ਸਲੀਮ, ਗੁਰਦਾਸ ਮਾਨ, ਆਦਿ ਬੌਲੀਵੁੱਡ ਫ਼ਿਲਮਾਂ ਦੇ ਪਲੇਅਬੈਕ ਸਿੰਗਰ ਵਜੋਂ ਵੀ ਆਪਣਾ ਨਾਂ ਬਣਾਉਣ ‘ਚ ਸਫ਼ਲ ਰਹੇ ਹਨ। ਆਖਰੀ ਸ਼ਬਦਾਂ ‘ਚ ਸਿਰਫ਼ ਐਨਾ ਹੀ ਕਹਾਂਗੇ ਕਿ ਗਾਇਕ ਨੂੰ ਨਾਇਕ ਬਣਨ ਦੇ ਸ਼ੌਕ ਨੇ ਅੱਜ ਵੀ ਡੰਗਿਆ ਹੋਇਆ ਹੈ। ਗਾਇਕ ਸੌ ਹਰਜ਼ਾ-ਮਰਜ਼ਾ ਝੱਲ ਕੇ ਇਸ ਟੀਸੀ ਵਾਲੇ ਬੇਰ ਦਾ ਸੁਆਦ ਵੇਖਣਾ ਹੀ ਚਾਹੁੰਦੈ।











