ਕਠੂਆ— ਰਸਾਨਾ ਹੱਤਿਆਕਾਂਡ ਮਾਮਲੇ ‘ਚ ਕ੍ਰਾਇਮ ਬ੍ਰਾਂਚ ਦੀ ਚਾਰਜਸ਼ੀਟ ‘ਚ ਦੋਸ਼ੀ ਬਣਾਏ ਗਏ ਨਾਬਾਲਗ ਨੂੰ ਅੱਜ ਕਠੂਆ ਕੋਰਟ ‘ਚ ਪੇਸ਼ ਕੀਤਾ ਗਿਆ, ਜਿੱਥੇ ਕੁਝ ਹੀ ਮਿੰਟਾਂ ਦੇ ਬਾਅਦ ਜੱਜ ਨੇ ਉਨ੍ਹਾਂ ਨੂੰ ਵਾਪਸ ਭੇਜ ਦਿੱਤਾ ਅਤੇ ਕੇਸ ਦੀ ਅਗਲੀ ਸੁਣਵਾਈ 7 ਮਈ ਨੂੰ ਹੋਵੇਗੀ। ਇਸ ਦੌਰਾਨ ਪੱਤਰਕਾਰਾਂ ਨੇ ਨਾਬਾਲਗ ਨੂੰ ਬਹੁਤ ਸਵਾਲ ਕੀਤੇ ਪਰ ਦੋਸ਼ੀ ਨੇ ਕੋਈ ਵੀ ਜਵਾਬ ਨਹੀਂ ਦਿੱਤਾ ਅਤੇ ਤੁਰੰਤ ਪੁਲਸ ਨੇ ਉਸ ਨੂੰ ਗੱਡੀ ‘ਚ ਬਿਠਾ ਲਿਆ। ਇਕ ਦਿਨ ਪਹਿਲੇ ਹੀ ਦੋਸ਼ੀ ਦੇ ਵਕੀਲ ਨੇ ਕੋਰਟ ‘ਚ ਉਸ ਦੀ ਜ਼ਮਾਨਤ ਲਈ ਅਰਜ਼ੀ ਦਿੱਤੀ ਸੀ, ਜਿਸ ਨੂੰ ਜੱਜ ਨੇ ਖਾਰਜ਼ ਕਰ ਦਿੱਤਾ।
ਪੁਲਸ ਨੇ ਕਠੂਆ ਰੇਪ ਕਾਂਡ ‘ਚ ਸਭ ਤੋਂ ਪਹਿਲੇ ਨਾਬਾਲਗ ਨੂੰ ਹੀ ਦੋਸ਼ੀ ਬਣਾਇਆ ਸੀ ਅਤੇ ਉਸ ਨੇ ਕਬੂਲ ਕੀਤਾ ਸੀ ਕਿ ਬੱਚੀ ਨੂੰ ਅਗਵਾ ਕੀਤਾ ਸੀ ਅਤੇ ਉਸ ਨੂੰ ਗਾਂ ਦੀ ਸ਼ੈਡ ‘ਚ ਰੱਖਿਆ ਸੀ। ਉਸ ਨੇ ਕਿਹਾ ਕਿ ਮੈਂ ਬੱਚੀ ਨਾਲ ਬਲਾਤਕਾਰ ਦੀ ਕੋਸ਼ਿਸ਼ ਕੀਤੀ ਸੀ ਅਤੇ ਬਾਅਦ ‘ਚ ਉਸ ਦਾ ਗਲਾ ਦਬਾ ਕੇ ਉਸ ਨੂੰ ਮਾਰ ਦਿੱਤਾ। ਪੁਲਸ ਦੀ ਜਾਂਚ ‘ਤੇ ਸ਼ੱਕ ਦੇ ਬਾਅਦ ਸਰਕਾਰ ਨੇ ਐਸ.ਆਈ.ਟੀ ਦਾ ਗਠਨ ਕੀਤਾ ਸੀ। ਇਸ ਮਾਮਲੇ ‘ਚ 8 ਲੋਕ ਹਿਰਾਸਤ ‘ਚ ਹਨ, ਜਿਨ੍ਹਾਂ ‘ਚ ਪੁਲਸ ਦੇ ਕਰਮਚਾਰੀ ਵੀ ਸ਼ਾਮਲ ਹਨ।















