ਜੰਨਤ ਦੀ ਤਲਾਸ਼”ਅਸਲਾਮ ਆਲੇਕੁਮ ਮੌਲਵੀ ਸਾਹਿਬ,” ਸਾਰੇ ਬੱਚੇ ਮੌਲਵੀ ਸਾਹਿਬ ਨੂੰ ਵੇਖ ਕੇ ਖ਼ੁਸ਼ ਹੋ ਗਏ।

”ਮੌਲਵੀ ਸਾਹਿਬ, ਅੱਜ ਮੈਂ ਅੱਲਾਹ ਮੀਆਂ ਨੂੰ ਖ਼ਤ ਲਿਖਿਆ ਏ ਕਿ ਉਹ ਸਾਡੇ ਅੱਬਾ ਮੀਆਂ ਨੂੰ ਬਹੁਤ ਸਾਰੇ ਰੁਪਏ ਭੇਜ ਦੇਣ,” ਮੁੰਨੀ ਨੇ ਖ਼ੁਸ਼ ਹੋ ਕੇ ਮੌਲਵੀ ਸਾਹਿਬ ਨੂੰ ਕਿਹਾ।
”ਅੱਲਾਹ ਮੀਆਂ ਨੂੰ ਖ਼ਤ ਨਹੀਂ ਲਿਖਦੇ, ਬੇਟੀ।” ਮੌਲਵੀ ਸਾਹਿਬ ਨੇ ਮੁੰਨੀ ਨੂੰ ਸਮਝਾਇਆ।
”ਕਿਉਂ? … ਕੀ ਅੱਲਾਹ ਮੀਆਂ ਨੂੰ ਵੀ ਉਰਦੂ ਪੜ੍ਹਨੀ ਨਹੀਂ ਆਉਂਦੀ..” ਮੁੰਨੀ ਨੇ ਹੈਰਾਨੀ ਨਾਲ ਪੁੱਛਿਆ।
ਸੜਕਾਂ ‘ਤੇ ਭੀਖ ਮੰਗਣ ਵਾਲੇ, ਮਜ਼ਦੂਰੀ ਕਰਨ ਵਾਲੇ, ਝੁੱਗੀਆਂ ਵਿੱਚ ਰਹਿਣ ਵਾਲੇ ਅਤੇ ਬੇਸਹਾਰਾ ਬੱਚਿਆਂ ਨੂੰ ਮੌਲਵੀ ਸਾਹਿਬ ਮਸੀਤ ਦੇ ਵਿਹੜੇ ਵਿੱਚ ਬਿਠਾ ਕੇ ਮਜ਼ਹਬੀ ਸਿੱਖਿਆ ਦਿੰਦੇ ਹਨ, ”ਅੱਲਾਹ ਮੀਆਂ ਤੋਂ ਦੁਆ ਮੰਗੋ। ਉਹ ਤੁਹਾਡੀ ਦੁਆ ਸੁਣ ਲੈਣਗੇ।”
”ਬਾਬਾ! ਅੰਨ੍ਹਾ ਆਂ! ਇੱਕ ਰੁਪਿਆ ਦੇ ਦਿਓ। ਅੱਲਾਹ ਤੁਹਾਨੂੰ ਇੱਕ ਹਜ਼ਾਰ ਰੁਪਏ ਦੇਵੇਗਾ।” ਮਸੀਤ ਦੇ ਬੂਹੇ ‘ਤੇ ਖਲੋਤਾ ਇੱਕ ਬੁੱਢਾ ਫ਼ਕੀਰ ਚੀਕ ਰਿਹਾ ਸੀ।
”ਮੌਲਵੀ ਸਾਹਿਬ ਕੀ ਅੱਲਾਹ ਮੀਆਂ ਇੱਕ ਭਿਖਾਰੀ ਦੀ ਦੁਆ ਸੁਣ ਲੈਂਦੇ ਨੇ।” ਇੱਕ ਬੱਚੇ ਨੇ ਮੌਲਵੀ ਨੂੰ ਪੁੱਛਿਆ।
”ਉਹ ਭਿਖਾਰੀ ਆਪਣੇ ਲਈ ਅੱਲਾਹ ਮੀਆਂ ਤੋਂ ਹਜ਼ਾਰ ਰੁਪਏ ਕਿਉਂ ਨਹੀਂ ਮੰਗਦਾ?” ਬੱਚਿਆਂ ਦੇ ਇਨ੍ਹਾਂ ਸੁਆਲਾਂ ਤੋਂ ਮੌਲਵੀ ਸਾਹਿਬ ਘਬਰਾ ਗਏ। ਉਨ੍ਹਾਂ ਨੇ ਸਾਰਿਆਂ ਨੂੰ ਡਾਂਟਣਾ ਸ਼ੁਰੂ ਕਰ ਦਿੱਤਾ, ”ਬਕਵਾਸ ਬੰਦ ਕਰੋ। ਕੱਲ੍ਹ ਮੈਂ ਤੁਹਾਨੂੰ ਕੀ ਕਿਹਾ ਸੀ? ਨਮਾਜ਼ ਪੜ੍ਹਿਆ ਕਰੋ … ਝੂਠ ਨਾ ਬੋਲੋ … ਚੋਰੀ ਨਾ ਕਰੋ।”
”ਮੌਲਵੀ ਸਾਹਿਬ ਜੀ, ਇਹ ਮੁੰਨੀ ਝੂਠ ਬੋਲਦੀ ਏ …” ਇੱਕ ਮੁੰਡੇ ਨੇ ਮੁੰਨੀ ਨੂੰ ਉਨ੍ਹਾਂ ਸਾਹਮਣੇ ਧੱਕ ਦਿੱਤਾ।
”ਅਤੇ ਉਹਨੇ ਕੱਲ੍ਹ ਦੁਕਾਨ ਤੋਂ ਮਠਿਆਈ ਚੁਰਾ ਕੇ ਵੀ ਖਾਧੀ ਸੀ।”
”ਤਾਂ ਕੀ ਅੱਲਾਹ ਮੀਆਂ ਉਸ ਵਕਤ ਮੇਰੇ ਵੇਲੇ ਵੇਖ ਰਹੇ ਸਨ?” ਮੁੰਨੀ ਨੇ ਘਬਰਾ ਕੇ ਪੁੱਛਿਆ।
”ਹਾਂ! ਅੱਲਾਹ ਮੀਆਂ ਹਰ ਇੱਕ ਨੂੰ ਵੇਖਦੇ ਨੇ। ਹਰ ਕੰਮ ਉਨ੍ਹਾਂ ਦੀ ਮਰਜ਼ੀ ਨਾਲ ਹੁੰਦਾ ਏ।” ਮੌਲਵੀ ਸਾਹਿਬ ਨੇ ਮੁੰਨੀ ਨੂੰ ਸਮਝਾਇਆ।
”ਚੰਗਾ?” ਮੁੰਨੀ ਦੇ ਨੇੜੇ ਬੈਠੇ ਸ਼ਾਕਿਰ ਨੇ ਹੈਰਾਨੀ ਨਾਲ ਮੌਲਵੀ ਸਾਹਿਬ ਨੂੰ ਵੇਖਿਆ।
”ਅੱਲਾਹ ਮੀਆਂ ਇੰਨੇ ਸਾਰੇ ਕੰਮ ਕਿਵੇਂ ਕਰਦੇ ਨੇ? ਸਕੂਲ ਤੋਂ ਜਾਣ ਮਗਰੋਂ ਤਾਂ ਮੈਥੋਂ ਹੋਮ ਵਰਕ ਵੀ ਨਹੀਂ ਹੁੰਦਾ। ਟੀਚਰ ਨੂੰ ਕਹਿ ਦਿੰਦਾ ਆਂ ਕਿ ਮੈਨੂੰ ਬੁਖ਼ਾਰ ਹੋ ਗਿਆ ਸੀ।” ਸ਼ਾਕਿਰ ਨੇੜੇ ਬੈਠੇ ਦੋਸਤਾਂ ਨੂੰ ਕਹਿਣ ਲੱਗਿਆ।
ਸਾਰੇ ਬੱਚੇ ਹੱਸਣ ਲੱਗੇ, ਪਰ ਮੌਲਵੀ ਸਾਹਿਬ ਨੇ ਸਾਰਿਆਂ ਨੂੰ ਡਾਂਟ ਦਿੱਤਾ, ”ਚੁੱਪ ਬਦਤਮੀਜ਼ … ਜੇ ਤੁਸੀਂ ਝੂਠ ਬੋਲੋਗੇ, ਚੋਰੀ ਕਰੋਗੇ ਤਾਂ ਅੱਲਾਹ ਮੀਆਂ ਤੁਹਾਨੂੰ ਦੋਜ਼ਖ਼ ਵਿੱਚ ਸੁੱਟ ਦੇਣਗੇ।” ਮੌਲਵੀ ਸਾਹਿਬ ਨੇ ਡਰਾਉਣੀ ਸ਼ਕਲ ਬਣਾ ਕੇ ਬੱਚਿਆਂ ਵੱਲ ਤੱਕਿਆ। ਸਾਰੇ ਬੱਚੇ ਵੀ ਡਰ ਗਏ। ਮੁੰਨੀ ਤੇ ਸ਼ਾਕਿਰ ਵੀ ਘਬਰਾ ਕੇ ਇਧਰ-ਉਧਰ ਵੇਖਣ ਲੱਗੇ।
”ਦੋਜ਼ਖ਼ ਵਿੱਚ ਕੀ ਹੁੰਦਾ ਏ?” ਇੱਕ ਹੋਰ ਬੱਚੇ ਨੇ ਮੂੰਹ ਖੋਲ੍ਹ ਕੇ ਪੁੱਛਿਆ।
”ਦੋਜ਼ਖ਼ ਬਹੁਤ ਬੁਰੀ ਥਾਂ ਏ,” ਮੌਲਵੀ ਸਾਹਿਬ ਨੇ ਡਰਾਉਣੀ ਸ਼ਕਲ ਬਣਾ ਕੇ ਕਹਿਣਾ ਸ਼ੁਰੂ ਕੀਤਾ ਕਿ ਬੱਚੇ ਡਰ ਜਾਣ, ”ਜਿਹੜੇ ਲੋਕ ਬੁਰੇ ਕੰਮ ਕਰਦੇ ਨੇ, ਚੋਰੀ ਕਰਦੇ ਨੇ, ਝੂਠ ਬੋਲਦੇ ਨੇ, ਅੱਲਾਹ ਮੀਆਂ ਉਨ੍ਹਾਂ ਨੂੰ ਦੋਜ਼ਖ਼ ‘ਚ ਸੁੱਟ ਦਿੰਦੇ ਨੇ।”
”ਦੋਜ਼ਖ਼ ਕਿੱਥੇ ਵੇ, ਮੌਲਵੀ ਸਾਹਿਬ?” ਇੱਕ ਬੱਚੇ ਨੇ ਘਬਰਾ ਕੇ ਪੁੱਛਿਆ।
”ਦੋਜ਼ਖ਼ ਉੱਤੇ ਆਕਾਸ਼ ‘ਤੇ ਏ। ਉੱਥੇ ਹਨੇਰਾ ਹੋਵੇਗਾ। ਭੁੱਖ ਲੱਗੇਗੀ ਪਰ ਖਾਣਾ ਨਹੀਂ ਮਿਲੇਗਾ। ਪੀਣ ਨੂੰ ਪਾਣੀ ਨਹੀਂ ਮਿਲੇਗਾ। ਸੱਪ-ਬਿੱਛੂ ਵੱਢਣ ਨੂੰ ਆਉਣਗੇ। ਨਾ ਵਿਛਾਉਣ ਨੂੰ ਬਿਸਤਰਾ ਮਿਲੇਗਾ, ਨਾ ਉੱਤੇ ਲੈਣ ਨੂੰ ਚਾਦਰ ਮਿਲੇਗੀ।”
ਮੌਲਵੀ ਸਾਹਿਬ ਡਰਾਉਣੀ ਸ਼ਕਲ ਬਣਾ ਕੇ ਬੱਚਿਆਂ ਨੂੰ ਦੋਜ਼ਖ਼ ਦਾ ਹਾਲ ਸੁਣਾ ਰਹੇ ਸਨ। ਸਾਰੇ ਬੱਚੇ ਡਰ ਦੇ ਮਾਰੇ ਇੱਕ-ਦੂਜੇ ਦੇ ਨੇੜੇ ਜਾ ਕੇ ਮੌਲਵੀ ਸਾਹਿਬ ਦੀਆਂ ਗੱਲਾਂ ਸੁਣ ਰਹੇ ਸਨ। ਫ਼ਿਰ ਬੱਚੇ ਉੱਤੇ ਆਕਾਸ਼ ਵੱਲ ਵੇਖਣ ਲੱਗੇ।
”ਮੈਂ ਤਾਂ ਦੋਜ਼ਖ਼ ‘ਚ ਕਦੇ ਨਹੀਂ ਜਾਵਾਂਗੀ।” ਇੱਕ ਨਿੱਕੀ ਜਿਹੀ ਕੁੜੀ ਮੁੰਨੀ ਦੇ ਪਿੱਛੇ ਲੁਕ ਗਈ, ਪਰ ਮੁੰਨੀ ਨੇ ਉਹਦਾ ਹੱਥ ਫ਼ੜ ਕੇ ਸਮਝਾਇਆ, ”ਓਏ ਰਜ਼ੀਆ? ਤੂੰ ਕਿਉਂ ਡਰ ਰਹੀ ਏਂ? ਮੌਲਵੀ ਸਾਹਿਬ ਨੂੰ ਨਹੀਂ ਪਤਾ। ਦੋਜ਼ਖ਼ ਆਕਾਸ਼ ‘ਤੇ ਨਹੀਂ ਏ। ” ਮੁੰਨੀ ਨੇ ਰਜ਼ੀਆ ਨੂੰ ਫ਼ੜ ਲਿਆ। ”ਚੰਗਾ? ਮੈਂ ਝੂਠ ਬੋਲ ਰਿਹਾ ਹਾਂ? ” ਮੌਲਵੀ ਸਾਹਿਬ ਨੂੰ ਗੁੱਸਾ ਆ ਗਿਆ ”ਤਾਂ ਫ਼ਿਰ ਤੂੰ ਦੱਸ ਦੋਜ਼ਖ਼ ਕਿੱਥੇ ਏ? ਤੈਨੂੰ ਪਤਾ ਏ?”
”ਹਾਂ, ਮੈਨੂੰ ਪਤਾ ਏ? ” ਮੁੰਨੀ ਨੇ ਮੌਲਵੀ ਸਾਹਿਬ ਦੀ ਚੁੱਕੀ ਹੋਈ ਸੋਟੀ ਤੋਂ ਬਚਦੇ ਹੋਏ ਕਿਹਾ, ”ਤੁਸੀਂ ਮੇਰੇ ਨਾਲ ਚੱਲੋ। ਮੈਂ ਤੁਹਾਨੂੰ ਦੋਜ਼ਖ਼ ‘ਚ ਲੈ ਚੱਲਾਂਗੀ।”
”ਕੀ ਬਕ ਰਹੀ ਏਂ ਤੂੰ? ਮੌਲਵੀ ਸਾਹਿਬ ਨੂੰ ਹੋਰ ਗੁੱਸਾ ਆ ਗਿਆ। ਉਨ੍ਹਾਂ ਬਾਕਾਇਦਾ ਸੋਟੀ ਚੁੱਕ ਲਈ, ”ਇੰਨੀ ਜਿਹੀ ਛੋਕਰੀ … ਮੇਰਾ ਮਖੌਲ ਉਡਾ ਰਹੀ ਏ? ਤੂੰ ਮੈਨੂੰ ਦੋਜ਼ਖ਼ ਵਿੱਚ ਲੈ ਜਾਵੇਂਗੀ?”
ਮੌਲਵੀ ਸਾਹਿਬ ਦੇ ਹੱਥ ‘ਚ ਸੋਟੀ ਵੇਖ ਕੇ ਮੁੰਨੀ ਡਰ ਦੇ ਮਾਰੇ ਆਪਣੀ ਸਹੇਲੀ ਦੇ ਪਿੱਛੇ ਲੁਕ ਗਈ ਅਤੇ ਫ਼ਿਰ ਦੋਵੇਂ ਹੱਥ ਕੰਨਾਂ ‘ਤੇ ਰੱਖ ਕੇ ਰੋਂਦੇ ਹੋਏ ਬੋਲੀ, ”ਮੈਂ ਝੂਠ ਨਹੀਂ ਬੋਲ ਰਹੀ ਆਂ, ਮੌਲਵੀ ਸਾਹਿਬ। ਜੰਗਮ ਬਸਤੀ ਵਿੱਚ ਸਾਡੀ ਝੁੱਗੀ ਦੋਜ਼ਖ਼ ਵਿੱਚ ਏ। ਰਾਤ ਨੂੰ ਜਦੋਂ ਸਾਡੇ ਬਾਵਾ ਸੇਂਧੀ (ਸ਼ਰਾਬ) ਪੀ ਕੇ ਆਉਂਦਾ ਏ। ਅੰਮਾ ਨੂੰ ਮਾਰਦਾ ਏ, ਤਾਂ ਅੰਮਾ ਰੋਂਦੇ-ਰੋਂਦੇ ਬੋਲਦੀ ਏ- ਇਹ ਘਰ ਤਾਂ ਦੋਜ਼ਖ਼ ਏ।”
”ਚੰਗਾ, ਤਾਂ ਤੇਰੀ ਅੰਮਾ ਬੋਲਦੀ ਏ ਕਿ ਤੇਰਾ ਘਰ ਦੋਜ਼ਖ਼ ‘ਚ ਏ,” ਮੌਲਵੀ ਸਾਹਿਬ ਨੇ ਮੁੰਨੀ ਨੂੰ ਪੁੱਛਿਆ।
”ਹਾਂ, ਮੌਲਵੀ ਸਾਹਿਬ। ਸਾਡਾ ਘਰ ਵੀ ਦੋਜ਼ਖ਼ ‘ਚ ਏ। ਤੁਸੀਂ ਵੀ ਕਿਹਾ ਸੀ ਨਾ ਕਿ ਦੋਜ਼ਖ਼ ‘ਚ ਹਨੇਰਾ ਹੋਵੇਗਾ। ਖਾਣਾ-ਪਾਣੀ ਨਹੀਂ ਮਿਲੇਗਾ? ਸਾਡੇ ਘਰ ‘ਚ ਵੀ ਲਾਈਟ ਨਹੀਂ। ਦੀਵੇ ‘ਚ ਤੇਲ ਨਹੀਂ ਹੁੰਦਾ ਤਾਂ ਹਨੇਰਾ ਹੋ ਜਾਂਦਾ ਏ।”
”ਅਤੇ ਸਾਡੇ ਘਰ ‘ਚ ਪਾਣੀ ਵੀ ਦੂਰ ਤੋਂ ਲਿਆਉਣਾ ਪੈਂਦਾ ਏ। ਰਾਤ ਨੂੰ ਪਾਣੀ ਮੁੱਕ ਜਾਂਦਾ ਏ।” ਇੱਕ ਹੋਰ ਬੱਚੇ ਨੇ ਕਿਹਾ।
”ਰਾਤ ਨੂੰ ਵੀ ਸਾਡੇ ਅੱਬਾ ਚਾਵਲ ਨਹੀਂ ਲਿਆਉਂਦੇ ਤਾਂ ਅੰਮਾ ਖ਼ਾਲੀ ਹਾਂਡੀ ਵਿੱਚ ਪੱਥਰ ਪਾ ਕੇ ਝੂਠ ਬੋਲਦੀ ਏ ਕਿ ਖਾਣਾ ਪੱਕ ਰਿਹਾ ਏ।” ਇੱਕ ਬੱਚਾ ਰੋਣ ਲੱਗਾ।
ਬੱਚਿਆਂ ਦੀਆਂ ਗੱਲਾਂ ਮੌਲਵੀ ਸਾਹਿਬ ਗਹੁ ਨਾਲ ਸੁਣਨ ਲੱਗੇ।
”ਇਸੇ ਲਈ ਸਾਡੀ ਦਾਦੀ ਪਿੰਡ ਨਹੀਂ ਆਉਂਦੀ। ਬੋਲਦੀ ਏ: ਤੇਰੇ ਘਰ ‘ਚ ਉੱਤੇ ਲੈਣ ਲਈ ਆਕਾਸ਼ ਤੇ ਵਿਛਾਉਣ ਲਈ ਜ਼ਮੀਨ ਏ।” ਸਾਰੇ ਬੱਚੇ ਹੱਸਣ ਲੱਗੇ।
”ਅਤੇ ਵਰਖਾ ਹੁੰਦੀ ਏ, ਤਾਂ ਸਾਡੀ ਝੁੱਗੀ ‘ਚ ਪਾਣੀ ਆ ਜਾਂਦਾ ਏ। ਰਾਤ ਨੂੰ ਸੱਪ ਵੀ ਨਿਕਲਿਆ ਸੀ।”
ਬੱਚਿਆਂ ਦੀਆਂ ਗੱਲਾਂ ਸੁਣ ਕੇ ਮੌਲਵੀ ਸਾਹਿਬ ਦਾ ਸਿਰ ਝੁਕ ਗਿਆ। ”ਹੁਣ ਕਿਹੜਾ ਅਜ਼ਾਬ ਏ, ਜਿਸ ਤੋਂ ਇਨ੍ਹਾਂ ਬੱਚਿਆਂ ਨੂੰ ਡਰਾਵਾਂ ਮੈਂ?”
ਅਚਾਨਕ ਮਸੀਤ ਦੇ ਬਾਹਰ ਰੌਲਾ ਪੈਣ ਲੱਗਿਆ। ਲੋਕਾਂ ਦੇ ਰੋਣ ਚੀਕਣ ਦੀਆਂ ਆਵਾਜ਼ਾਂ … ਫ਼ਾਇਰਿੰਗ ਦਾ ਸ਼ੋਰ ਸੁਣਾਈ ਦਿੱਤਾ, ਚਾਰੇ ਪਾਸੇ ਲੋਕ ਭੱਜ ਰਹੇ ਸਨ। ਬੇਤਰਤੀਬ ਟਰੈਫ਼ਿਕ ਨੇ ਰਾਹ ਬੰਦ ਕਰ ਦਿੱਤੇ ਸਨ।
ਕਿਸੇ ਸ਼ਾਨਦਾਰ ਹੋਟਲ ‘ਚ ਬੰਬ ਫ਼ਟਿਆ ਸੀ। ਉਹਦੇ ਪਿੱਛੇ ਮਜ਼ਦੂਰਾਂ ਦੀ ਬਸਤੀ ‘ਚ ਅੱਗ ਲੱਗੀ ਸੀ। ਹਰ ਪਾਸੇ ਅੱਗ ਦੀਆਂ ਲਪਟਾਂ ਨਜ਼ਰ ਆ ਰਹੀਆਂ ਸਨ। ਮੌਲਵੀ ਸਾਹਿਬ ਨਾਲ ਚੱਲਣ ਵਾਲੇ ਬੱਚੇ ਇਸੇ ਬਸਤੀ ‘ਚੋਂ ਆਏ। ਸ਼ਾਇਦ ਇਨ੍ਹਾਂ ਬੱਚਿਆਂ ਦੇ ਘਰ ਵੀ ਸੜ ਰਹੇ ਸਨ। ਬੱਚੇ ਡਰ ਦੇ ਮਾਰੇ ਰੋਣ ਲੱਗੇ। ਮੌਲਵੀ ਸਾਹਿਬ ਵੀ ਇਨ੍ਹਾਂ ਬੱਚਿਆਂ ਤੋਂ ਪਿੱਛਾ ਛੁਡਵਾ ਕੇ ਕਿਧਰੇ ਭੱਜ ਜਾਣਾ ਚਾਹੁੰਦੇ ਸਨ, ਪਰ ਪੁਲੀਸ ਨੇ ਸਾਰੇ ਰਾਹ ਬੰਦ ਕਰ ਦਿੱਤੇ ਸਨ।
ਸਾਰੇ ਬੱਚੇ ਡਰ ਦੇ ਮਾਰੇ ਮੌਲਵੀ ਸਾਹਿਬ ਨਾਲ ਲਿਪਟ ਗਏ ਸਨ, ”ਮੌਲਵੀ ਸਾਹਿਬ, ਸਾਨੂੰ ਡਰ ਲੱਗ ਰਿਹਾ ਏ।”
”ਹੁਣ ਅਸੀਂ ਘਰ ਕਿਵੇਂ ਜਾਵਾਂਗੇ?”
”ਮੌਲਵੀ ਸਾਹਿਬ, ਕੀ ਅੱਜ ਦੋਜ਼ਖ਼ ਸੜਕਾਂ ‘ਤੇ ਆ ਗਈ ਏ?”
”ਮੌਲਵੀ ਸਾਹਿਬ, ਤੁਸੀਂ ਸਾਨੂੰ ਫ਼ਿਰ ਦੋਜ਼ਖ਼ ਵੱਲ ਕਿਉਂ ਲੈ ਜਾ ਰਹੇ ਹੋ? ਜੰਨਤ ਵੱਲ ਚਲੋ ਨਾ।”
ਬੱਚਿਆਂ ਦੇ ਸਵਾਲਾਂ ਤੋਂ ਘਬਰਾ ਕੇ ਮੌਲਵੀ ਸਾਹਿਬ ਉਨ੍ਹਾਂ ਬੱਚਿਆਂ ਨੂੰ ਆਪਣੇ ਹੱਥਾਂ ‘ਚ ਲੁਕੋਂਦੇ ਹੋਏ ਇੱਕ ਨੁੱਕਰੇ ਖਲੋ ਕੇ ਥਰਥਰ ਕੰਬ ਰਹੇ ਸਨ।
”ਯਾ ਅੱਲਾਹ! ਤੂੰ ਇਨ੍ਹਾਂ ਬੱਚਿਆਂ ਲਈ ਦੋਜ਼ਖ਼ ਤਾਂ ਜ਼ਮੀਨ ‘ਤੇ ਉਤਾਰ ਦਿੱਤੀ ਏ। ਜੰਨਤ ‘ਚ ਲੈ ਜਾਣ ਦਾ ਵਾਅਦਾ ਹਸ਼ਰ (ਕਿਆਮਤ) ਦੇ ਦਿਨ ‘ਤੇ ਕਿਉਂ ਟਾਲ ਦਿੱਤਾ ਈ? ਮੈਨੂੰ ਉਹ ਰਾਹ ਦੱਸ ਦੇ ਕਿ ਇਨ੍ਹਾਂ ਬੱਚਿਆਂ ਨੂੰ ਜੰਨਤ ‘ਚ ਲੈ ਜਾਵਾਂ …।”
ਜੀਲਾਨੀ ਬਾਨੋ
– ਅਨੁਵਾਦ: ਸੁਰਜੀਤ