ਚੋਣਾਂ ਤੋਂ ਪਹਿਲਾਂ ਭਾਜਪਾ ਕਰੇਗੀ ਫੇਰਬਦਲ, ਸਾਂਪਲਾ ਦੀ ਜਗ੍ਹਾ ਮਲਿਕ ਹੋ ਸਕਦੇ ਹਨ ਪੰਜਾਬ ਪ੍ਰਧਾਨ

ਨਵੀਂ ਦਿੱਲੀ— ਲੋਕ ਸਭਾ ਚੋਣਾਂ ਤੋਂ ਪਹਿਲਾਂ ਇਸ ਸਾਲ ਭਾਜਪਾ ਪੰਜਾਬ ਸਮੇਤ ਕਈ ਰਾਜਾਂ ‘ਚ ਪ੍ਰਦੇਸ਼ ਪ੍ਰਧਾਨ ਬਦਲਣ ਦੀ ਤਿਆਰੀ ‘ਚ ਹੈ। ਦੱਸਿਆ ਜਾ ਰਿਹਾ ਹੈ ਕਿ ਪੰਜਾਬ ‘ਚ ਪ੍ਰਦੇਸ਼ ਪ੍ਰਧਾਨ ਵਿਜੇ ਸਾਂਪਲਾ ਦੇ ਖਿਲਾਫ ਪਾਰਟੀ ‘ਚ ਨਾਰਾਜ਼ਗੀ ਵਧ ਰਹੀ ਹੈ। ਅਜਿਹੇ ‘ਚ ਰਾਜ ਸਭਾ ਸੰਸਦ ਮੈਂਬਰ ਸ਼ਵੇਤ ਮਲਿਕ ਨੂੰ ਸੂਬੇ ਦੀ ਕਮਾਨ ਸੌਂਪੀ ਜਾ ਸਕਦੀ ਹੈ। ਪੰਜਾਬ ‘ਚ ਭਾਜਪਾ 2 ਧਿਰਾਂ ‘ਚ ਵੰਡੀ ਹੈ। ਇਕ ਧਿਰ ਅਕਾਲੀ ਦਲ ਨਾਲ ਗਠਜੋੜ ਤੋੜਨ ਜਾਂ ਲੋਕ ਸਭਾ ਸੀਟਾਂ ਦਾ ਸਮੀਕਰਨ ਬਦਲਣ ਦਾ ਹਿਮਾਇਤੀ ਹੈ। ਪਾਰਟੀ ਚਾਹੁੰਦੀ ਹੈ ਕਿ ਨਵਾਂ ਪ੍ਰਧਾਨ ਲਿਆ ਕੇ ਅਕਾਲੀ ਦਲ ਨਾਲ ਨਵੇਂ ਸਿਰੇ ਤੋਂ ਗੱਲਬਾਤ ਕੀਤੀ ਜਾਵੇ।
ਉੱਥੇ ਹੀ ਐੱਮ.ਪੀ. ਅਤੇ ਰਾਜਸਥਾਨ ਦੇ ਪ੍ਰਦੇਸ਼ ਪ੍ਰਧਾਨਾਂ ਨੂੰ ਵੀ ਬਦਲਣ ਦੀ ਤਿਆਰੀ ਹੈ। ਦਰਅਸਲ ਭਾਜਪਾ ਦੇ ਅੰਦਰੂਨੀ ਸਰਵੇਖਣ ‘ਚ ਇਨ੍ਹਾਂ ਤੋਂ ਇਲਾਵਾ ਛੱਤੀਸਗੜ੍ਹ ਅਤੇ ਕਰਨਾਟਕ ‘ਚ ਵੀ ਪਾਰਟੀ ਦੀ ਹਾਲਤ ਚਿੰਤਾਜਨਕ ਦਿਖਾਈ ਗਈ ਹੈ। ਭਾਜਪਾ ਜੇਕਰ ਇਸ ਸਾਲ ਕਈ ਰਾਜਾਂ ‘ਚ ਹੋਣ ਵਾਲੀਆਂ ਚੋਣਾਂ ‘ਚ ਹਾਰੀ ਤਾਂ ਸਿੱਧੇ 2019 ਦੇ ਸਮੀਕਰਨ ਵਿਗੜਨਗੇ। ਕੁਝ ਰਾਜਾਂ ‘ਚ ਇੰਚਾਰਜਾਂ ਦੀ ਨਿਯੁਕਤੀ ਵੀ ਸੰਭਵ ਹੈ। ਉੱਥੇ ਹੀ ਅਵਿਨਾਸ਼ ਰਾਏ ਖੰਨਾ ਨੂੰ ਵੀ ਗੋਆ ਦਾ ਐਡੀਸ਼ਨਲ ਅਹੁਦਾ ਮਿਲ ਸਕਦਾ ਹੈ।