ਨਵੀਂ ਦਿੱਲੀ— ਕਰਨਾਟਕ ਚੋਣਾਂ ਦਾ ਬਿਗੁਲ ਵਜ ਚੁੱਕਿਆ ਹੈ। ਮੁੱਖ ਚੋਣ ਕਮਿਸ਼ਨਰ ਨੇ ਮੰਗਲਵਾਰ ਨੂੰ ਦਿੱਲੀ ‘ਚ ਪ੍ਰੈੱਸ ਕਾਨਫਰੰਸ ਦੌਰਾਨ ਐਲਾਨ ਕੀਤਾ ਕਿ ਕਰਨਾਟਕ ‘ਚ 12 ਮਈ ਨੂੰ ਚੋਣਾਂ ਕਰਵਾਈਆਂ ਜਾਣਗੀਆਂ। ਇਹ ਸਿੰਗਲ ਫੇਜ਼ ਇਲੈਕਸ਼ਨ ਹੋਵੇਗਾ। ਇਸ ਦੇ ਨਾਲ ਹੀ ਕਰਨਾਟਕ ‘ਚ ਤੁਰੰਤ ਪ੍ਰਭਾਵ ਨਾਲ ਚੋਣ ਜ਼ਾਬਤਾ ਲਾਗੂ ਹੋ ਗਈ ਹੈ। ਹਾਲਾਂਇਕ ਮੁੱਖ ਚੋਣ ਕਮਿਸ਼ਨ ਓ.ਪੀ. ਰਾਵਤ ਦੀ ਪ੍ਰੈੱਸ ਕਾਨਫਰੰਸ ਦੌਰਾਨ ਇਕ ਵਿਵਾਦ ਵੀ ਪੈਦਾ ਹੋ ਗਿਆ। ਦਰਅਸਲ ਰਾਵਤ ਨੇ ਵੋਟਿੰਗ ਦੀ ਤਾਰੀਕ ਦਾ ਐਲਾਨ ਨਹੀਂ ਕੀਤਾ ਸੀ, ਉਦੋਂ ਭਾਜਪਾ ਆਈ.ਟੀ. ਹੈੱਡ ਅਮਿਤ ਮਾਲਵੀਏ ਨੇ 12 ਮਈ ਨੂੰ ਚੋਣਾਂ ਅਤੇ ਵੋਟਾਂ ਦੀ ਗਿਣਤੀ 18 ਮਈ ਨੂੰ ਇਹ ਟਵੀਟ ਕਰ ਦਿੱਤਾ। ਕਮਿਸ਼ਨ ਨੇ ਪੱਤਰਕਾਰਾਂ ਵੱਲੋਂ ਇਹ ਮੁੱਦਾ ਚੁਕੇ ਜਾਣ ‘ਤੇ ਸਾਫ਼ ਕਿਹਾ ਕਿ ਇਸ ‘ਤੇ ਸਖਤ ਕਾਰਵਾਈ ਕੀਤੀ ਜਾਵੇਗੀ। ਹਾਲਾਂਕਿ ਵਿਵਾਦ ਵਧਣ ‘ਤੇ ਅਮਿਤ ਮਾਲਵੀਏ ਨੇ ਟਵੀਟ ਡਿਲੀਟ ਕਰ ਦਿੱਤਾ। ਚੋਣ ਕਮਿਸ਼ਨ ਅਨੁਸਾਰ 17 ਅਪ੍ਰੈਲ 2018 ਤੋਂ ਨਾਮਜ਼ਦ ਪ੍ਰਕਿਰਿਆ ਸ਼ੁਰੂ ਹੋ ਜਾਵੇਗੀ, 12 ਮਈ ਨੂੰ ਵੋਟਿੰਗ ਹੋਵੇਗੀ ਅਤੇ ਵੋਟਾਂ ਦੀ ਗਿਣਤੀ 15 ਮਈ ਨੂੰ ਹੋਵੇਗੀ।
ਈ.ਵੀ.ਐੱਮ. ਰਾਹੀਂ ਕਰਵਾਈਆਂ ਜਾਣਗੀਆਂ ਚੋਣਾਂ
ਮੁੱਖ ਚੋਣ ਕਮਿਸ਼ਨਰ ਓ.ਪੀ. ਰਾਵਤ ਨੇ ਦੱਸਿਆ ਕਿ ਕਰਨਾਟਕ ‘ਚ 4 ਕਰੋੜ 96 ਲੱਖ ਵੋਟਰ ਹਨ। 97 ਫੀਸਦੀ ਫੋਟੋ ਪਛਾਣ ਪੱਤਰ ਜਾਰੀ ਕੀਤੇ ਗਏ। ਚੋਣਾਂ ‘ਚ 56 ਹਜ਼ਾਰ ਪੋਲਿੰਗ ਸਟੇਸ਼ਨ ਬਣਾਏ ਜਾਣਗੇ। ਔਰਤਾਂ ਅਤੇ ਅਪਾਹਜਾਂ ਲਈ ਵਿਸ਼ੇਸ਼ ਇੰਤਜ਼ਾਮ ਕੀਤੇ ਜਾਣਗੇ। ਸਾਰੇ ਪੋਲਿੰਗ ਸਟੇਸ਼ਨਾਂ ‘ਤੇ ਈ.ਵੀ.ਐੱਮ. ਨਾਲ ਵੀ.ਵੀ.ਪੀ.ਏ.ਟੀ. ਦੀ ਵੀ ਵਰਤੋਂ ਹੋਵੇਗੀ। ਇਲੈਕਟ੍ਰਾਨਿਕ ਮਸ਼ੀਨਾਂ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ।
ਰਾਤ ਨੂੰ 10 ਵਜੇ ਤੋਂ ਬਾਅਦ ਲਾਊਡਸਪੀਕਰ ‘ਤੇ ਬੈਨ
ਰਾਵਤ ਨੇ ਦੱਸਿਆ ਕਿ 28 ਮਈ ਤੋਂ ਪਹਿਲਾਂ ਸਾਰੀ ਪ੍ਰਕਿਰਿਆ ਪੂਰੀ ਕਰ ਲਈ ਜਾਵੇਗੀ। ਲਾਊਡਸਪੀਕਰ ਦੀ ਵਰਤੋਂ ਰਾਤ 10 ਵਜੇ ਤੋਂ ਲੈ ਕੇ ਸਵੇਰੇ 6 ਵਜੇ ਤੱਕ ਨਹੀਂ ਹੋਵੇਗੀ। ਸੁਰੱਖਿਆ ਲਈ ਕੇਂਦਰੀ ਸੁਰੱਖਿਆ ਫੋਰਸਾਂ ਦੀ ਵੀ ਤਾਇਨਾਤੀ ਕੀਤੀ ਜਾਵੇਗੀ। ਚੋਣਾਵੀ ਖਰਚੇ ‘ਤੇ ਵੀ ਨਜ਼ਰ ਰੱਖੀ ਜਾਵੇਗੀ। ਇਕ ਉਮੀਦਵਾਰ 28 ਲੱਖ ਰੁਪਏ ਹੀ ਖਰਚ ਕਰ ਸਕਦਾ ਹੈ। ਬਿਨਾਂ ਦਸਤਾਵੇਜ਼ ਦੇ ਵੱਡੀ ਰਕਮ ਜ਼ਬਤ ਕਰ ਲਈ ਜਾਵੇਗੀ।
ਪੇਡ ਨਿਊਜ਼ ‘ਤੇ ਸਖਤੀ
ਪੇਡ ਨਿਊਜ਼ ਰੋਕਣ ਲਈ ਉਨ੍ਹਾਂ ਨੇ ਕਿਹਾ ਕਿ ਮੀਡੀਆ ਦਾ ਮਾਨੀਟਰਿੰਗ ਕੀਤੀ ਜਾਵੇਗੀ। ਇਲੈਕਟ੍ਰਾਨਿਕ ਮੀਡੀਆ ‘ਤੇ ਵਿਗਿਆਪਨਾਂ ‘ਤੇ ਵੀ ਨਜ਼ਰ ਰੱਖੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਮੀਡੀਆ ਹਮੇਸ਼ਾ ਤੋਂ ਚੋਣ ਕਮਿਸ਼ਨ ਦਾ ਦੋਸਤ ਰਿਹਾ ਹੈ। ਕਰਨਾਟਕ ਵਿਧਾਨ ਸਭਾ ‘ਚ 224 ਸੀਟਾਂ ‘ਚ ਹਨ। ਇਸ ਸਮੇਂ ਰਾਜ ‘ਚ ਕਾਂਗਰਸ ਦੀ ਸਰਕਾਰ ਹੈ ਅਤੇ ਉਹ ਆਪਣੇ ਇਕ ਆਖਰੀ ਵੱਡੇ ਰਾਜ ‘ਚ ਸੱਤਾ ਬਰਕਰਾਰ ਰੱਖਣਾ ਚਾਹੇਗੀ। ਦੂਜੇ ਪਾਸੇ ਭਾਜਪਾ ਮੋਦੀ ਮੈਜਿਕ ਦੇ ਸਹਾਰੇ ਸੱਤਾ ਹਥਿਆਉਣਾ ਚਾਹੇਗੀ। ਹਾਲ ਹੀ ‘ਚ ਪੂਰਬ-ਉੱਤਰ ‘ਚ ਵਿਜੇ ਪਤਾਕਾ ਲਹਿਰਾਉਣ ਵਾਲੀ ਭਾਜਪਾ ਲਈ ਵੀ ਇਹ ਚੋਣਾਂ ਮਾਣ ਦਾ ਸਵਾਲ ਹੈ। ਇਹੀ ਕਾਰਨ ਹੈ ਕਿ ਚੋਣਾਂ ਦੀਆਂ ਤਾਰੀਕਾਂ ਦੇ ਐਲਾਨ ਤੋਂ ਪਹਿਲਾਂ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚੋਣਾਵੀ ਸਭਾਵਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਸਨ। ਹਾਲਾਂਕਿ ਕਾਂਗਰਸ ਪਾਰਟੀ ਵੀ ਆਪਣੇ ਵੱਲੋਂ ਕੋਈ ਕਸਰ ਨਹੀਂ ਛੱਡ ਰਹੀ ਹੈ। ਕਰਨਾਟਕ ਚੋਣਾਂ ਨੂੰ ਲੈ ਕੇ ਭਾਜਪਾ ਕਿੰਨੀ ਗੰਭੀਰ ਹੈ, ਇਸ ਦਾ ਅੰਦਾਜਾ ਇਸੇ ਗੱਲ ਤੋਂ ਲਗਾਇਆ ਜਾ ਰਿਹਾ ਹੈ ਕਿ ਪਾਰਟੀ ਨੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਯਨਾਥ ਨੂੰ ਵੀ ਪ੍ਰਚਾਰ ਲਈ ਮੈਦਾਨ ‘ਚ ਉਤਾਰਿਆ ਹੈ। ਇਸ ਸਮੇਂ ਭਾਜਪਾ ਦੇ ਪ੍ਰਧਾਨ ਅਮਿਤ ਸ਼ਾਹ ਖੁਦ 2 ਦਿਨਾਂ ਦੇ ਕਰਨਾਟਕ ਦੌਰੇ ‘ਤੇ ਹਨ।
ਸੀਟਾਂ ਦੀ ਗਿਣਤੀ
ਕੁੱਲ 224 ਸੀਟਾਂ ‘ਚੋਂ ਸਰਕਾਰ ਬਣਾਉਣ ਲਈ 113 ਸੀਟਾਂ ਦੀ ਲੋੜ ਹੁੰਦੀ ਹੈ। ਮੌਜੂਦਾ ਸਮੇਂ ਸੱਤਾਧਾਰੀ ਕਾਂਗਰਸ ਕੋਲ 122 ਸੀਟਾਂ ਹਨ, ਜਦੋਂ ਕਿ ਭਾਜਪਾ ਕੋਲ 43 ਅਤੇ ਜੇ.ਡੀ.ਐੱਸ. ਕੋਲ 37 ਸੀਟਾਂ ਹਨ। ਜ਼ਿਕਰਯੋਗ ਹੈ ਕਿ ਕਰਨਾਟਕ ਵਿਧਾਨ ਸਭਾ ਦਾ ਕਾਰਜਕਾਲ ਮਈ 2018 ਨੂੰ ਖਤਮ ਹੋ ਰਿਹਾ ਹੈ।
ਚੋਣਾਂ ਦੇ ਐਲਾਨ ਤੋਂ ਪਹਿਲਾਂ ਕਾਂਗਰਸ ਨੇ ਚੱਲਿਆ ਦਾਅ
ਚੋਣਾਂ ਤੋਂ ਠੀਕ ਪਹਿਲਾਂ ਰਾਜ ਦੀ ਕਾਂਗਰਸ ਸਰਕਾਰ ਨੇ ਲਿੰਗਾਇਤ ਭਾਈਚਾਰੇ ਨੂੰ ਘੱਟ ਗਿਣਤੀ ਦਾ ਦਰਜਾ ਦੇ ਕੇ ਵੱਡਾ ਦਾਆ ਚੱਲਿਆ ਹੈ। ਇਸ ਪ੍ਰਸਤਾਵ ‘ਤੇ ਕੇਂਦਰ ਸਰਕਾਰ ਨੇ ਫੈਸਲਾ ਕਰਨਾ ਹੈ, ਅਜਿਹੇ ‘ਚ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਕਾਂਗਰਸ ਦੇ ਇਸ ਦਾਅ ਦਾ ਭਾਜਪਾ ਦੀ ਅਗਵਾਈ ਵਾਲੀ ਐੱਨ.ਡੀ.ਏ. ਸਰਕਾਰ ਕੀ ਤੋੜ ਕੱਢੇਗੀ, ਜਿਸ ਨਾਲ ਚੋਣ ਨਤੀਜੇ ਵੀ ਪ੍ਰਭਾਵਿਤ ਨਾ ਹੋਣ।















