ਅਮਿਤ ਸ਼ਾਹ ਨੇ ਚੰਦਰਬਾਬੂ ਨਾਇਡੂ ਨੂੰ ਪੱਤਰ ਲਿਖ ਕੇ ਕਿਹਾ, ਵੱਖ ਹੋਣ ਦਾ ਫੈਸਲਾ ਇਕ ਪਾਸੜ

ਨਵੀਂ ਦਿੱਲੀ— ਚੰਦਰਬਾਬੂ ਨਾਇਡੂ ਦੀ ਪਾਰਟੀ ਟੀ.ਡੀ.ਪੀ. ਦੇ ਐੱਨ.ਡੀ.ਏ. ਤੋਂ ਵੱਖ ਹੋਣ ਤੋਂ ਬਾਅਦ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਪਹਿਲੀ ਵਾਲ ਖੁੱਲ੍ਹਾ ਪੱਤਰ ਲਿਖਿਆ ਹੈ। ਟੀ.ਡੀ.ਪੀ. ਚੀਫ ਨੂੰ ਲਿਖੇ ਪੱਤਰ ‘ਚ ਸ਼ਾਹ ਨੇ ਫੈਸਲੇ ‘ਤੇ ਸਵਾਲ ਚੁੱਕੇ ਹਨ। ਸ਼ਾਹ ਨੇ ਕਿਹਾ ਕਿ ਐੱਨ.ਡੀ.ਏ. ਸਰਕਾਰ ਤੋਂ ਵੱਖ ਹੋਣ ਦਾ ਉਨ੍ਹਾਂ (ਚੰਦਰਬਾਬੂ) ਦਾ ਫੈਸਲਾ ਇਕ ਪਾਸੜ ਅਤੇ ਸਿਆਸੀ ਭਾਵਨਾ ਤੋਂ ਪ੍ਰੇਰਿਤ ਸੀ। ਸ਼ਾਹ ਨੇ ਸ਼ੁੱਕਰਵਾਰ ਨੂੰ ਆਂਧਰਾ ਪ੍ਰਦੇਸ਼ ਦੇ ਚੀਫ ਮਿਨੀਸਟਰ ਨੂੰ ਇਹ ਪੱਤਰ ਲਿਖਿਆ। ਉਨ੍ਹਾਂ ਨੇ ਕਿਹਾ,”ਇਹ ਫੈਸਲਾ ਬਦਕਿਸਮਤ ਅਤੇ ਇਕ ਪਾਸੜ ਹੈ। ਇਹ ਇਕ ਅਜਿਹਾ ਫੈਸਲਾ ਹੈ, ਜਿਸ ਨੂੰ ਵਿਕਾਸ ਸੰਬੰਧੀ ਚਿੰਤਾਵਾਂ ਦੀ ਬਜਾਏ ਪੂਰੀ ਤਰ੍ਹਾਂ ਨਾਲ ਸਿਆਸੀ ਵਿਚਾਰਾਂ ‘ਤੇ ਆਧਾਰਤ ਮੰਨਿਆ ਜਾਵੇਗਾ।” ਦਰਅਸਲ ਆਂਧਰਾ ਪ੍ਰਦੇਸ਼ ਨੂੰ ਵਿਸ਼ੇਸ਼ ਰਾਜ ਦਾ ਦਰਜਾ ਨਾ ਮਿਲਣ ਤੋਂ ਨਾਰਾਜ਼ ਤੇਲੁਗੂ ਦੇਸ਼ਮ ਪਾਰਟੀ ਨੇ ਐੱਨ.ਡੀ.ਏ. ਤੋਂ ਵੱਖ ਹੋਣ ਦਾ ਫੈਸਲਾ ਕੀਤਾ। ਅਮਿਤ ਸ਼ਾਹ ਨੇ ਇਸੇ ਫੈਸਲੇ ‘ਤੇ ਪੱਤਰ ਲਿਖ ਕੇ ਪ੍ਰਤੀਕਿਰਿਆ ਦਿੱਤੀ ਹੈ।
ਪੱਤਰ ‘ਚ ਸ਼ਾਹ ਨੇ ਆਪਣੀ ਪਾਰਟੀ ਵੱਲੋਂ ਆਂਧਰਾ ਪ੍ਰਦੇਸ਼ ਲਈ ਕੀਤੇ ਗਏ ਕੰਮਾਂ ਨੂੰ ਦੋਹਰਾਉਂਦੇ ਹੋਏ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਮੇਸ਼ਾ ਜਨਤਾ ਦੇ ਹਿੱਤਾਂ ਨੂੰ ਅੱਗੇ ਰੱਖਿਆ ਹੈ। ਉਨ੍ਹਾਂ ਨੇ ਲਿਖਿਆ,”ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਂਧਰਾ ਪ੍ਰਦੇਸ਼ ਦੀ ਜਨਤਾ ਦੇ ਵਿਕਾਸ ਅਤੇ ਖੁਸ਼ਹਾਲੀ ਲਈ ਕੋਈ ਕਸਰ ਨਹੀਂ ਛੱਡੀ।” ਜ਼ਿਕਰਯੋਗ ਹੈ ਕਿ ਹਾਲ ‘ਚ ਟੀ.ਡੀ.ਪੀ. ਨੇ ਭਾਜਪਾ ਦੀ ਅਗਵਾਈ ਵਾਲੇ ਐੱਨ.ਡੀ.ਏ. ਤੋਂ ਵੱਖ ਹੋਣ ਦਾ ਐਲਾਨ ਕੀਤਾ ਸੀ। ਪਾਰਟੀ ਦੇ ਰਾਜ ਸਭਾ ‘ਚ 16 ਮੈਂਬਰ ਹਨ। ਸ਼ਾਹ ਨੇ ਲਿਖਿਆ ਹੈ,”ਤੁਹਾਨੂੰ ਯਾਦ ਹੋਵੇਗਾ ਕਿ ਪਿਛਲੀਆਂ ਲੋਕ ਸਭਾ ਅਤੇ ਰਾਜ ਸਭਾ ਚੋਣਾਂ ਦੌਰਾਨ ਜਦੋਂ ਤੁਹਾਡੀ ਪਾਰਟੀ ਦਾ ਉੱਚਿਤ ਪ੍ਰਤੀਨਿਧੀਤੱਵ ਨਹੀਂ ਸੀ, ਭਾਜਪਾ ਹੀ ਸੀ, ਜਿਸ ਨੇ ਏਜੰਡਾ ਸੈੱਟ ਕੀਤਾ ਅਤੇ ਇਹ ਯਕੀਨੀ ਕੀਤਾ ਕਿ ਕਠਿਨ ਮਿਹਨਤ ਕਰਨ ਵਾਲੇ ਦੋਹਾਂ ਰਾਜਾਂ ਦੇ ਤੇਲੁਗੂ ਲੋਕਾਂ ਨਾਲ ਨਿਆਂ ਹੋਵੇ।”