ਨਵੀਂ ਦਿੱਲੀ— ਕਾਂਗਰਸ ਦੇ 84ਵੇਂ ਸੰਮੇਲਨ ‘ਚ ਬੋਲਦੇ ਹੋਏ ਰਾਹੁਲ ਗਾਂਧੀ ਨੇ ਭਾਜਪਾ ਅਤੇ ਰਾਸ਼ਟਰੀ ਸੋਇਮ ਸੇਵਕ ਸੰਘ ‘ਤੇ ਤਿੱਖਾ ਹਮਲਾ ਬੋਲਿਆ ਹੈ। ਰਾਹੁਲ ਨੇ ਪੀ.ਐੱਮ. ਮੋਦੀ ਅਤੇ ਅਮਿਤ ਸ਼ਾਹ ਨੂੰ ਨਿਸ਼ਾਨੇ ‘ਤੇ ਲੈਂਦੇ ਹੋਏ ਸੰਘ ਅਤੇ ਭਾਜਪਾ ਦੀ ਤੁਲਨਾ ਕੌਰਵਾਂ ਨਾਲ ਕੀਤੀ। ਰਾਹੁਲ ਨੇ ਕਾਂਗਰਸ ਦੀ ਤੁਲਨਾ ਪਾਂਡਵਾਂ ਨਾਲ ਕਰਦੇ ਹੋਏ ਕਿਹਾ ਕਿ ਇਕ ਪਾਸੇ ਭਾਜਪਾ ਤਾਕਤ ਦੇ ਨਸ਼ੇ ‘ਚ ਸੱਤਾ ਦੀ ਲੜਾਈ ਲੜ ਰਹੇ ਹਨ ਅਤੇ ਅਸੀਂ ਸੱਚਾਈ ਦੀ ਲੜਾਈ ਲੜ ਰਹੇ ਹਾਂ। ਕਾਂਗਰਸ ਪ੍ਰਧਾਨ ਨੇ ਬੈਂਕਿੰਗ ਘੁਟਾਲੇ, ਐਗਜ਼ਾਮ ਘੁਟਾਲੇ, ਕਿਸਾਨਾਂ ਦੀ ਖੁਦਕੁਸ਼ੀ ‘ਤੇ ਪੀ.ਐੱਮ. ਮੋਦੀ ਨੂੰ ਘੇਰਦੇ ਹੋਏ ਅਮਿਤ ਸ਼ਾਹ ‘ਤੇ ਵੀ ਨਿਸ਼ਾਨਾ ਸਾਧਿਆ। ਰਾਹੁਲ ਨੇ ਕਿਹਾ ਕਿ ਉਨ੍ਹਾਂ ਲੋਕਾਂ ਨੇ ਇਕ ਕਤਲ ਦੋਸ਼ੀ ਨੂੰ ਆਪਣੀ ਪਾਰਟੀ ਦਾ ਪ੍ਰਧਾਨ ਬਣਾ ਲਿਆ। ਰਾਹੁਲ ਨੇ ਆਪਣੇ ਸੰਮੇਲਨ ਦੀ ਸ਼ੁਰੂਆਤ ਮਹਾਭਾਰਤ ਦੇ ਉਦਾਹਰਣ ਨਾਲ ਕੀਤੀ। ਰਾਹੁਲ ਗਾਂਧੀ ਨੇ ਕਿਹਾ,”ਹਜ਼ਾਰਾਂ ਸਾਲ ਪਹਿਲਾਂ ਇਕ ਵੱਡਾ ਯੁੱਧ ਲੜਿਆ ਗਿਆ। ਕੁਰੂਕੁਸ਼ੇਤਰ ਦਾ ਯੁੱਧ। ਕੌਰਵ ਸ਼ਕਤੀਸ਼ਾਲੀ ਸਨ। ਤਾਕਤ ਦੇ ਨਸ਼ੇ ‘ਚ ਸਨ। ਉਨ੍ਹਾਂ ਨੂੰ ਲੱਗਦਾ ਸੀ ਕਿ ਉਹ ਮਹਾਨ ਹਨ। ਪਾਂਡਵ ਉਦਾਰ ਸਨ। ਜ਼ਿਆਦਾ ਨਹੀਂ ਬੋਲਦੇ ਸਨ। 5 ਭਰਾ ਸਨ, ਜਿਨ੍ਹਾਂ ਨੇ ਹਾਲ ‘ਚ ਸਭ ਕੁਝ ਗਵਾ ਦਿੱਤਾ ਸੀ ਪਰ ਕੌਰਵਾਂ ਤੋਂ ਵੱਖ ਉਨ੍ਹਾਂ ਨੇ ਸੱਚਾਈ ਦੀ ਲੜਾਈ ਲੜੀ। ਰਾਹੁਲ ਨੇ ਕਿਹਾ,”ਭਾਜਪਾ ਅਤੇ ਆਰ.ਐੱਸ.ਐੱਸ. ਕੌਰਵਾਂ ਦੀ ਤਰ੍ਹਾਂ ਹੀ ਤਾਕਤ ਲਈ ਲੜਨ ਲਈ ਬਣੀ ਹੈ। ਪਾਂਡਵਾਂ ਦੀ ਤਰ੍ਹਾਂ ਕਾਂਗਰਸ ਸੱਚਾਈ ਲਈ ਲੜਨ ਲਈ ਬਣੀ ਹੈ। ਰਾਹੁਲ ਗਾਂਧੀ ਨੇ ਦੇਸ਼ ਦੇ ਸਭ ਤੋਂ ਵੱਡੇ ਬੈਂਕਿੰਗ ਘੁਟਾਲੇ ਦੇ ਦੋਸ਼ੀ ਨੀਰਵ ਮੋਦੀ ਅਤੇ ਕ੍ਰਿਕਟ ‘ਚ ਸੱਟੇਬਾਜ਼ੀ ਦੇ ਦੋਸ਼ੀ ਲਲਿਤ ਮੋਦੀ ਦੇ ਉਪਮਾਨ ਅਤੇ ਪੀ.ਐੱਮ. ਦੇ ਉਪਨਾਮ ਨੂੰ ਲੈ ਕੇ ਤੰਜ਼ ਕੱਸਿਆ। ਰਾਹੁਲ ਗਾਂਧੀ ਨੇ ਕਿਹਾ ਕਿ ਇਕ ਨੀਰਵ ਮੋਦੀ ਹੈ, ਜਿਸ ਨੇ ਸਭ ਤੋਂ ਵੱਡੀ ਚੋਰੀ ਕੀਤੀ। ਲਲਿਤ ਮੋਦੀ ਜਿਸ ਨੇ ਫਿਕਸਿੰਗ ਕੀਤੀ। ਰਾਹੁਲ ਨੇ ਕਿਹਾ ਕਿ ਮੋਦੀ ਨਾਂ ਭ੍ਰਿਸ਼ਟਾਚਾਰ ਦਾ ਪ੍ਰਤੀਕ ਬਣ ਗਿਆ। ਕਾਂਗਰਸ ਪ੍ਰਧਾਨ ਨੇ ਕਿਹਾ,”ਮੋਦੀ ਨੇ ਮੋਦੀ ਨੂੰ 33 ਹਜ਼ਾਰ ਕਰੋੜ ਰੁਪਏ ਦਿੱਤੇ, ਰਿਟਰਨ ‘ਚ ਮੋਦੀ ਨੇ ਮੋਦੀ ਨੂੰ ਪੈਸੇ ਦਿੱਤੇ ਅਤੇ ਮੋਦੀ ਨੇ ਚੋਣ ਜਿੱਤ ਲਈਆਂ।” ਰਾਹੁਲ ਗਾਂਧੀ ਨੇ ਨੀਰਵ ਮੋਦੀ ਅਤੇ ਲਲਿਤ ਮੋਦੀ ਦੇ ਦੇਸ਼ ਤੋਂ ਦੌੜਨ ਨੂੰ ਲੈ ਕੇ ਵੀ ਪੀ.ਐੱਮ. ਮੋਦੀ ‘ਤੇ ਤੰਜ਼ ਕੱਸਿਆ। ਰਾਹੁਲ ਗਾਂਧੀ ਨੇ ਕਿਹਾ ਕਿ ਚਾਰ ਸਾਲ ਪਹਿਲਾਂ ਨੌਜਵਾਨਾਂ ਨੇ ਮੋਦੀ ‘ਤੇ ਭਰੋਸਾ ਜ਼ਾਹਰ ਕੀਤਾ। ਨੌਜਵਾਨਾਂ ਨੇ ਮੋਦੀ ਦੀ ਗੱਡੀ ਨੂੰ ਧੱਕਾ ਦਿੱਤਾ। ਮੋਦੀ ਜੀ ਦੀ ਗੱਡੀ ‘ਚ ਇਕ ਪਾਸੇ ਨੀਰਵ ਮੋਦੀ ਅਤੇ ਇਕ ਪਾਸੇ ਲਲਿਤ ਮੋਦੀ। ਮੋਦੀ ਜੀ ਨੌਜਵਾਨਾਂ ਨੂੰ ਛੱਡ ਕੇ ਉਨ੍ਹਾਂ ਨੂੰ ਲੈ ਕੇ ਅੱਗੇ ਨਿਕਲ ਗਏ। ਰਾਹੁਲ ਗਾਂਧੀ ਨੇ ਰਾਫੇਲ ਡੀਲ ‘ਤੇ ਸਵਾਲ ਚੁੱਕਦੇ ਹੋਏ ਅਮਿਤ ਸ਼ਾਹ ਦੇ ਬੇਟੇ ਦੀ ਸੰਪਤੀ ਵਧਣ ‘ਤੇ ਵੀ ਤੰਜ਼ ਕੱਸਿਆ।
ਜਦੋਂ ਸਾਡੇ ਨੇਤਾ ਬ੍ਰਿਟਿਸ਼ਾਂ ਦੀ ਜੇਲ ‘ਚ ਸਨ ਤਾਂ ਉਨ੍ਹਾਂ ਦੇ ਨੇਤਾ ਅੰਗਰੇਜ਼ਾਂ ਤੋਂ ਮੁਆਫ਼ੀ ਮੰਗ ਰਹੇ ਸਨ
ਰਾਹੁਲ ਗਾਂਧੀ ਨੇ ਕਿਹਾ ਕਿ ਕਤਲ ਦੇ ਦੋਸ਼ੀ ਨੂੰ ਭਾਜਪਾ ਦਾ ਪ੍ਰਧਾਨ ਬਣਾਇਆ ਪਰ ਕਾਂਗਰਸ ਪਾਰਟੀ ‘ਚ ਅਜਿਹਾ ਸਵੀਕਾਰ ਨਹੀਂ ਕੀਤਾ ਜਾ ਸਕਦਾ। ਅਸੀਂ ਡੂੰਘਾਈ ਨਾਲ ਸਮਝਦੇ ਹਾਂ ਕਿ ਕਾਂਗਰਸ ਪਾਰਟੀ ਦਾ ਸੰਗਠਨ ਸੱਚਾਈ ਦਾ ਸੰਗਠਨ ਹੈ। ਕਾਂਗਰਸ ਤੋਂ ਭਾਰਤ ਨੂੰ ਕਾਫੀ ਉਮੀਦਾਂ ਹਨ। ਭਾਜਪਾ ਇਕ ਸੰਗਠਨ ਦੀ ਆਵਾਜ਼ ਹੈ, ਕਾਂਗਰਸ ਦੇਸ਼ ਦੀ ਆਵਾਜ਼ ਹੈ। ਗਾਂਧੀ ਜੀ ਨੇ 50 ਸਾਲ ਜੇਲ ‘ਚ ਬਿਤਾਏ ਅਤੇ ਭਾਰਤ ਲਈ ਜਾਨ ਦਿੱਤੀ। ਭਾਰਤ ਕਦੇ ਨਹੀਂ ਭੁੱਲ ਸਕਦਾ ਕਿ ਜਦੋਂ ਸਾਡੇ ਨੇਤਾ ਬ੍ਰਿਟਿਸ਼ ਜੇਲਾਂ ਦੀ ਜ਼ਮੀਨ ‘ਤੇ ਸੌਂ ਰਹੇ ਸਨ ਤਾਂ ਉਨ੍ਹਾਂ ਦੇ ਨੇਤਾ ਸਾਵਰਕਰ ਬ੍ਰਿਟਿਸ਼ਾਂ ਨੂੰ ਖੱਤ ਲਿਖ ਕੇ ਮੁਆਫ਼ੀ ਮੰਗ ਰਹੇ ਸਨ।” ਰਾਹੁਲ ਨੇ ਕਿਹਾ ਕਿ ਦੇਸ਼ ਦੇ ਹਰ ਕੋਨੇ ਦੀ ਜ਼ਮੀਨ ਸਾਡੇ ਵਰਕਰਾਂ ਦੇ ਖੂਨ ਨਾਲ ਰੰਗੀ ਹੈ। ਸਾਡੇ 16 ਹਜ਼ਾਰ ਵਰਕਰ ਸਿਰਫ ਪੰਜਾਬ ‘ਚ ਮਾਰੇ ਗਏ। ਇਸ ਦੇਸ਼ ਦੇ ਹਰ ਰਾਜ ‘ਚ ਅਜਿਹੇ ਵਰਕਰਾਂ ਦੀ ਲਿਟ ਹੈ, ਜੋ ਦੇਸ਼ ਲਈ ਮਾਰੇ ਗਏ। ਇਸ ਦੇਸ਼ ਦੀ ਮਿੱਟੀ ਸਾਡੇ ਵਰਕਰਾਂ ਦੇ ਖੂਨ ਨਾਲ ਰੰਗੀ ਹੋਈ ਹੈ।”
ਰਾਹੁਲ ਨੇ ਗਲਤੀਆਂ ਸਵੀਕਾਰ ਕਰ ਕੇ ਸੰਗਠਨ ਨੂੰ ਦਿੱਤਾ ਸਖਤ ਸੰਦੇਸ਼
ਰਾਹੁਲ ਗਾਂਧੀ ਨੇ ਨਾ ਸਿਰਫ ਭਾਜਪਾ, ਆਰ.ਐੱਸ.ਐੱਸ. ‘ਤੇ ਹਮਲਾ ਬੋਲਿਆ ਸਗੋਂ ਆਪਣੀ ਪਾਰਟੀ ਦੀਆਂ ਗਲਤੀਆਂ ਵੀ ਸਵੀਕਾਰ ਕੀਤੀਆਂ। ਨਾਲ ਹੀ ਰਾਹੁਲ ਨੇ ਪਾਰਟੀ ਸੰਗਠਨ ਨੂੰ ਵੀ ਇਕਜੁਟ ਰਹਿਣ ਦੀ ਗੱਲ ਕਰ ਕੇ ਤਬਦੀਲੀ ਦੇ ਸਖਤ ਸੰਦੇਸ਼ ਵੀ ਦਿੱਤੇ। ਰਾਹੁਲ ਗਾਂਧੀ ਨੇ ਕਿਹਾ,”ਪਿਛਲੀ ਸਰਕਾਰ ਦੇ ਕੁਝ ਸਾਲਾਂ ‘ਚ ਅਸੀਂ ਦੇਸ਼ ਦੇ ਲੋਕਾਂ ਦੀ ਭਾਵਨਾ ਦਾ ਸਨਮਾਨ ਨਹੀਂ ਕੀਤਾ। ਇਸ ਦੀ ਸਜ਼ਾ ਲੋਕਾਂ ਨੇ ਸਾਨੂੰ ਦਿੱਤੀ। ਕੁਰੂਕੁਸ਼ੇਤਰ ਦੀ ਲੜਾਈ ਸੱਚਾਈ ਲਈ ਹੋਈ ਸੀ। ਅੱਜ ਹਜ਼ਾਰਾਂ ਸਾਲ ਬਾਅਦ ਵੀ ਇਹੀ ਸਵਾਲ ਹੈ ਕਿ ਕੀ ਭਾਰਤ ਝੂਠ ਦਾ ਸਾਥ ਦੇਵੇਗਾ ਜਾਂ ਸੱਚ ਦਾ।” ਰਾਹੁਲ ਗਾਂਧੀ ਨੇ ਕਿਹਾ ਕਿ ਪਿਛੇ ਜੋ ਸਾਡੇ ਵਰਕਰ ਬੈਠੇ ਹਨ, ਉਨ੍ਹਾਂ ‘ਚ ਊਰਜਾ ਹੈ, ਦੇਸ਼ ਨੂੰ ਬਦਲਣ ਦੀ ਸ਼ਕਤੀ ਹੈ ਪਰ ਉਨ੍ਹਾਂ ਦਰਮਿਆਨ ਅਤੇ ਸਾਡੇ ਨੇਤਾਵਾਂ ਦਰਮਿਆਨ ਇਕ ਕੰਧ ਖੜ੍ਹੀ ਹੈ। ਮੇਰਾ ਪਹਿਲਾ ਕੰਮ ਉਸ ਕੰਧ ਨੂੰ ਤੋੜਨ ਦਾ ਹੋਵੇਗਾ। ਗੁੱਸੇ ਨਾਲ ਨਹੀਂ ਪਿਆਰ ਨਾਲ। ਜੋ ਸਾਡੇ ਸੀਨੀਅਰ ਨੇਤਾ ਹਨ, ਉਨ੍ਹਾਂ ਦੀ ਇੱਜ਼ਤ ਰੱਖ ਕੇ ਉਨ੍ਹਾਂ ਨਾਲ ਪਿਆਰ ਕਰ ਕੇ ਅਸੀਂ ਇਹ ਕੰਧ ਤੋੜਾਂਗੇ। ਕਾਂਗਰਸ ਪ੍ਰਧਾਨ ਨੇ ਕਿਹਾ ਕਿ ਅਜੇ ਜੋ ਵੀ ਆਪਸੀ ਲੜਾਈ ਹੈ, ਚੋਣਾਂ ਬਾਅਦ ਲੜਾਂਗੇ, ਪਹਿਲਾਂ ਪਾਰਟੀ ਲਈ ਕੰਮ ਕਰਾਂਗੇ।















