ਲਕੀਰ ਤੋਂ ਹਟਕੇ ਬਣੀ ਫ਼ਿਲਮ ‘ਦੇਵ ਬਾਇਓਪਿਕ ਕਰਨਾ ਚਾਹੁੰਦੀ ਹੈ ਕਲਕੀ

ਡੀ’ ਵਿੱਚ ਇੱਕ ਬਾਲ ਵੇਸ਼ਵਾ ਦੇ ਕਿਰਦਾਰ ਨਾਲ ਬੌਲੀਵੁੱਡ ਵਿੱਚ ਕਦਮ ਰੱਖਣ ਵਾਲੀ ਕਲਕੀ ਕੋਚਲਿਨ ਨੇ ਬਹੁਤ ਘੱਟ ਸਮੇਂ ਵਿੱਚ ਹੀ ਦਰਸ਼ਕਾਂ ਵਿੱਚ ਆਪਣੀ ਚੰਗੀ ਜਗ੍ਹਾ ਬਣਾ ਲਈ ਹੈ। ਥੀਏਟਰ ਨਾਲ ਜੁੜੀ ਕਲਕੀ ਨੇ ਜ਼ਿਆਦਾਤਰ ਪੇਸ਼ਕਾਰੀ ਆਧਾਰਿਤ ਫ਼ਿਲਮਾਂ ਹੀ ਕੀਤੀਆਂ ਹਨ। ਉਸ ਦੇ ਹਿੱਸੇ ਵਿੱਚ ਲਕੀਰ ਤੋਂ ਹਟਕੇ ਫ਼ਿਲਮਾਂ ‘ਸ਼ੈਤਾਨ’, ‘ਸ਼ੰਘਾਈ’, ‘ਗਰਲ ਇਨ ਯੈਲੋ ਬੂਟਸ’, ‘ਮਾਰਗਰਿਟਾ ਵਿਦ ਏ ਸਟਰਾਅ’, ‘ਕਾਸ਼’, ‘ਮੰਤਰਾ’ ਤੇ ‘ਰਿਬਨ’ ਆਦਿ ਹਨ, ਨਾਲ ਹੀ ਉਹ ‘ ਜ਼ਿੰਦਗੀ ਨਾ ਮਿਲੇਗੀ ਦੋਬਾਰਾ’, ‘ਯੇਹ ਜਵਾਨੀ ਹੈ ਦੀਵਾਨੀ’, ‘ਏਕ ਥੀ ਡਾਇਨ’, ‘ਜੀਆ ਓ ਜੀਆ’ ਵਰਗੀਆਂ ਕਮਰਸ਼ਲ ਫ਼ਿਲਮਾਂ ਵੀ ਹਨ। ਪੇਸ਼ ਹੈ ਕਲਕੀ ਕੋਚਲਿਨ ਨਾਲ ਹੋਈ ਗੱਲਬਾਤ ਦੇ ਪ੍ਰਮੁੱਖ ਅੰਸ਼:
-ਫ਼ਿਲਮਾਂ ਪ੍ਰਤੀ ਸੈਂਸਰ ਬੋਰਡ ਦੇ ਰਵੱਈਏ ਨੂੰ ਤੁਸੀਂ ਕਿਸ ਤਰ੍ਹਾਂ ਵੇਖਦੇ ਹੋ ?
-ਮੈਂ ਪਹਿਲਾਂ ਵੀ ਕਿਹਾ ਹੈ ਕਿ ਕੋਈ ਸੈਂਸਰ ਬੋਰਡ ਨਹੀਂ ਹੈ, ਇਹ ਸਰਟੀਫ਼ਿਕੇਸ਼ਨ ਬੋਰਡ ਹੈ ਜੋ ਕਿ ਇਹ ਪ੍ਰਮਾਣਿਤ ਕਰਦਾ ਹੈ ਕਿ ਕਿਹੜੀ ਫ਼ਿਲਮ ਕਿਹੜੀ ਉਮਰ ਦੇ ਲੋਕ ਵੇਖ ਸਕਦੇ ਹਨ। ਲੋਕਤੰਤਰ ਵਿੱਚ ਸੈਂਸਰਸ਼ਿਪ ਨਾਮ ਦੀ ਕੋਈ ਚੀਜ਼ ਨਹੀਂ ਹੁੰਦੀ ਕਿਉਂਕਿ ਇਹ ਬੋਲਣ ਦੀ ਆਜ਼ਾਦੀ ਉੱਤੇ ਰੋਕ ਲਗਾਉਂਦਾ ਹੈ। ਇੱਕ ਵਾਰ ਤੁਸੀਂ ਇਸਨੂੰ ਏ ਸਰਟੀਫ਼ਿਕੇਟ ਦੇ ਦਿੱਤਾ ਤਾਂ ਇਹ ਲੋਕਾਂ ਉੱਤੇ ਛੱਡ ਦੇਣਾ ਚਾਹੀਦਾ ਹੈ ਕਿ ਲੋਕ ਕੀ ਵੇਖਣਾ ਚਾਹੁਣਗੇ ਤੇ ਕੀ ਨਹੀਂ?
-ਤੁਸੀਂ ਜ਼ਿਆਦਾਤਰ ਪੇਸ਼ਕਾਰੀ ਆਧਾਰਿਤ ਫ਼ਿਲਮਾਂ ਹੀ ਕੀਤੀਆਂ ਹਨ। ਕਮਰਸ਼ਲ ਫ਼ਿਲਮਾਂ ਤੋਂ ਦੂਰ ਹੋਣ ਦਾ ਡਰ ਨਹੀਂ ਹੈ ?
– ਇਹ ਫ਼ਿਲਮਾਂ ਮੇਰੀ ਪਸੰਦ ਨਹੀਂ ਸਨ, ਸਗੋਂ ਮੈਂ ਇਨ੍ਹਾਂ ਫ਼ਿਲਮਾਂ ਲਈ ਚੁਣੀ ਗਈ ਸੀ। ਮੈਨੂੰ ਇਨ੍ਹਾਂ ਫ਼ਿਲਮਾਂ ਵਿੱਚ ਕੰਮ ਕਰਨ ਦਾ ਮੌਕਾ ਮਿਲਿਆ। ਹੁਣ ਮੈਨੂੰ ਇਸ ਤਰ੍ਹਾਂ ਦੀ ਕੋਈ ਪੇਸ਼ਕਸ਼ ਨਹੀਂ ਮਿਲ ਰਹੀ। ਜੇਕਰ ਮੈਨੂੰ ਇਸ ਤਰ੍ਹਾਂ ਦੀਆਂ ਕਮਰਸ਼ਲ ਫ਼ਿਲਮਾਂ ਕਰਨ ਦੀਆਂ ਪੇਸ਼ਕਸ਼ਾਂ ਮਿਲਣ ਤਾਂ ਮੈਂ ਜ਼ਰੂਰ ਕਰਨਾ ਚਾਹਾਂਗੀ। ਮੈਨੂੰ ਲੱਗਦਾ ਹੈ ਕਿ ਸਭ ਦੇ ਕਰੀਅਰ ਵਿੱਚ ਇਸ ਤਰ੍ਹਾਂ ਦੇ ਉਤਰਾਅ – ਚੜ੍ਹਾਅ ਆਉਂਦੇ ਰਹਿੰਦੇ ਹਨ। ਮੈਂ ਵੀ ਉਸੀ ਦੌਰ ਤੋਂ ਗੁਜ਼ਰ ਰਹੀ ਹਾਂ। ਮੈਂ ਕਦੇ ਆਪਣੇ ਆਪ ਨੂੰ ਕੋਈ ਸੈਲੇਬਰਿਟੀ ਨਹੀਂ ਮੰਨਿਆ ਹੈ। ਜਦੋਂ ਤਕ ਮੈਨੂੰ ਅਦਾਕਾਰੀ ਦਾ ਮੌਕਾ ਮਿਲੇਗਾ, ਤਦ ਤਕ ਅਦਾਕਾਰੀ ਕਰਦੀ ਰਹਾਂਗੀ।
– ਤੁਸੀਂ ਅੰਗਰੇਜ਼ੀ ਫ਼ਿਲਮਾਂ ਵੀ ਕੀਤੀਆਂ ਹਨ। ਭਾਰਤ ਵਿੱਚ ਅਜਿਹੀਆਂ ਫ਼ਿਲਮਾਂ ਪ੍ਰਤੀ ਕਿਹੋ ਜਿਹੇ ਹੁੰਗਾਰੇ ਦੀ ਉਮੀਦ ਕਰਦੇ ਹੋ?
– ਮੈਂ ਇਹ ਮੰਨਦੀ ਹਾਂ ਕਿ ਭਾਰਤ ਕੇਵਲ ਹਿੰਦੀ ਭਾਸ਼ੀ ਦੇਸ਼ ਹੀ ਨਹੀਂ ਹੈ, ਸਗੋਂ ਇੱਥੇ ਤਾਂ ਹਰ ਤਰ੍ਹਾਂ ਦੀਆਂ ਭਾਸ਼ਾਵਾਂ ਜਿਵੇਂ ਮਰਾਠੀ, ਗੁਜਰਾਤੀ, ਮਲਿਆਲਮ, ਬੰਗਲਾ ਵਰਗੀਆਂ ਕਈ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ ਅਤੇ ਹਰ ਭਾਸ਼ਾ ਦਾ ਆਪਣਾ ਇੱਕ ਦਰਸ਼ਕ ਵਰਗ ਹੁੰਦਾ ਹੈ। ਮੈਂ ਨਿੱਜੀ ਤੌਰ ‘ਤੇ ਮਰਾਠੀ ਫ਼ਿਲਮਾਂ ਦੀ ਬਹੁਤ ਵੱਡੀ ਪ੍ਰਸ਼ੰਸਕ ਹਾਂ। ਇਸ ਸਨਅੱਤ ਨੇ ‘ਕੋਰਟ’ ਅਤੇ ‘ਸੈਰਾਟ’ ਵਰਗੀਆਂ ਕਈ ਚੰਗੀਆਂ ਫ਼ਿਲਮਾਂ ਦਿੱਤੀਆਂ ਹਨ। ਇਸੇ ਤਰ੍ਹਾਂ ਅੰਗਰੇਜ਼ੀ ਫ਼ਿਲਮਾਂ ਦਾ ਵੀ ਆਪਣਾ ਦਰਸ਼ਕ ਵਰਗ ਹੈ ਜਿਸਦੇ ਕਾਰਨ ਹੌਲੀਵੁੱਡ ਫ਼ਿਲਮਾਂ ਦਾ ਇੱਥੇ ਚੰਗਾ ਕਾਰੋਬਾਰ ਹੁੰਦਾ ਹੈ। ਮੇਰੀ ਅੰਗਰੇਜ਼ੀ ਫ਼ਿਲਮ ਨੂੰ ਵੀ ਦਰਸ਼ਕਾਂ ਦਾ ਚੰਗਾ ਹੁੰਗਾਰਾ ਮਿਲਿਆ ਹੈ।
– ਤੁਸੀਂ ਬੌਲੀਵੁੱਡ ਵਿੱਚ ਆਪਣੇ ਹੁਣ ਤਕ ਦੇ ਸਫ਼ਰ ਦੇ ਬਾਰੇ ਕੀ ਕਹੋਗੇ?
– ਹੁਣ ਮੈਂ ਬੌਲੀਵੁੱਡ ਵਿੱਚ ਲਗਪਗ 10 ਸਾਲ ਤੋਂ ਜ਼ਿਆਦਾ ਵਕਤ ਬਿਤਾ ਲਿਆ ਹੈ। ਪਹਿਲਾਂ ਮੇਰੇ ਲਈ ਇਹ ਜਗ੍ਹਾ ਨਵੀਂ ਸੀ ਤਾਂ ਮੈਂ ਆਪਣੀ ਦਿਖ ਨੂੰ ਲੈ ਕੇ ਚਿੰਤਤ ਸੀ। ਸੋਚਦੀ ਸੀ ਕਿ ਇਹ ਸਨਅੱਤ ਮੇਰੇ ਬਾਰੇ ਕੀ ਸੋਚ ਰਹੀ ਹੋਵੇਗੀ ? ਪਰ , ਹੁਣ ਮੈਂ ਨਿਸ਼ਚਿੰਤ ਹੋ ਗਈ ਹਾਂ। ਜਿੱਥੇ ਤਕ ਬੌਲੀਵੁੱਡ ਦਾ ਸਵਾਲ ਹੈ, ਇਹ ਬਹੁਤ ਗਿਣਤੀਆਂ ਮਿਣਤੀਆਂ ਵਾਲਾ ਕਾਰੋਬਾਰ ਹੈ ਜਿਸ ਦੀਆਂ ਕਈ ਪਰਤਾਂ ਹਨ। ਇੱਥੇ ਇੱਕ ਅਦਾਕਾਰ ਨੂੰ ਉਸਦੀ ਟਿਕਟ ਖਿੜਕੀ ‘ਤੇ ਕੁਲੈਕਸ਼ਨ ਕਰਨ ਦੇ ਆਧਾਰ ਉੱਤੇ ਤੋਲਿਆ ਜਾਂਦਾ ਹੈ।
– ਤਾਂ ਕੀ ਹੁਣ ਤੁਸੀਂ ਆਪਣੇ ਆਪ ਨੂੰ ਬੌਲੀਵੁੱਡ ਵਿੱਚ ਫ਼ਿੱਟ ਸਮਝਣ ਲੱਗੇ ਹੋ ?
– ਇੰਨਾ ਤਾਂ ਤੈਅ ਹੈ ਕਿ ਮੈਂ ਭਾਰਤੀ ਸਿਨਮਾ ਵਿੱਚ ਆਪਣੀ ਜਗ੍ਹਾ ਬਣਾ ਲਈ ਹੈ, ਪਰ ਜਿੱਥੋਂ ਤਕ ਇਹ ਸਵਾਲ ਕਿ ਮੈਂ ਬੌਲੀਵੁੱਡ ਵਿੱਚ ਫ਼ਿੱਟ ਹਾਂ ਜਾਂ ਨਹੀਂ ਤਾਂ ਇਸਦੇ ਜਵਾਬ ਵਿੱਚ ਮੈਂ ਇਹੀ ਕਹਾਂਗੀ ਕਿ ਮੈਂ ਨਹੀਂ ਜਾਣਦੀ ਕਿ ਮੈਂ ਇੱਥੇ ਫ਼ਿੱਟ ਹਾਂ ਜਾਂ ਨਹੀਂ, ਪਰ ਇਹ ਵੀ ਜ਼ਰੂਰ ਕਹਾਂਗੀ ਕਿ ਮੈਨੂੰ ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ। ਮੈਨੂੰ ਇਸ ਗੱਲ ਦੀ ਵੀ ਕੋਈ ਪਰਵਾਹ ਨਹੀਂ ਹੈ ਕਿ ਮੈਂ ਕਿੰਨੀਆਂ ਪਾਰਟੀਆਂ ਵਿੱਚ ਸ਼ਾਮਲ ਹੋਈ ਜਾਂ ਮੈਨੂੰ ਕਿੰਨੀਆਂ ਪਾਰਟੀਆਂ ਦਾ ਸੱਦਾ ਮਿਲ ਰਿਹਾ ਹੈ। ਮੈਂ ਕੰਮ ਕਰਦੀ ਹਾਂ ਅਤੇ ਮੈਨੂੰ ਸਿਰਫ਼ ਆਪਣੇ ਕੰਮ ਨਾਲ ਪਿਆਰ ਹੈ। ਫ਼ਿਲਮ ਵਿੱਚ ਆਪਣੇ ਕਿਰਦਾਰ ਅਤੇ ਕਹਾਣੀ ਦੀ ਮੰਗ ਦੇ ਹਿਸਾਬ ਨਾਲ ਮੈਂ ਕਾਫ਼ੀ ਹੋਮਵਰਕ ਕਰਦੀ ਹਾਂ।
– ਕੀ ਅੱਜ ਵੀ ਇੱਥੇ ਆਰਟ ਅਤੇ ਕਮਰਸ਼ਲ ਸਿਨਮਾ ਵਿੱਚ ਭੇਦ ਕੀਤਾ ਜਾਂਦਾ ਹੈ ?
– ਹਾਂ , ਕਿਉਂਕਿ ਬੌਲੀਵੁੱਡ ਇੱਕ ਸਨਅੱਤ ਹੈ ਅਤੇ ਹਰ ਸਨਅੱਤ ਨਫ਼ਾ ਨੁਕਸਾਨ ਦੇ ਹਿਸਾਬ ਨਾਲ ਚੱਲਦੀ ਹੈ। ਮੈਨੂੰ ਲੱਗਦਾ ਹੈ ਕਿ ਬੌਲੀਵੁੱਡ ਵਿੱਚ ਆਰਟ ਸਿਨਮਾ ਨੂੰ ਤਵੱਜੋ ਮਿਲਣ ਵਿੱਚ ਅਜੇ ਹੋਰ ਜ਼ਿਆਦਾ ਵਕਤ ਲੱਗੇਗਾ। ਜਦੋਂ ਤਕ ਸਨਅੱਤ ਵਿੱਚ ਫ਼ਿਲਮ ਤੋਂ ਜ਼ਿਆਦਾ ਤੋਂ ਜ਼ਿਆਦਾ ਪੈਸਾ ਕਮਾਉਣ ਦੀ ਧਾਰਨਾ ਨਹੀਂ ਬਦਲੇਗੀ, ਓਦੋਂ ਤਕ ਆਰਟ ਸਿਨਮਾ ਨੂੰ ਮਜ਼ਬੂਤੀ ਅਤੇ ਤਵੱਜੋ ਨਹੀਂ ਮਿਲੇਗੀ। ਇਹੀ ਨਜ਼ਰੀਆ ਹੈ ਜੋ ਆਰਟ ਅਤੇ ਕਮਰਸ਼ਲ ਫ਼ਿਲਮਾਂ ਨੂੰ ਦੋ ਹਿੱਸਿਆਂ ਵਿੱਚ ਵੰਡਦਾ ਹੈ। ਆਰਟ ਫ਼ਿਲਮਾਂ ਦਾ ਸੰਘਰਸ਼ ਹਮੇਸ਼ਾਂ ਤੋਂ ਰਿਹਾ ਹੈ, ਜੇਕਰ ਇਨ੍ਹਾਂ ਫ਼ਿਲਮਾਂ ਦਾ ਸੰਘਰਸ਼ ਨਹੀਂ ਹੁੰਦਾ ਤਾਂ ਉਹ ਕਮਰਸ਼ਲ ਫ਼ਿਲਮਾਂ ਬਣ ਜਾਂਦੀਆਂ।
-ਅੱਜਕੱਲ੍ਹ ਬਾਇਓਪਿਕ ਦਾ ਦੌਰ ਹੈ। ਕੀ ਤੁਸੀਂ ਵੀ ਅਜਿਹੀਆਂ ਫ਼ਿਲਮਾਂ ਵਿੱਚ ਕੰਮ ਕਰਨਾ ਚਾਹੋਗੇ ?
– ਜੀ ਹਾਂ, ਮੈਨੂੰ ਵੀ ਬਾਇਓਪਿਕ ਵਿੱਚ ਕੰਮ ਕਰਨਾ ਹੈ। ਮੈਂ ਸਿਸਟਰ ਨਿਵੇਦਿਤਾ ਦਾ ਕਿਰਦਾਰ ਨਿਭਾਉਣਾ ਚਾਹੁੰਦੀ ਹਾਂ। ਜੇਕਰ ਬੌਲੀਵੁੱਡ ਵਿੱਚ ਕਦੇ ਵੀ ਸਿਸਟਰ ਨਿਵੇਦਿਤਾ ਦੀ ਜ਼ਿੰਦਗੀ ਉੱਤੇ ਫ਼ਿਲਮ ਬਣੇਗੀ, ਤਾਂ ਉਸਦੀ ਕਾਸਟਿੰਗ ਵਿੱਚ ਮੇਰੇ ਤੋਂ ਇਲਾਵਾ ਹੋਰ ਕੋਈ ਨਹੀਂ ਹੋਵੇਗਾ ਕਿਉਂਕਿ ਸਿਸਟਰ ਨਿਵੇਦਿਤਾ ਇੰਗਲਿਸ਼ ਵਿਮੈਨ ਦਾ ਕਿਰਦਾਰ ਹੈ। ਉਹ ਸਵਾਮੀ ਵਿਵੇਕਾਨੰਦ ਦੇ ਵਿੱਚਾਰਾਂ ਤੋਂ ਪ੍ਰਭਾਵਿਤ ਹੋ ਕੇ ਭਾਰਤ ਸ਼ਿਫ਼ਟ ਹੋ ਗਏ ਸਨ। ਬਾਅਦ ਵਿੱਚ ਉਨ੍ਹਾਂ ਨੇ ਭਾਰਤ ਵਿੱਚ ਕਈ ਸਥਾਨਾਂ ਉੱਤੇ ਸਕੂਲਾਂ ਦਾ ਸੈੱਟਅਪ ਵੀ ਕੀਤਾ। ਸਿਸਟਰ ਨਿਵੇਦਿਤਾ ਨੇ ਬਹੁਤ ਸਾਰੀਆਂ ਕਿਤਾਬਾਂ ਵੀ ਲਿਖੀਆਂ ਸਨ। ਮੈਂ ਉਨ੍ਹਾਂ ਦੀਆਂ ਕਿਤਾਬਾਂ ਨੂੰ ਖ਼ੂਬ ਪੜ੍ਹਿਆ ਹੈ ਕਿਉਂਕਿ ਮੇਰੀ ਮਾਂ ਸਿਸਟਰ ਨਿਵੇਦਿਤਾ ਦੀ ਬਹੁਤ ਵੱਡੀ ਪ੍ਰਸ਼ੰਸਕ ਰਹੀ ਹੈ ਅਤੇ ਮੈਂ ਵੀ ਉਨ੍ਹਾਂ ਦੀ ਬਹੁਤ ਵੱਡੀ ਪ੍ਰਸ਼ੰਸਕ ਹਾਂ।
– ਪੁਰਾਣੀਆਂ ਅਜਿਹੀਆਂ ਕਿਹੜੀਆਂ ਫ਼ਿਲਮਾਂ ਹਨ ਜਿਨ੍ਹਾਂ ਦੇ ਰੀਮੇਕ ਵਿੱਚ ਕੰਮ ਕਰਨ ਦੀ ਤੁਹਾਡੀ ਇੱਛਾ ਹੈ?
– ਮੈਂ ਗੁਰੂਦੱਤ ਅਤੇ ਵਹੀਦਾ ਰਹਿਮਾਨ ਦੀ ਫ਼ਿਲਮ ‘ਪਿਆਸਾ’ ਦੇ ਰੀਮੇਕ ਵਿੱਚ ਕੰਮ ਕਰਨਾ ਚਾਹੁੰਦੀ ਹਾਂ। ਮੈਨੂੰ ਲੱਗਦਾ ਹੈ ਕਿ ਸਾਨੂੰ ‘ਪਿਆਸਾ’ ਦਾ ਰੀਮੇਕ ਜ਼ਰੂਰ ਬਣਾਉਣਾ ਚਾਹੀਦਾ ਹੈ ਤਾਂ ਕਿ ਇੱਕ ਵਾਰ ਫ਼ਿਰ ਲੋਕ ਇੱਕ ਚੰਗੀ ਕਹਾਣੀ ਵੇਖ ਸਕਣ ਅਤੇ ਉਹ ਵੀ ਨਵੇਂ ਅੰਦਾਜ਼ ਦੇ ਨਾਲ। ਪਿਆਸਾ ਇੱਕ ਬਹੁਤ ਖ਼ੂਬਸੂਰਤ ਫ਼ਿਲਮ ਹੈ। ਉਸਦੇ ਸਾਰੇ ਗੀਤ ਵੀ ਬਹੁਤ ਸੁਰੀਲੇ, ਸਾਰਥਿਕ ਅਤੇ ਅਰਥ ਭਰਪੂਰ ਹਨ।
– ਸੋਸ਼ਲ ਮੀਡੀਆ ਉੱਤੇ ਅੱਜਕੱਲ੍ਹ ਲੋਕਾਂ ਨੂੰ ਕਾਫ਼ੀ ਟਰੋਲ ਕੀਤਾ ਜਾਂਦਾ ਹੈ। ਤੁਸੀਂ ਇਸ ਸਬੰਧ ਵਿੱਚ ਕੀ ਕਹੋਗੇ ?
– ਵੇਖੋ, ਅਸੀਂ ਇਹ ਭੁੱਲ ਜਾਂਦੇ ਹਾਂ ਕਿ ਜਦੋਂ ਵੀ ਕੋਈ ਨਵੀਂ ਆਜ਼ਾਦੀ ਮਿਲਦੀ ਹੈ ਤਾਂ ਉਸਦੇ ਨਾਲ ਹੀ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਵੀ ਹੁੰਦੀਆਂ ਹਨ। ਅਜਿਹਾ ਹੀ ਕੁਝ ਸੋਸ਼ਲ ਮੀਡੀਆ ਦੇ ਨਾਲ ਹੈ ਜਿੱਥੇ ਕਿਸੇ ਨੂੰ ਵੀ, ਕਦੇ ਵੀ ਅਤੇ ਕਿਤੇ ਵੀ ਆਪਣੀ ਗੱਲ ਕਹਿਣ ਦੀ ਆਜ਼ਾਦੀ ਹੈ। ਪਰ, ਸੱਚ ਗੱਲ ਤਾਂ ਇਹ ਹੈ ਕਿ ਅਸੀਂ ਇਹ ਜਾਣਦੇ ਹੀ ਨਹੀਂ ਕਿ ਸੋਸ਼ਲ ਮੀਡੀਆ ਦੀ ਜ਼ਿੰਮੇਵਾਰੀ ਨਾਲ ਵਰਤੋਂ ਕਿਵੇਂ ਕਰਨੀ ਹੈ। ਟਵਿੱਟਰ ਅਤੇ ਫ਼ੇਸਬੁੱਕ ਵਿੱਚ ਲਿਖਣ ਅਤੇ ਦੱਸਣ ਲਈ ਲੋਕਾਂ ਕੋਲ ਦਿਨ ਵਿੱਚ 20 ਚੀਜ਼ਾਂ ਹਨ। ਇਹ ਪਲੇਟਫ਼ਾਰਮ ਲੋਕਾਂ ਦੀ ਨਿੱਜੀ ਆਵਾਜ਼ ਲਈ ਹੈ, ਪਰ ਇਹ ਤੁਹਾਨੂੰ ਸੋਚਣਾ ਹੈ ਕਿ ਇੱਥੇ ਕਿਹੜੀਆਂ ਨਿੱਜੀ ਗੱਲਾਂ ਕਰਨੀਆਂ ਹਨ। ਮੈਂ ਸੋਸ਼ਲ ਮੀਡੀਆ ਦਾ ਖ਼ੂਬ ਆਨੰਦ ਮਾਣਦੀ ਹਾਂ। ਜਦੋਂ ਕਦੇ ਮੈਨੂੰ ਟਰੋਲ ਕੀਤਾ ਜਾਂਦਾ ਹੈ ਤਾਂ ਮੈਂ ਉਸਨੂੰ ਹਾਸੀ- ਮਜ਼ਾਕ ਵਿੱਚ ਲੈਂਦੀ ਹਾਂ ਅਤੇ ਉਸੀ ਅੰਦਾਜ਼ ਵਿੱਚ ਜਵਾਬ ਵੀ ਦਿੰਦੀ ਹਾਂ। ਉਂਜ ਤਾਂ ਟਰੋਲਿੰਗ ਵਰਗੀਆਂ ਚੀਜ਼ਾਂ ਕਦੇ ਖ਼ਤਮ ਨਹੀਂ ਹੋਣ ਵਾਲੀਆਂ, ਪਰ ਟਵਿੱਟਰ ਵਿੱਚ ਹੋਣ ਵਾਲੀ ਆਪਣੀ ਆਲੋਚਨਾ ਤੋਂ ਸਿੱਖਣ ਦਾ ਕੰਮ ਕਰਦੀ ਹਾਂ ਅਤੇ ਬਾਅਦ ਵਿੱਚ ਇਹੀ ਸਿੱਖੀਆਂ ਹੋਈਆਂ ਚੀਜ਼ਾਂ ਆਪਣੀ ਅਦਾਕਾਰੀ ਵਿੱਚ ਇਸਤੇਮਾਲ ਕਰਦੀ ਹਾਂ।
– ਕਿਹਾ ਜਾਂਦਾ ਹੈ ਕਿ ਅੱਜ ਵੀ ਤੁਸੀਂ ਥੀਏਟਰ ਲਈ ਵਕਤ ਕੱਢ ਲੈਂਦੇ ਹੋ।
– ਜੀ ਹਾਂ, ਜਦੋਂ ਮੇਰੇ ਕੋਲ ਫ਼ਿਲਮਾਂ ਨਹੀਂ ਹੁੰਦੀਆਂ ਤਾਂ ਮੈਂ ਆਪਣੇ ਕੁਝ ਬੇਰੁਜ਼ਗਾਰ ਕਲਾਕਾਰਾਂ ਨੂੰ ਜੋੜਕੇ ਥੀਏਟਰ ਸ਼ੁਰੂ ਕਰ ਦਿੰਦੀ ਹਾਂ। ਮੈਨੂੰ ਬਿਨਾਂ ਕੰਮ ਦੇ ਰਹਿਣਾ ਬੇਹੱਦ ਖ਼ਰਾਬ ਲੱਗਦਾ ਹੈ, ਪਰ ਜੀਵਨ ਵਿੱਚ ਹੋਰ ਵੀ ਬਹੁਤ ਕੁਝ ਕਰਨ ਲਈ ਹੈ, ਪਰ ਥੀਏਟਰ ਕਰਕੇ ਬਹੁਤ ਖ਼ੁਸ਼ੀ ਮਿਲਦੀ ਹੈ।
– ਤੁਸੀਂ ਫ਼ਿਲਹਾਲ ਕਿਹੜੀਆਂ ਫ਼ਿਲਮਾਂ ਵਿੱਚ ਕੰਮ ਕਰ ਰਹੇ ਹੋ?
– ਮੈਂ ਕਦੇ ਆਪਣੇ ਉੱਤੇ ਫ਼ਿਲਮਾਂ ਦਾ ਬੋਝ ਨਹੀਂ ਪਾਇਆ, ਇਸ ਵਜ੍ਹਾ ਨਾਲ ਹੁਣ ਕੇਵਲ ਦੋ ਫ਼ਿਲਮਾਂ ਕਰ ਰਹੀ ਹਾਂ। ਇਸ ਵਿੱਚ ਇੱਕ ‘ਕੈਂਡੀਫ਼ਿਲਪ’ ਦੀ ਸ਼ੂਟਿੰਗ ਪੂਰੀ ਹੋ ਚੁੱਕੀ ਹੈ ਅਤੇ ਪੋਸਟ ਪ੍ਰੋਡਕਸ਼ਨ ਦਾ ਕੰਮ ਚੱਲ ਰਿਹਾ ਹੈ। ਜਦੋਂ ਕਿ ਦੂਜੀ ਫ਼ਿਲਮ ‘ਸਕਾਲਰਸ਼ਿਪ’ ਦੀ ਸ਼ੂਟਿੰਗ ਜਾਰੀ ਹੈ। ਇਨ੍ਹਾਂ ਤੋਂ ਇਲਾਵਾ ‘ਮੇਡ ਇਨ ਹੈਵਨ’ ਨਾਮਕ ਟੀਵੀ ਸੀਰੀਜ਼ ਵੀ ਕਰ ਰਹੀ ਹਾਂ।.