ਅਦਾਕਾਰਾ ਕ੍ਰਿਤੀ ਸੈਨਨ ਆਪਣੀ ਅਗਲੀ ਆਉਣ ਵਾਲੀ ਫ਼ਿਲਮ ਦੀ ਤਿਆਰੀ ‘ਚ ਲੱਗ ਗਈ ਹੈ। ਕ੍ਰਿਤੀ ਸੈਨਨ ਪਿਛਲੀ ਵਾਰ ਰਾਜਕੁਮਾਰ ਰਾਓ ਅਤੇ ਆਯੁਸ਼ਮਾਨ ਖੁਰਾਨਾ ਨਾਲ ਫ਼ਿਲਮ ‘ਬਰੇਲੀ ਕੀ ਬਰਫ਼ੀ’ ‘ਚ ਨਜ਼ਰ ਆਈ ਸੀ। ਹੁਣ ਕ੍ਰਿਤੀ ਨੇ ਆਪਣੀ ਅਗਲੀ ਫ਼ਿਲਮ ਦੀ ਤਿਆਰੀ ਜ਼ੋਰਾ-ਸ਼ੋਰਾ ਨਾਲ ਸ਼ੁਰੂ ਕਰ ਦਿੱਤੀ ਹੈ। ਪਿਛਲੇ ਕਈ ਸਮੇਂ ਤੋਂ ਕ੍ਰਿਤੀ ਦੀਆਂ ਆਉਣ ਵਾਲੀਆਂ ਫ਼ਿਲਮਾਂ ਬਾਰੇ ਕਾਫ਼ੀ ਚਰਚਾ ਹੋ ਰਹੀ ਸੀ ਪਰ ਕਿਸੇ ਨੂੰ ਇਹ ਨਹੀਂ ਪਤਾ ਲੱਗ ਰਿਹਾ ਸੀ ਕਿ ਕ੍ਰਿਤੀ ਦੀ ਅਗਲੀ ਫ਼ਿਲਮ ਕਿਹੜੀ ਹੈ ਕ੍ਰਿਤੀ ਨੇ ਆਪਣੇ ਆਪ ਹੁਣ ਇਸ ਗੱਲ ਦਾ ਖੁਲਾਸਾ ਕੀਤਾ ਹੈ। ਉਸ ਨੇ ਆਪਣੇ ਸੋਸ਼ਲ ਸਾਈਟ ਅਕਾਉਂਟ ‘ਤੇ ਇੱਕ ਤਸਵੀਰ ਜਨਤਕ ਕੀਤੀ ਹੈ। ਇਹ ਇਕ ਸਕ੍ਰਿਪਟ ਦੀ ਤਸਵੀਰ ਹੈ ਜਿਸ ਉੱਤੇ ਲਿਖਿਆ ਹੈ ‘ਅਰਜੁਨ ਪਟਿਆਲਾ’! ਤੁਹਾਨੂੰ ਦੱਸ ਦਈਏ ਕਿ ‘ਅਰਜੁਨ ਪਟਿਆਲਾ’ ਕ੍ਰਿਤੀ ਦੀ ਅਗਲੀ ਫ਼ਿਲਮ ਦਾ ਨਾਂ ਹੈ। ਜਿਸ ‘ਚ ਉਨ੍ਹਾਂ ਨਾਲ ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਵੀ ਹੋਣਗੇ। ਇਸ ਫ਼ਿਲਮ ਨੂੰ ਰੋਹਿਤ ਜੁਗਰਾਜ ਡਾਇਰੈਕਟ ਕਰ ਰਹੇ ਹਨ ਜੋ ਪਹਿਲਾਂ ਵੀ ਪੰਜਾਬੀ ਭਾਸ਼ਾ ‘ਚ ਕਈ ਫ਼ਿਲਮਾਂ ਡਾਇਰੈਕਟ ਕਰ ਚੁੱਕੇ ਹਨ। ਉਨ੍ਹਾਂ ਨੇ ਦਿਲਜੀਤ ਦੋਸਾਂਝ ਦੀ ਫ਼ਿਲਮ ‘ਸਰਦਾਰ ਜੀ’ ਅਤੇ ‘ਸਰਦਾਰ ਜੀ 2’ ਵੀ ਡਾਇਰੈਕਟ ਕੀਤੀ ਸਨ। ‘ਅਰਜੁਨ ਪਟਿਆਲਾ’ ‘ਚ ਕ੍ਰਿਤੀ ਸੈਨਨ ਇਕ ਪੱਤਰਕਾਰ ਦੀ ਭੂਮਿਕਾ ਨਿਭਾਅ ਰਹੀ ਹੈ ਉਥੇ ਹੀ ਦਿਲਜੀਤ ਇਕ ਛੋਟੇ ਸ਼ਹਿਰ ਦੇ ਮੁੰਡੇ ਦਾ ਕਿਰਦਾਰ ਨਿਭਾਅ ਰਿਹਾ ਹੈ। ਇਸ ਫ਼ਿਲਮ ਦੀ ਕਾਫ਼ੀ ਸਮੇਂ ਤੋਂ ਚਰਚਾ ਹੋ ਰਹੀ ਸੀ। ਹੁਣ ਕ੍ਰਿਤੀ ਦੀ ਇਸ ਜਾਣਕਾਰੀ ਤੋਂ ਸਾਫ਼ ਹੁੰਦਾ ਹੈ ਕਿ ਫ਼ਿਲਮ ਬਣਾਉਣ ਦੀਆਂ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਹਨ। ਇਸ ਫ਼ਿਲਮ ਤੋਂ ਇਲਾਵਾ ਦਿਲਜੀਤ ਦੋਸਾਂਝ ਦੀ ‘ਵੈੱਲਕਮ ਟੂ ਨਿਊਯਾਰਕ’ ਵੀ ਜਲਦ ਰਿਲੀਜ਼ ਹੋ ਰਹੀ ਹੈ। ਜਿਸ ‘ਚ ਉਸ ਨਾਲ ਬਾਲੀਵੁੱਡ ਦੇ ਕਈ ਪ੍ਰਸਿੱਧ ਸਿਤਾਰੇ ਵੀ ਨਜ਼ਰ ਆਉਗੇ। ਦਿਲਜੀਤ ਵੀ ਇਸ ਫ਼ਿਲਮ ਨੂੰ ਲੈ ਕੇ ਕਾਫ਼ੀ ਉਤਸ਼ਾਹਿਤ ਹਨ।











