ਖੇੜੀ ਕੇ ਅਗਵਾੜ ਵਾਲੇ ਕਾਕੇ ਲੁੱਡਣ ਕੇ ਭੋਲੇ ਨੂੰ ਸੱਥ ‘ਚ ਆਉਂਦਿਆ ਹੀ ਬਾਬੇ ਬੋਗੜ ਸਿਉਂ ਨੇ ਪੁੱਛਿਆ, ”ਭੋਲਾ ਸਿਆਂ ਸੋਡੇ ਗੁਆਂਢੀ ਭਜਨੇ ਰਾਠ ਕੇ ਕੀਹਦੇ ਨਾਲ ਲੜਦੇ ਸੀ ਰਾਤ, ਬਲ਼ਾ ਉੱਚੀ ਉੱਚੀ ਬੋਲੀ ਜਾਂਦੇ ਸੀ ਜਿਮੇਂ ਕਾਮਰੇਟਾਂ ਦੀ ਰੈਲੀ ‘ਚ ਭਾਸ਼ਣ ਚੱਲਦੇ ਹੁੰਦੇ ਐ?”
ਸੱਥ ‘ਚ ਬੈਠਾ ਸੀਤਾ ਮਰਾਸੀ ਭੋਲੇ ਦੇ ਬੋਲਣ ਤੋਂ ਪਹਿਲਾਂ ਹੀ ਬੋਲ ਪਿਆ, ”ਗੁੜ ਖਾਣਿਆਂ ਦਾ ਨੰਦੀ ਲੜਦਾ ਸੀ ਭਜਨੇ ਕਿਆਂ ਨਾਲ। ਗਿੱਦੜਾਂ ਬਿਨਾਂ ਝਾੜੀਂ ਕਿਹੜਾ … ਹੀਂ ਹੀਂ ਹੀਂ।”
ਬਾਬਾ ਬੋਘੜ ਸਿਉਂ ਮਰਾਸੀ ਦਾ ਗੁੱਝਿਆ ਹਾਸਾ ਤੇ ਗਿੱਦੜਾਂ ਵਾਲੀ ਅੱਧ ਵਿਚਾਲੇ ਛੱਡੀ ਗੱਲ ਸੁਣ ਕੇ ਮਰਾਸੀ ਨੂੰ ਕਹਿੰਦਾ, ”ਇਹ ਕੀ ਸੀਤਾ ਸਿਆਂ, ਤੂੰ ਕਾਹਤੋਂ ਹੱਸਿਐਂ ਬਈ, ਨਾਲੇ ਗਿੱਦੜਾਂ ਆਲੀ ਗੱਲ ਤੂੰ ਅੱਧ ‘ਚ ਈ ਛੱਡ ‘ਤੀ। ਜਾਂ ਤਾਂ ਗੱਲ ਹੁਣ ਸਿਰੇ ਲਾ ਦੇ ਬਈ ਕੀ ਕਰਦੇ ਹੁੰਦੇ ਐ ਗਿੱਦੜ। ਮੈਨੂੰ ਤਾਂ ਲੱਗਦਾ ਗੁੜ ਖਾਣਿਆਂ ‘ਤੇ ਟੈਕ ਕਰ ਗਿਐਂ ਤੂੰ।”
ਪ੍ਰਤਾਪਾ ਭਾਊ ਕਹਿੰਦਾ, ”ਕਿਉਂ! ਗੁੜ ਖਾਣਿਆਂ ਦੀ ਕੀ ਮੂੰਗੀ ਮਿੱਧ ‘ਤੀ ਭਜਨੇ ਕਿਆਂ ਨੇ। ਉਨ੍ਹਾਂ ਨਾਲ ਕਾਹਤੋਂ ਲੜਦਾ ਸੀ?”
ਨਾਥਾ ਅਮਲੀ ਕਹਿੰਦਾ, ”ਮੂੰਗੀ ਨੂੰ ਗਾਹਾਂ ਗੁੜ ਖਾਣੇ ਕਿਤੇ ਗੰਗਾਨਗਰੀਆ ਭਰਤ ਸਿਉਂ ਸਰਦਾਰ ਐ ਬਈ ਨੌਂ ਸੈ ਕਿੱਲਾ ਪੈਲੀ ਐ। ਆਵਦੀ ਪੈਲ਼ੀ ਤਾਂ ਸਾਰੀ ਬ੍ਰਿਜ ਬਾਣੀਏ ਕਿਆਂ ਕੋਲੇ ਗਹਿਣੇ ਧਰੀ ਬੈਠੇ ਐ, ਮਖਤਿਆਰੇ ਕੁੱਪ ਕਿਆ ਤੋਂ ਠੇਕੇ ‘ਤੇ ਲਈ ਬੈਠਾ ਵਜਵਾੜਾਂ ਆਲੇ ਸੱਤ ਕਿੱਲੇ। ਕੱਲਰਾਂ ਆਲੀ ਪੈਲ਼ੀ ਐ, ਓਹਦੇ ‘ਚ ਕਿੱਥੋਂ ਸੌਗੀ ਹੋ ਜੂ। ਮੂੰਗੀ ਬੀਜਣ ਨਾਲ ਨ੍ਹੀ ਠੇਕਾ ਪੂਰਾ ਹੁੰਦਾ। ਖੇਤੀ ਕਰਨ ‘ਚ ਤਾਂ ਗੁੜ ਖਾਣੇ ਸਾਰੇ ਪਿੰਡ ਤੋਂ ਫ਼ਾਡੀ ਐ। ਟੈਮ ਸਿਰ ਬੀਜ ਬਜਾਈ ਕਰਨੀ ਨ੍ਹੀ, ਫ਼ਸਲ ਦਾ ਝਾੜ ਭਾਲਦੇ ਐ ਜਿਮੇਂ ਗਾਹਾਂ ਯੂਨੀਵਸਟੀ ‘ਚ ਲੱਗੇ ਵੇ ਹੁੰਦੇ ਐ। ਤਲੈਭੜਾਂ ਜੀਆਂ ਦੋ ਤਿੰਨ ਮੱਝਾਂ, ਇੱਕ ਗਾਂ, ਤਿੰਨ ਕੱਟਰੂ ਵੱਛਰੂ ਜੇ ਬੰਨ੍ਹੀ ਬੈਠੇ ਐ। ਪੱਠਿਆਂ ਨੂੰ ਘਰੇ ਖੁਰਲੀ ਨ੍ਹੀ। ਸੜੀਆਂ ਜੀਆਂ ਪੱਲੀਆਂ ਜੀਆਂ ‘ਚ ਪੱਠੇ ਪਾ ਛੱਡਦੇ ਐ, ਊਂ ਬਾਹਰ ਗੱਲਾਂ ਮਾਰਨਗੇ ਜਿਮੇਂ ਸਾਰਾ ਟੱਬਰ ਈ ਸੂਬੇਦਾਰੀ ਪਿਲਸਨ ਆਇਆ ਹੁੰਦਾ।”
ਬੁੱਘਰ ਦਖਾਣ ਕਹਿੰਦਾ, ”ਖੁਰਲੀ ਕਿਉਂ ਨਾ ਹੋਊ ਡੰਗਰਾਂ ਨੂੰ, ਆਵਦੇ ਬਹਿਣ ਸੌਣ ਨੂੰ ਘਰ ਤਾਂ ਬਥੇਰਾ ਵਧੀਆ ਪਾਈ ਬੈਠੇ ਐ। ਐਡੇ ਐਡੇ ਖੁੱਲ੍ਹੇ ਕਮਰੇ ਐ, ਗੱਲਾਂ ਈਂ ਛੱਡਦੇ। ਘਰ ਦੇ ਦੋਨੇਂ ਪਾਸੀਂ ਵੱਡੀਆਂ ਵੱਡੀਆਂ ਸਬ੍ਹਾਤਾਂ। ਬਾਹਰੋਂ ਵੇਖਣ ਆਲੇ ਨੂੰ ਘਰ ਇਉਂ ਲੱਗਦਾ ਜਿਮੇਂ ਕਿਸੇ ਧਨਾੜ ਦਾ ਬੰਗਲਾ ਹੁੰਦਾ।”
ਬੁੱਘਰ ਦਖਾਣ ਤੋਂ ਗੁੜ ਖਾਣਿਆਂ ਦੇ ਘਰ ਬਾਰੇ ਸੁਣ ਕੇ ਨਾਥਾ ਅਮਲੀ ਬੁੱਘਰ ਨੂੰ ਅੰਗਿਆਰ ਵਾਂਗੂੰ ਭਖ ਕੇ ਬੋਲਿਆ, ”ਬੈਠਾ ਰਹਿ ਓਏ ਮਿਸਤਰੀਆ, ਪਹਿਲਾਂ ਤੂੰ ਇਉਂ ਦੱਸ ਬਈ ਘਰ ਤੂੰ ਪਾ ਕੇ ਆਇਆ ਸੀ ਗੁੜ ਖਾਣਿਆਂ ਦਾ?”
ਬੁੱਘਰ ਕਹਿੰਦਾ, ”ਮੈਂ ਤਾਂ ਨ੍ਹੀ ਪਾ ਕੇ ਆਇਆ, ਪਰ ਦੱਸਦੇ ਐ ਕਹਿੰਦੇ ਪੂਰਾ ਵੱਡਾ ਘਰ ਐ।”
ਵੱਡੇ ਘਰ ਬਾਰੇ ਸੁਣ ਕੇ ਨਾਥੇ ਅਮਲੀ ਨੂੰ ਫ਼ੇਰ ਚੜ੍ਹਗੀਆਂ। ਅਮਲੀ ਬੁੱਘਰ ਦਖਾਣ ਨੂੰ ਕਹਿੰਦਾ, ”ਜਾਹ ਓਏ ਪਰ੍ਹਾਂ ਬਹਿ ਜਾ ‘ਰਾਮ ਨਾਲ। ਘਰ-ਘਰ ਈ ਕਰੀ ਜਾਨੈਂ, ਘਰ ਗਾਹਾਂ ਕਿਤੇ ਚਕਰ ਆਲੇ ਯੋਧੇ ਦਾ ਬਈ ਇੱਕ ਵਾਰੀ ਅੰਦਰ ਵੜ ਕੇ ਬਾਹਰ ਨਿੱਕਲਣ ਨੂੰ ਤਿੰਨ ਘੈਂਟੇ ਬੂਹਾ ਨ੍ਹੀ ਥਿਆਉਣਾ।”
ਬਾਬੇ ਬੋਘੜ ਸਿਉਂ ਨੇ ਪੁੱਛਿਆ, ”ਐਡਾ ਕਿੱਡ੍ਹਾ ਕੁ ਬਈ ਯੋਧੇ ਦਾ ਘਰ?”
ਨਾਥਾ ਅਮਲੀ ਕਹਿੰਦਾ, ”ਸੱਤਰ ਬਾਰ ਬਾਰੀਐਂ ਜੱਟ ਦੇ ਬੰਗਲੇ ‘ਚ। ਅੰਦਰ ਵੜੇ ਤੋਂ ਘਰ ਇਉਂ ਲੱਗਦਾ ਜਿਮੇਂ ਬੀਕਾਨੇਰ ਆਲਾ ਕਿਲ੍ਹਾ ਹੁੰਦਾ। ਮਾਰਦੈਂ ਗੱਲਾਂ। ਢਾਈ ਤਾਂ ਗੁੜ ਖਾਣਿਆਂ ਦੇ ਘਰ ਦੀਆਂ ਕਮਰੀਆਂ ਜੀਆਂ, ਅਕੇ ਘਰ ਤਾਂ ਵਧੀਆ ਪਾਈ ਬੈਠੇ ਐ। ਕੀ ਵਧੀਆਂ ਘਰ ਦਾ ਓਏ, ਘਰ ਘਰ ਲਾਈ ਐ? ਸਫ਼ਾਈ ਵੇਖੀ ਐ ਘਰੇ ਜਾ ਕੇ ਕਦੇ। ਕੁੱਤਾ ਵੀ ਬੈਠਣ ਲੱਗਿਆ ਪੂਛ ਮਾਰ ਕੇ ਬਹਿੰਦਾ। ਥਾਂ ਥਾਂ ਜੁਆਕਾਂ ਦੇ ਇਉਂ ਕਾਤਕ ਪਾੜ ਪਾੜ ਸਿੱਟੇ ਪਏ ਐ ਜਿਮੇਂ ਵਸਾਖੀ ‘ਤੇ ਚਟਣੀ ਨਾਲ ਲਿੱਬੜੇ ਵੇ ਪਤੌੜਾਂ ਆਲੇ ਕਾਤਕ ਪਏ ਹੁੰਦੇ ਐ। ਐਮੇਂ ਬਿਨਾਂ ਗੱਲ ਤੋਂ ਈ ਪਤੰਗੀ ਨੂੰ ਪੂੰਝਾ ਬੰਨ੍ਹੀ ਜਾਨੇ ਐਂ।”
ਬਜਰੰਗੇ ਕਾ ਸੁੱਖੂ ਕਹਿੰਦਾ, ”ਘਰ ‘ਚ ਸਫ਼ਾਈ ਵੀ ਤਾਂ ਈ ਹੋਊਗੀ ਜੇ ਬੁੜ੍ਹੀਆਂ ਗੌਰ ਕਰਨਗੀਆਂ। ਮਾਂ ਤਾਂ ਨੰਦੀ ਦੀ ਪਿੰਡ ‘ਚ ਘਰ ਘਰ ਇਉਂ ਹਰਲ ਹਰਲ ਕਰਦੀ ਫ਼ਿਰੂ ਜਿਮੇਂ ਮਾਲ ਪਟਵਾਰੀ ਰੌਲ਼ੇ ਆਲੀ ਜਮੀਨ ਦੇ ‘ਦਾਲੇ: ਜਰੀਬ ਚੱਕੀ ਭੱਜਿਆ ਫ਼ਿਰਦਾ ਹੁੰਦਾ।”
ਮਾਹਲੇ ਨੰਬਰਦਾਰ ਨੇ ਪੁੱਛਿਆ, ”ਊਈਂ ਤੁਰੀ ਫ਼ਿਰਦੀ ਰਹਿੰਦੀ ਐ ਕੁ ਕਿਸੇ ਕੰਮ ਧੰਦੇ ਜਾਂਦੀ ਐ?”
ਨਾਥਾ ਅਮਲੀ ਕਹਿੰਦਾ, ”ਲੈ ਕੰਮ ਧੰਦੇ ਦੀ ਸੁਣ ਲੈ। ਇੱਕ ਦਿਨ ਨੰਦੀ ਕਾ ਭਈਆ ਆਥਣੇ ਕੇ ਸਿਰ ‘ਤੇ ਮੰਜਾ ਬਿਸਤਰਾ ਚੱਕ ਕੇ ਘਰੋਂ ਬਾਹਰ ਨਿੱਕਲਿਆ। ਮੂਹਰੋਂ ਕਿਤੇ ਤਾਇਆ ਮੋਦਨ ਸਿਉਂ ਆ ਗਿਆ। ਤਾਇਆ ਭਈਏ ਨੂੰ ਕਹਿੰਦਾ ‘ਤੂੰ ਕਿੱਧਰ ਚੱਕਿਆ ਮੰਜਾ ਬਿਸਤਰਾ ਓਏ’? ਅਕੇ ਭਈਆ ਕਹਿੰਦਾ ‘ਮਿੰਦਰ ਸਰਦਾਰ ਕੇ ਕਰ ਛੋੜ ਕੇ ਆਣਾ ਸਰਦਾਰ ਜੀ’। ਤਾਏ ਨੇ ਪੁੱਛਿਆ ‘ਕਿਉਂ ਉਨ੍ਹਾਂ ਦੇ ਹੈ ਨ੍ਹੀ ਮੰਜੇ ਬਿਸਤਰੇ’? ਭਈਆ ਕਹਿੰਦਾ ‘ਨੰਦੀ ਸਰਦਾਰ ਨੇ ਬੋਲਾ ਹੈ ਕਿ ਬੜੀ ਬੀਬੀ ਜੀ ਨੇ ਮਿੰਦਰ ਸਰਦਾਰ ਕੇ ਕਰ ਸੋਨਾ ਹੈ, ਚਾਰਪਾਈ ਉਨ੍ਹਾਂ ਦੇ ਕਰ ਛੋੜ ਦੋ’।”
ਤਾਸ਼ ਖੇਡੀ ਜਾਂਦਾ ਕਸ਼ਮੀਰਾ ਮੈਂਬਰ ਅਮਲੀ ਨੂੰ ਕਹਿੰਦਾ, ”ਇਹ ਕੀ ਗੱਲ ਬਣੀ ਅਮਲੀਆ ਬਈ ਮਹਿੰਦਰ ਕੇ ਘਰੇ ਸੌਣ ਨੂੰ ਉਨ੍ਹਾਂ ਦੇ ਕਿਹੜਾ ਮੰਜੇ ਬਿਸਤਰੇ ਹੈ ਨ੍ਹੀ ਜਾਂ ਕੋਈ ਕਮਰਾ ਹੈ ਨ੍ਹੀ। ਇਹ ਤਾਂ ਕੋਈ ਹੋਰ ਗੱਲ ਲੱਗਦੀ ਐ।”
ਨਾਥਾ ਅਮਲੀ ਕਹਿੰਦਾ, ”ਹੋਰ ਗੱਲ ਕੀ ਹੋਣੀ ਐ। ਘਰੇ ਕੰਮ ਕਰਨ ਨੂੰ ਸਿਆਣੇ ਘਰ ਧੀ ਆਈ ਵੀ ਐ ਵਿਆਹੀ। ਬੁੜ੍ਹੀ ਸਾਰਾ ਕੰਮ ਨੂੰਹ ਦੇ ਸਿਰ ‘ਤੇ ਛੱਡ ਕੇ ਆਪ ਕੌਲ਼ੇ ਕੱਛਣ ‘ਤੇ ਹੋਈ ਵੀ ਐ। ਅੱਧੇ ਦਿਨ ਤੋਂ ਬਾਹਲ਼ਾ ਦਿਨ ਬੁੜ੍ਹੀ ਮਹਿੰਦਰ ਨੰਬਰਦਾਰ ਕੇ ਬੈਠੀ ਰਹਿੰਦੀ ਐ। ਜਦੋਂ ਬੁੜ੍ਹੀ ਆਥਣ ਤਕ ਮਹਿੰਦਰ ਨੰਬਰਦਾਰ ਕੇ ਘਰੋਂ ਨਾ ਹਿੱਲੀ ਤਾਂ ਨੰਦੀ ਨੇ ਭਈਏ ਨੂੰ ਮੰਜਾ ਬਿਸਤਰਾ ਚਕਾ ਕੇ ਨੰਬਰਦਾਰਾਂ ਦੇ ਘਰ ਨੂੰ ਤੋਰ ‘ਤਾ। ਕਹਿੰਦਾ ‘ਜਾਹ ਭਈਆ ਬੇਬੇ ਦਾ ਮੰਜਾ ਬਿਸਤਰਾ ਮਹਿੰਦਰ ਨੰਬਰਦਾਰ ਕੇ ਘਰੇ ਛੱਡ ਆ। ਰਾਤ ਪੈਣ ਆਲੀ ਐ ਬੇਬੇ ਨੇ ਸੌਣਾ ਹੋਣਾ। ਜਦੋਂ ਭਈਆ ਮੰਜਾ ਬਿਸਤਰਾ ਲੈ ਕੇ ਨੰਬਰਦਾਰਾਂ ਦੇ ਘਰੇ ਗਿਆ ਤਾਂ ਬੁੜ੍ਹੀ ਭਈਏ ਨੂੰ ਕਹਿੰਦੀ ‘ਵੇ ਇਹ ਕੀ ਕਰਨਾ ਮੰਜਾ ਬਿਸਤਰਾ ਏਥੇ’? ਅਕੇ ਭਈਆ ਕਹਿੰਦਾ ‘ਬੀਬੀ ਜੀ ਨੰਦੀ ਸਰਦਾਰ ਨੇ ਬੋਲਾ ਹੈ ਕਿ ਬੀਬੀ ਜੀ ਕੀ ਚਾਰਪਾਈ ਤੇ ਬਿਸਤਰਾ ਮਿੰਦਰ ਸਰਦਾਰ ਕੇ ਘਰ ਛੋੜ ਦੋ, ਓੱਥੇ ਈ ਸੌਂ ਲੂ, ਨਹੀਂ ਤੋ ਸੁਬ੍ਹਾ ਕੋ ਫ਼ੇਰ ਜਾਣਾ ਪੜੇਗਾ ਮਿੰਦਰ ਸਰਦਾਰ ਕੇ’।”
ਮੁਖਤਿਆਰੇ ਮੈਂਬਰ ਨੇ ਪੁੱਛਿਆ, ”ਬੁੜ੍ਹੀ ਫ਼ੇਰ ਨੰਬਰਦਾਰਾਂ ਦੇ ਘਰੇ ਈ ਪੈ ਗੀ ਕੁ ਆਵਦੇ ਘਰ ਆ ਗੀ।”
ਬਾਬਾ ਬੋਘੜ ਸਿਉਂ ਕਹਿੰਦਾ, ”ਨੰਬਰਦਾਰਾਂ ਦੇ ਘਰੇ ਤਾਂ ਕੀ ਸੌਣਾ ਸੀ ਬੁੜ੍ਹੀ ਨੇ, ਉਹ ਤਾਂ ਨੰਦੀ ਨੇ ਜੁੱਗਤ ਨਾਲ ਬਗਲਾ ਫ਼ੜਨ ਆਲੀ ਗੱਲ ਕੀਤੀ ਸੀ। ਇੱਕ ਤਰ੍ਹਾਂ ਦੀ ਬਸ਼ਰਮੀ ਦਿੱਤੀ ਸੀ ਨੰਦੀ ਨੇ ਬਈ ਜੇ ਬੁੜ੍ਹੀ ਸਿਆਣੀ ਹੋਈ ਤਾਂ ਸਮਝ ਜੂ ਬਈ ਏਦੂੰ ਬਾਅਦ ਬੁੜ੍ਹੀ ਕਿਸੇ ਘਰੇ ਆਥਣ ਵੇਲੇ ਜਾਊਗੀ ਨ੍ਹੀ ਬਹੁਤਾ।”
ਨਾਥਾ ਅਮਲੀ ਬਾਬੇ ਬੋਘੜ ਸਿਉਂ ਦੀ ਗੱਲ ਸੁਣ ਕੇ ਕਹਿੰਦਾ, ”ਨੰਦੀ ਕਿੱਧਰੋਂ ਬਾਬਾ ਤੂੰ ਸਿਆਣਾ ਭਾਲ ਲਿਆ। ਪੜ੍ਹਿਆ ਲਿਖਿਆ ਤਾਂ ਬਹੁਤ ਐ ਨੰਦੀ, ਪਰ ਅਕਲ ਉਕਲ ਉਹਨੂੰ ਹੈ ਨ੍ਹੀ ਭੋਰਾ। ਤੈਨੂੰ ਪਤਾ ਜਦੋਂ ਨੰਦੀ ਨੂੰ ਨੌਕਰੀ ਮਿਲੀ ਸੀ ਓਦੋਂ ਪਹਿਲੇ ਦਿਨ ਈ ਸ਼ਰਾਬ ਦਾ ਪਊਆ ਨਾਲ ਲੈ ਗਿਆ, ਅਗਲਿਆਂ ਨੇ ਓਦਣ ਈ ਪਿਲਸਨ ਘੱਲ ‘ਤਾ ਸੀ ਘਰੇ। ਜਦੋਂ ਵੱਡੇ ਅਸਫ਼ਰਾਂ ਨੇ ਵੇਖਿਆ ਬਈ ਇਹ ਤਾਂ ਅੱਜ ਪਹਿਲੇ ਦਿਨ ਈ ਸ਼ਰਾਬ ਨਾਲ ਚੱਕੀ ਫ਼ਿਰਦਾ। ਉਨ੍ਹਾਂ ਨੇ ਰੱਖਿਆ ਈ ਨੀ। ਕਹਿੰਦੇ ਚਿੱਠੀ ਪਾਵਾਂਗੇ ਫ਼ੇਰ ਆ ਜੀਂ।”
ਗੱਲ ਸੁਣੀ ਜਾਂਦਾ ਸੂਬੇਦਾਰ ਰਤਨ ਸਿਉਂ ਕਹਿੰਦਾ, ”ਨਹੀਂ ਯਾਰ ਇਹ ਤਾਂ ਅਮਲੀਆ ਤੂੰ ਪਤੰਗੀ ਨੂੰ ਪੂੰਝਾ ਬੰਨ੍ਹੀ ਜਾਂਨੈਂ। ਬੰਦੇ ਨੂੰ ਨੋਕਰੀ ਮਿਲੀ ਹੋਵੇ ਉਹ ਪਹਿਲੇ ਦਿਨ ਈਂ ਸ਼ਰਾਬ ਕਿਮੇਂ ਲੈ ਜੂ। ਇਹ ਤਾਂ ਐਮੇਂ ਕਿਸੇ ਨੇ ਗੱਲ ਬਣਾ ‘ਤੀ।”
ਸੱਥ ਵਾਲੇ ਥੜ੍ਹੇ ਕੋਲ ਸਾਇਕਲ ਲਈ ਖੜ੍ਹੇ ਜਰਨੈਲ ਸਿਉਂ ਮਾਸਟਰ ਵੱਲ ਹੱਥ ਕਰ ਕੇ ਅਮਲੀ ਕਹਿੰਦਾ, ”ਲੈ ਮਾਹਟਰ ਨੂੰ ਪੁੱਛ ਲੋ ਭਾਮੇਂ ਇਹ ਗੱਲ ਸੱਚੀ ਐ ਕੁ ਝੂਠੀ ਐ। ਦੱਸੀਂ ਬਈ ਮਾਹਟਰ ਏਮੇਂ ਈਂ ਹੋਈ ਐ ਕਿ ਨਹੀਂ। ਸੱਚ ਦੱਸੀਂ ਝੂਠ ਨਾ ਮਾਰੀਂ?”
ਮਾਸਟਰ ਜਰਨੈਲ ਸਿਉਂ ਕਹਿੰਦਾ, ”ਕੁਸ ਗੱਲ ਤਾਂ ਸੀਗ੍ਹੀ ਪਰ ਕੁਸ ਪਤੰਗੀ ਨੂੰ ਪੂੰਝਾ ਬੰਨ੍ਹਣ ਆਲੀ ਓ ਈ ਗੱਲ ਕੀਤੀ ਐ ਲੋਕਾਂ ਨੇ।”
ਬਾਬੇ ਬੋਘੜ ਸਿਉਂ ਨੇ ਮਾਸਟਰ ਨੂੰ ਪੁੱਛਿਆ, ”ਕੀ ਹੋਇਆ ਸੀ ਤੂੰ ਦੱਸ ਫ਼ੇਰ?”
ਮਾਸਟਰ ਕਹਿੰਦਾ, ”ਗੱਲ ਤਾਂ ਬਾਬਾ ਜੀ ਇਉਂ ਸੀ। ਇਹਨੂੰ ਨੰਦੀ ਨੂੰ ਕਿਤੇ ਜੰਗਲਾਤ ਮਹਿਕਮੇ ‘ਚ ਨੌਕਰੀ ਮਿਲ ਗੀ। ਜਿੱਦੇ ਇਹ ਪਹਿਲੇ ਦਿਨ ਗਿਆ, ਹੋਰ ਵੀ ਓੱਥੇ ਕਈ ਨਵੇਂ ਬੰਦੇ ਆਏ ਵੇ ਸੀ। ਜਦੋਂ ਉਨ੍ਹਾਂ ਸਾਰਿਆਂ ਨੂੰ ਕੋਈ ਵੱਡਾ ਅਫ਼ਸਰ ਜੰਗਲਾਤ ਦੇ ਮਹਿਕਮੇ ਬਾਰੇ ਦੱਸ ਰਿਹਾ ਸੀ ਬਈ ਤੁਸੀਂ ਕਿਮੇਂ ਅਨੁਸਾਸ਼ਨ ‘ਚ ਰਹਿਣਾ। ਸੋਨੂੰ ਐਸ ਤਰੀਕੇ ਨਾਲ ਕੰਮ ਕਰਨਾ ਪੈਣਾ, ਆਹ-ਆਹ ਸੋਨੂੰ ਸਹੂਲਤਾਂ ਮਿਲਣਗੀਆਂ। ਉਹ ਅਫ਼ਸਰ ਕਹਿੰਦਾ ‘ਤੁਸੀਂ ਨਮੇਂ ਭਰਤੀ ਹੋਏ ਐਂ ਮਹਿਕਮੇਂ ‘ਚ। ਕੋਈ ਕਿਤੋਂ ਆਇਆ, ਕੋਈ ਕਿਤੋਂ। ਜਿੰਨਾਂ ਚਿਰ ਤੁਸੀਂ ਨੌਕਰੀ ਕਰੋਂਗੇ, ਸੋਨੂੰ ਕੱਲ੍ਹ ਤੋਂ ਇੱਕ ਕੁਆਟਰ ਵੀ ਮਿਲੂਗਾ। ਅਗਲੇ ਦਿਨ ਜਦੋਂ ਨੰਦੀ ਜੁਆਇਨ ਕਰਨ ਗਿਆ ਤਾਂ ਨਾਲ ਨਮਕੀਨ ਭੁਜੀਆ ਲੈ ਗਿਆ ਬਈ ਕੁਆਟਰ ਤਾਂ ਓੱਥੇ ਮਿਲ ਈ ਜਾਣਾ, ਚਲੋ ਨਮਕੀਨ ਆਪਾਂ ਆਵਦਾ ਲੈ ਚੱਲਦੇ ਆਂ। ਜਦੋਂ ਅਫ਼ਸਰ ਨੰਦੀ ਨੂੰ ਜੁਆਇਨਿੰਗ ਰਿਪੋਰਟ ‘ਤੇ ਦਸਖਤ ਕਰਾਉਣ ਲੱਗਿਆ ਤਾਂ ਨੰਦੀ ਅਫ਼ਸਰ ਨੂੰ ਕਹਿੰਦਾ ‘ਪਹਿਲਾਂ ਕੁਆਟਰ ਦਿਓ ਫ਼ੇਰ ਕਰੂੰ ਦਸਖਤ’। ਉਹ ਅਫ਼ਸਰ ਕਹਿੰਦਾ ‘ਤੁਸੀਂ ਕੇਰਾਂ ਜੁਆਇਨ ਕਰ ਲੋ, ਫ਼ੇਰ ਸੋਡਾ ਮਹੀਨੇ ਵੀਹ ਦਿਨ ‘ਚ ਕੁਆਟਰ ਦਾ ਵੀ ਪ੍ਰਬੰਧ ਹੋ ਜੂ’। ਅਕੇ ਨੰਦੀ ਅਫ਼ਸਰ ਨੂੰ ਕਹਿੰਦਾ ‘ਮਹੀਨੇ ਨੂੰ ਕੀ ਕਰਨਾ, ਆਹ ਵੇਖੋ ਮੈਂ ਤਾਂ ਨਮਕੀਨ ਵੀ ਆਵਦੇ ਘਰੋਂ ਲਿਆਇਆਂ ਬਈ ਚੱਲ ਕੁਆਟਰ ਤਾਂ ਓੱਥੋਂ ਮਿਲ ਈ ਜਾਣਾ’। ਉਹ ਅਫ਼ਸਰ ਨੰਦੀ ਦੀ ਗੱਲ ਸਮਝ ਗਿਆ ਬਈ ਇਹ ਤਾਂ ਸ਼ਰਾਬ ਭਾਲਦਾ। ਉਹਨੇ ਨੰਦੀ ਨੂੰ ਜੁਆਇਨ ਈ ਨਾ ਕਰਾਇਆ। ਓਦੋਂ ਦਾ ਖੁੰਝਿਆ ਵਿਆ ਆਹ ਫ਼ਿਰਦਾ ਧੱਕੇ ਖਾਂਦਾ ਹੁਣ। ਆਹ ਗੱਲ ਹੋਈ ਸੀ। ਲੋਕਾਂ ਨੇ ਗੱਲ ਬਣਾ ‘ਤੀ ਬਈ ਨੰਦੀ ਪਹਿਲੇ ਦਿਨ ਈਂ ਸ਼ਰਾਬ ਦਾ ਪਊਆ ਨਾਲ ਲੈ ਗਿਆ।”
ਅਮਲੀ ਕਹਿੰਦਾ, ”ਮੈਂ ਨ੍ਹੀ ਸਮਝਿਆ ਮਾਹਟਰ ਤੇਰਾ ਗੋਰਖ ਧੰਦਾ ਬਈ ਤੂੰ ਕੀ ਸਣਾ ਗਿਐਂ?”
ਮਾਹਲਾ ਨੰਬਰਦਾਰ ਅਮਲੀ ਨੂੰ ਕਹਿੰਦਾ, ”ਓਏ ਮੂਰਖ ਬੰਦਿਆ! ਅਫ਼ਸਰ ਨੇ ਤਾਂ ਰਹਿਣ ਵਾਲੇ ਕੁਆਟਰ ਦੀ ਗੱਲ ਕੀਤੀ ਸੀ। ਰਹਾਇਸ਼ੀ ਕੁਆਟਰ ਦੀ। ਇਹ ਨੰਦੀ ਸਮਝ ਗਿਆ ਬਈ ਸ਼ਰਾਬ ਦਾ ਪਊਆ ਦਿਆ ਕਰਨਗੇ। ਸ਼ਰਾਬ ਦੇ ਪਊਏ ਨੂੰ ਅੰਗਰੇਜੀ ‘ਚ ਕੁਆਟਰ ਕਹਿੰਦੇ ਐ। ਆਹ ਗੱਲ ਐ। ਹੁਣ ਸਮਝ ਗਿਐਂ ਕੁ ਹਜੇ ਵੀ ਸਮਝ ਨ੍ਹੀ ਆਈ?”
ਅਮਲੀ ਕਹਿੰਦਾ, ”ਹੁਣ ਤਾਂ ਪੂਰੇ ਈ ਪੱਕੇ ਪੈ ਗੇ। ਨਾਲੇ ਇਹ ਵੀ ਪਤਾ ਲੱਗ ਗਿਆ ਹੁਣ ਤਾਂ ਬਈ ਜੇ ਠੇਕੇ ਤੋਂ ਕੁਆਟਰ ਕਹਿ ਪਊਆ ਮੰਗਾਂਗੇ ਤਾਂ ਕੁਸ ਚੰਗੀ ਵੀ ਦਿੰਦੇ ਹੋਣਗੇ ਬਈ ਬੰਦਾ ਲਿਖਿਆ ਪੂੰਝਿਆ, ਹੈ ਕੁ ਨਾਂਹ?”
ਆਥਣ ਹੋਇਆ ਕਰ ਕੇ ਸ਼ਰਾਬ ਦੀ ਗੱਲ ਚਲਦੀ ਸੁਣ ਕੇ ਨਿੱਤ ਦੇ ਪੀਣ ਵਾਲਿਆਂ ਦੇ ਜਦੋਂ ਸ਼ਰਾਬ ਵਾਲੇ ਕੀੜੇ ਲੜਣ ਲੱਗੇ ਤਾਂ ਦੋ ਤਿੰਨ ਜਾਣੇ ਆਥਣ ਦਾ ਬਹਾਨਾ ਲਾ ਕੇ ਘਰ ਨੂੰ ਜਾਣ ਵਾਸਤੇ ਸੱਥ ‘ਚੋਂ ਉੱਠ ਕੇ ਕਹਿੰਦੇ, ”ਚੱਲੀਏ ਬਈ ਹੁਣ ਘਰ ਨੂੰ, ਹੁਣ ਤਾਂ ਸੂਰਜ ਵੀ ਜਾ ਡਿੱਗਿਆ ਛਿਪਦੇ ‘ਚ।”
ਜਿਉਂ ਹੀ ਦਾਰੂ ਦੇ ਨਿੱਤ ਦੇ ਪਿਆਕੜ ਸੱਥ ‘ਚੋਂ ਉੱਠ ਕੇ ਘਰ ਨੂੰ ਤੁਰੇ ਤਾਂ ਬਾਬਾ ਬੋਘੜ ਸਿਉਂ ਕਹਿੰਦਾ, ”ਚਲੋ ਭਾਈ ਆਪਾਂ ਵੀ ਹੋਈਏ ਰੋਟੀਆਂ ਦੇ ਦਾਲ਼ੇ।”
ਜਿਉਂ ਹੀ ਬਾਬਾ ਸੱਥ ‘ਚੋਂ ਉੱਠ ਕੇ ਘਰ ਨੂੰ ਤੁਰਿਆ ਤਾਂ ਬਾਕੀ ਦੀ ਸੱਥ ਵੀ ਘਰ ਨੂੰ ਇਉਂ ਚੱਲ ਪਈ ਜਿਮੇਂ ਉਨ੍ਹਾਂ ਨੇ ਵੀ ਘਰੇ ਜਾ ਕੇ ਕੁਆਟਰ ਦਾ ਡੱਟ ਪੱਟਣਾ ਹੋਵੇ।















