ਇਨਸਾਨ ਬਣਨ ਲਈ ਮੇਰੀ ਜੱਦੋਜਹਿਦ! 845

ajit_weeklyਚਿਤਰਕਾਰ ਅਕਸਰ ਆਪਣੇ ਚਿਤਰਾਂ ਉੱਪਰ ਰੰਗ ਅਤੇ ਤੇਲ ਦਾ ਇਸਤੇਮਾਲ ਕਰਨ ਤੋਂ ਪਹਿਲਾਂ ਉਨ੍ਹਾਂ ‘ਤੇ ਇੱਕ ਹਲਕਾ ਜਿਹਾ ਖਾਕਾ ਜਾਂ ਰੇਖਾਚਿੱਤਰ ਉਲੀਕ ਲੈਂਦੇ ਹਨ। ਜਦੋਂ ਤਕ ਉਹ ਤਸਵੀਰਾਂ ਹਾਲੇ ਪੈਂਸਿਲ ਵਾਲੀ ਅਵਸਥਾ ਵਿੱਚ ਹੀ ਹੁੰਦੀਆਂ ਹਨ, ਉਨ੍ਹਾਂ ਵਿੱਚ ਸਾਰੀਆਂ ਲੋੜੀਂਦੀਆਂ ਤਬਦੀਲੀਆਂ ਕੀਤੀਆਂ ਜਾ ਸਕਦੀਆਂ ਹਨ। ਹੁਣ ਸਵਾਲ ਇਹ ਹੈ ਕਿ ‘ਤੁਹਾਨੂੰ ਭਵਿੱਖ ਦਾ ਕਿਹੜਾ ਰੁਖ਼ ਦਿਖਾਈ ਦੇ ਰਿਹੈ’? ਕੀ ਤੁਸੀਂ ਕੋਈ ਕੱਚ ਘਰੜ ਤਸਵੀਰ ਦੇਖ ਰਹੇ ਹੋ ਜਾਂ ਭਾਵਨਾਵਾਂ ਦਾ ਨਿਰਵਿਵਾਦਿਤ ਇਜ਼ਹਾਰ? ਦਰਅਸਲ, ਇਹ ਕੋਈ ਸਵਾਲ ਹੈ ਹੀ ਨਹੀਂ। ਇਹ ਤਾਂ ਇੱਕ ਮਸ਼ਵਰਾ ਵੀ ਨਹੀਂ। ਮੈਂ ਤੁਹਾਡਾ ਧਿਆਨ ਤੁਹਾਡੀ ਉਸ ਤਾਕਤ ਵੱਲ ਲਿਜਾਉਣਾ ਚਾਹੁੰਦਾ ਹਾਂ ਜਿਸ ਨਾਲ ਤੁਸੀਂ ਆਪਣੇ ਮੌਜੂਦਾ ਹਾਲਾਤ ਨੂੰ ਕਾਬੂ ਵਿੱਚ ਰੱਖ ਸਕਦੇ ਹੋ। ਤੁਹਾਡੇ ਪਾਸ ਬਿਲਕੁਲ ਕੋਰਾ ਕੈਨਵਸ ਤਾਂ ਨਹੀਂ, ਪਰ ਫ਼ਿਰ ਵੀ ਤੁਸੀਂ ਇਸ ਗੱਲ ਦਾ ਫ਼ੈਸਲਾ ਕਰ ਸਕਦੇ ਹੋ ਕਿ ਉਸ ਉੱਪਰ ਚਿਤਰਿਆ ਕੀ ਜਾਵੇ।
ਬਹੁਤ ਹੀ ਛੋਟੀ ਉਮਰ ਤੋਂ ਸਾਨੂੰ ਕੁਝ ਖ਼ਾਸ ਲੀਹਾਂ ‘ਤੇ ਸੋਚਣ ਅਤੇ ਚੱਲਣ ਦੀ ਆਦਤ ਪਾ ਦਿੱਤੀ ਜਾਂਦੀ ਹੈ। ਸਾਨੂੰ ਕੁਝ ਚੀਜ਼ਾਂ ਨੂੰ ਚੰਗਾ ਤੇ ਕੁਝ ਨੂੰ ਮੰਦਾ ਦੇਖਣਾ ਸਿਖਾਇਆ ਜਾਂਦਾ ਹੈ। ਜਦੋਂ ਅਸੀਂ ਕਾਇਦੇ ਦੀ ਪਾਲਣਾ ਕਰਦੇ ਹਾਂ ਤਾਂ ਸਾਨੂੰ ਇਨਾਮ ਦਿੱਤਾ ਜਾਂਦਾ ਹੈ ਅਤੇ ਪਰੰਪਰਾਵਾਂ ‘ਤੇ ਸਵਾਲ ਖੜ੍ਹੇ ਕਰਨ ‘ਤੇ ਸਾਡੀ ਝਾੜ-ਝੰਬ ਕੀਤੀ ਜਾਂਦੀ ਹੈ। ਇੱਕ ਹੋਰ ਚੀਜ਼ ਜਿਹੜੀ ਸਾਡੇ ਚੱਲਣ ਜਾਂ ਬੋਲਣ ਤੋਂ ਵੀ ਪਹਿਲਾਂ ਸਾਡੇ ਖਾਨੇ ਪਾ ਦਿੱਤੀ ਜਾਂਦੀ ਹੈ ਉਹ ਇਹ ਕਿ ਜੀਵਨ ਦਾ ਮਤਲਬ ਕੇਵਲ ਪ੍ਰਗਤੀ ਹੈ … ਹਮੇਸ਼ਾ ਅੱਗੇ ਵੱਧਦੇ ਰਹਿਣਾ … ਸਦਾ ਚਲਦੇ ਰਹਿਣਾ। ਚੀਜ਼ਾਂ ਦਾ ਜਿਹੋ ਜਿਹੀਆਂ ਉਹ ਹੋਣ ਉਹੋ ਜਿਹਾ ਹੀ ਰਹਿਣਾ ਕਦੇ ਕਾਫ਼ੀ ਨਹੀਂ ਹੁੰਦਾ। ਹਮੇਸ਼ਾ, ਇੱਕ ਨਵੀਂ ਪ੍ਰਗਤੀ ਹੋਣੀ ਲਾਜ਼ਮੀ ਹੈ। ਕਈ ਵਾਰ, ਪਰ, ਹਾਲਾਤ ਦਾ ਜਿਉਂ ਦਾ ਤਿਉਂ ਬਣਿਆ ਰਹਿਣਾ ਬਿਲਕੁਲ ਠੀਕ ਹੁੰਦਾ ਹੈ। ਜਿਵੇਂ ਕਿ ਛੇਤੀ ਹੀ ਤੁਸੀਂ ਦੇਖੋਗੇ!
‘ਜ਼ਿੰਦਗੀ,’ ਲੋਕ ਕਹਿੰਦੇ ਨੇ, ‘ਉਹ ਹੈ ਜਿਹੜੀ ਓਦੋਂ ਵਾਪਰ ਜਾਂਦੀ ਹੈ ਜਦੋਂ ਅਸੀਂ ਦੂਸਰੀਆਂ ਯੋਜਨਾਵਾਂ ਬਣਾਉਣ ਵਿੱਚ ਰੁੱਝੇ ਹੋਏ ਹੁੰਦੇ ਹਾਂ।’ ਵੈਸੇ, ਇਹ ਕੋਈ ਐਡੀ ਮਾੜੀ ਗੱਲ ਤਾਂ ਨਹੀਂ। ਸਾਡੀਆਂ ਯੋਜਨਾਵਾਂ ਵੀ ਕਿਹੜੀਆਂ ਅੰਤ ਨੂੰ ਬਹੁਤੀਆਂ ਸਿਆਣੀਆਂ ਨਿਕਲਦੀਆਂ ਨੇ! ਜੇ ਸਾਡੇ ਮਹਾਨ ਸੁਪਨਿਆਂ ਤੇ ਸਾਡੀਆਂ ਸਕੀਮਾਂ ਨੂੰ ਫ਼ੱਲ ਲੱਗ ਵੀ ਜਾਣ ਤਾਂ ਕਿਹੜਾ ਅਸੀਂ ਪੂਰੇ ਯਕੀਨ ਨਾਲ ਇਹ ਕਹਿ ਸਕਦੇ ਹਾਂ ਕਿ ਉਹ ਸਾਨੂੰ ਸੰਤੁਸ਼ਟ ਕਰ ਹੀ ਜਾਣਗੇ। ਜ਼ਿੰਦਗੀ, ਆਮ ਤੌਰ ‘ਤੇ, ਦਿਆਲੂ ਹੀ ਹੁੰਦੀ ਹੈ। ਇਹ ਸਾਡੇ ਲਈ ਬਿਹਤਰ ਤੋਂ ਸਿਵਾ ਹੋਰ ਕੁਝ ਨਹੀਂ ਚਾਹੁੰਦੀ। ਅਕਸਰ, ਜਦੋਂ ਇਹ ਸਾਨੂੰ ਰੋਕਾਂ ਜਾਂ ਪਾਬੰਦੀਆਂ ਭਰਪੂਰ ਲਗਦੀ ਹੈ, ਇਹ ਸਾਨੂੰ ਕੇਵਲ ਬਿਹਤਰ ਪੰਧ ‘ਤੇ ਪਾਉਣ ਦਾ ਯਤਨ ਹੀ ਕਰ ਰਹੀ ਹੁੰਦੀ ਹੈ। ਤੁਹਾਡੇ ਲਈ ਜ਼ਿੰਦਗੀ ਜਿਹੜੀ ਯੋਜਨਾ ਬਣਾ ਰਹੀ ਹੈ, ਤੁਹਾਨੂੰ ਪਸੰਦ ਆਵੇਗੀ!
ਤੁਸੀਂ ਆਪਣਾ ਹਰ ਸੰਗਰਾਮ ਤਾਂ ਨਹੀਂ ਜਿੱਤ ਸਕੋਗੇ, ਪਰ ਜੇਕਰ ਤੁਸੀਂ ਬਹਾਦਰੀ ਨਾਲ ਪੁਲਾਂਘਾਂ ਪੁੱਟੋ ਤਾਂ ਹੋ ਸਕਦਾ ਹੈ ਕਿ ਤੁਹਾਨੂੰ ਇੰਝ ਲੱਗੇ ਜਿਵੇਂ ਤੁਸੀਂ ਕੋਈ ਯੁੱਧ ਜਿੱਤ ਲਿਆ ਹੈ। ਸ਼ਾਇਦ ਤੁਹਾਨੂੰ ਉਹ ਤਾਂ ਨਾ ਮਿਲੇ ਜੋ ਤੁਸੀਂ ਚਾਹੁੰਦੇ ਹੋ, ਪਰ ਅੰਤ ਵਿੱਚ ਤੁਹਾਡੇ ਕੋਲ ਉਹ ਹੋਵੇਗਾ ਜੋ ਤੁਹਾਨੂੰ ਚਾਹੀਦਾ ਹੈ। ਜਿਸ ਤਰ੍ਹਾਂ ਤੁਸੀਂ ਮਹਿਸੂਸ ਕਰ ਰਹੇ ਹੋ, ਉਸ ਤਰ੍ਹਾਂ ਮਹਿਸੂਸ ਕਰਨ ਲਈ ਜੇਕਰ ਤੁਹਾਡੇ ਕੋਲ ਕੋਈ ਢੁੱਕਵਾਂ ਸਪੱਸ਼ਟੀਕਰਣ ਨਹੀਂ ਵੀ ਮੌਜੂਦ, ਫ਼ਿਰ ਵੀ ਤੁਹਾਡਾ ਦਿਲ ਇਸ ਬਾਰੇ ਕਿਸੇ ਕਿਸਮ ਦੇ ਭੁਲੇਖੇ ਵਿੱਚ ਨਹੀਂ ਕਿ ਸਹੀ ਕੀ ਹੈ। ਇਹ ਸਭ ਕੁਝ ਚੰਗਾ ਹੈ! ਤਲਾਬ ਦੀ ਉਪਰਲੀ ਪਰਤ ‘ਤੇ ਭਾਵੇਂ ਸਾਨੂੰ ਬੇਸ਼ੁਮਾਰ ਛੋਟੀਆਂ ਵੱਡੀਆਂ ਲਹਿਰਾਂ ਦਿਖਾਈ ਦਿੰਦੀਆਂ ਹੋਣ, ਪਰ ਪਾਣੀ ਦਾ ਸਾਰਾ ਵਜੂਦ ਫ਼ਿਰ ਵੀ ਸਥਿਰ ਅਤੇ ਸ਼ਾਂਤ ਹੀ ਹੁੰਦਾ ਹੈ। ਇਸ ਸੱਚ ਦਾ ਤਜਰਬਾ ਹਾਸਿਲ ਕਰਨ ਲਈ ਤੁਹਾਨੂੰ ਸਤਹੀ ਪੱਧਰ ਤੋਂ ‘ਹੇਠਾਂ’ ਦੇਖਣ ਦਾ ਜੇਰਾ ਕਰਨਾ ਪੈਣੈ। ਜੋ ਵਾਪਰ ਰਿਹੈ ਉਸ ਦੇ ਮੂਲ ਭਾਵ, ਉਸ ਦੇ ਤੱਤ, ਨੂੰ ਪਛਾਣੋ।
ਅਸੀਂ ਅਸੀਮਿਤ ਵਿਕਲਪਾਂ ਦੇ ਸੰਸਾਰ ਵਿੱਚ ਵਿਚਰਦੇ ਹਾਂ। ਇੰਨੀਆਂ ਸਾਰੀਆਂ ਚੀਜ਼ਾਂ ਹਨ ਜਿਹੜੀਆਂ ਅਸੀਂ ਕਰ ਸਕਦੇ ਹਾਂ, ਸਥਾਨ ਜਿਹੜੇ ਅਸੀਂ ਦੇਖ ਸਕਦੇ ਹਾਂ, ਲੋਕ ਜਿਨ੍ਹਾਂ ਨੂੰ ਅਸੀਂ ਮਿਲ ਸਕਦੇ ਹਾਂ, ਵਿਚਾਰ ਜਿਹੜੇ ਅਸੀਂ ਦੂਸਰਿਆਂ ਨਾਲ ਸਾਂਝੇ ਕਰ ਸਕਦੇ ਹਾਂ। ਅਜਿਹੀਆਂ ਜ਼ਬਰਦਸਤ, ਬੌਂਦਲਾਉਣ ਵਾਲੀਆਂ ਚੋਣਾਂ ਸਾਹਮਣੇ ਆਪਣਾ ਮਾਨਸਿਕ ਤਵਾਜ਼ਨ ਕਾਇਮ ਰੱਖਣ ਲਈ ਅਸੀਂ ਆਪਣੇ ਆਲੇ ਦੁਾਅਲੇ ਕੱਟੜ ਧਾਰਣਾਵਾਂ ਦੀ ਇੱਕ ਅਦ੍ਰਿਸ਼ ‘ਸ਼ੀਲਡ’ ਖੜ੍ਹੀ ਕਰ ਲੈਂਦੇ ਹਾਂ। ‘ਮੈਨੂੰ ਆਹ ਨਹੀਂ ਪਸੰਦ,’ ਅਸੀਂ ਐਲਾਨਦੇ ਹਾਂ। ‘ਇਹ ਮੇਰਾ ਸਟਾਇਲ ਨਹੀਂ,’ ਅਸੀਂ ਫ਼ੈਸਲਾ ਦਿੰਦੇ ਹਾਂ। ਪਰ ਸਭ ਕੁਝ ਬਹੁਤ ਤੇਜ਼ੀ ਨਾਲ ਰਿਜੈਕਟ ਕਰਦੇ ਹੋਏ, ਹੋ ਸਕਦਾ ਹੈ ਕਿ ਅਸੀਂ ਆਪਣੇ ਆਪ ਨੂੰ ਕਿਸੇ ਸ਼ਾਨਦਾਰ ਤਜਰਬੇ ਤੋਂ ਵਾਂਝਾ ਰੱਖ ਰਹੇ ਹੋਈਏ। ਜਿਵੇਂ ਹੁਣ ਤੁਸੀਂ ਉਸ ਨੂੰ ‘ਨਾਂਹ’ ਕਹਿ ਰਹੇ ਹੋ ਜਿਸ ਨੂੰ ਤੁਸੀਂ ਕਦੇ ਠੀਕ ਸਮਝਦੇ ਸੀ, ਪਰ ਅਸਲ ਵਿੱਚ ਉਹ ਨਹੀਂ ਸੀ। ਹੁਣ ਜ਼ਰਾ ਉਸ ਨੂੰ ‘ਸ਼ਾਇਦ ਹਾਂ’ ਕਹਿਣ ਬਾਰੇ ਵਿਚਾਰ ਕਰੋ ਜਿਸ ਨੂੰ ਤੁਸੀਂ ਕਦੇ ਖ਼ਾਰਜ ਕੀਤਾ ਸੀ।
ਜੇਕਰ ਤੁਸੀਂ ਕੇਵਲ ਅੱਧੇ-ਅਧੂਰੇ ਮਨ ਨਾਲ ਹੀ ਤੁਰੇ ਫ਼ਿਰਦੇ ਰਹੇ ਤਾਂ ਫ਼ਿਰ ਤੁਸੀਂ ਵੱਧ ਤੋਂ ਵੱਧ ਅੱਧਾ-ਪਚੱਧਾ ਖ਼ੁਸ਼ ਮਹਿਸੂਸ ਕਰਨ ਦੀ ਹੀ ਆਸ ਰੱਖ ਸਕਦੇ ਹੋ। ਜੇਕਰ ਤੁਸੀਂ ਕੇਵਲ ਅੱਧੇ ਖ਼ੁਸ਼ ਹੀ ਹੋਏ ਤਾਂ ਫ਼ਿਰ ਤੁਹਾਡਾ ਬਾਕੀ ਦਾ ਬਚਿਆ ਹੋਇਆ ਅੱਧਾ ਹਿੱਸਾ ਕਿਵੇਂ ਮਹਿਸੂਸ ਕਰੇਗਾ? ਕੀ ਤੁਸੀਂ ਉਸ ਤੋਂ ਬਿਹਤਰ ਦੇ ਹੱਕਦਾਰ ਨਹੀਂ? ਇਸ ਨਾਲੋਂ ਤਾਂ ਵਧੀਆ ਇਹ ਹੈ ਕਿ ਤੁਸੀਂ ਆਪਣੇ ਆਪ ਨੂੰ ਮੁਸ਼ਕਿਲ ਅੱਗੇ ਬਿਲਕੁਲ ਬੇਵੱਸ ਛੱਡ ਦਿਓ। ਘੱਟੋ-ਘੱਟ, ਜੇਕਰ ਤੁਸੀਂ ਆਪਣੀਆਂ ਨਾਕਾਰਾਤਮਕ ਭਾਵਨਾਵਾਂ ਦੇ ਸਿਖਰ ਨੂੰ ਇੱਕ ਵਾਰ ਛੂਹ ਲਿਆ ਤਾਂ ਫ਼ਿਰ ਤੁਹਾਡੇ ਕੋਲ ਉਨ੍ਹਾਂ ਦਾ ਸਾਹਮਣਾ ਕਰਨ ਅਤੇ ਉਨ੍ਹਾਂ ਨੂੰ ਬਦਣਲ ਤੋਂ ਛੁੱਟ ਹੋਰ ਕੋਈ ਚਾਰਾ ਹੀ ਨਹੀਂ ਰਹਿ ਜਾਵੇਗਾ। ਪਰ ਜੇ ਸੱਚ ਪੁੱਛੋ, ਇਸ ਦੀ ਕੋਈ ਲੋੜ ਨਹੀਂ। ਉਸ ‘ਤੇ ਆਪਣਾ ਧਿਆਨ ਟਿਕਾਓ ਜੋ ਤੁਹਾਨੂੰ ਖ਼ੁਸ਼ੀ ਦਿੰਦੈ। ਫ਼ਿਰ ਹੋ ਸਕਦਾ ਹੈ ਕਿ ਤੁਸੀਂ ਕੋਈ ਅਜਿਹਾ ਰਾਹ ਵੀ ਲੱਭ ਲਵੋ ਕਿ ਇਹ ਤੁਹਾਨੂੰ ਮੁਕੰਮਲ ਸੰਤੁਸ਼ਟੀ ਵੀ ਦੇ ਜਾਵੇ!