ਫਾਜ਼ਿਲਕਾ/ਚੰਡੀਗੜ੍ਹ : ਉੱਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਅੱਜ ਇਹਐਲਾਨ ਕੀਤਾ ਕਿ 2017 ਦੀਆਂ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਦਾ ਐਲਾਨ ਸਹੀ ਸਮਾਂ ਆਉਣ ‘ਤੇ ਕਰ ਦਿੱਤਾ ਜਾਵੇਗਾ ਅਤੇ ਉਮੀਦਵਾਰਾਂ ਦੀ ਚੋਣ ਲਈ ਉਨ੍ਹਾਂ ਦੀ ਜਿੱਤ ਦੀ ਸੰਭਾਵਨਾ ਨੂੰ ਮੁੱਖ ਰੱਖ ਕੇ ਹੀ ਟਿਕਟਾਂ ਦੀ ਵੰਡ ਕੀਤੀ ਜਾਵੇਗੀ। ਪਿੰਡ ਖਰੌਜ ਵਿਖੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਆਗਾਮੀ ਵਿਧਾਨ ਸਭਾ ਚੋਣਾਂ ਦੌਰਾਨ ਮੁੱਖ ਮੁਕਾਬਲਾ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਵਿਚਕਾਰ ਹੋਵੇਗਾ ਜਦਕਿ ਆਮ ਆਦਮੀ ਪਾਰਟੀ ਪੰਜਾਬ ਦੇ ਨਕਸ਼ੇ ਤੋਂ ਮਨਫੀ ਹੋ ਜਾਵੇਗੀ।
ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਦਿੱਲੀ ਦੇ ਲੋਕਾਂ ਨਾਲ ਡਾਹਢਾ ਧ੍ਰੌਹ ਕਮਾਇਆ ਹੈ ਕਿਉਂ ਕਿ ਚੋਣਾਂ ਮੌਕੇ ਟਿਕਟਾਂ ਦੀ ਵੰਡ ਮਾੜੇ ਕਿਰਦਾਰ ਵਾਲੇ ਲੋਕਾਂ ਨੂੰ ਕੀਤੀ ਗਈ ਉੱਥੇ ਦੂਜੇ ਪਾਸੇ ਚੋਣਾਂ ਵਿਚ ਜਿੱਤ ਮਗਰੋਂ ਹਰੇਕ ਵਿਧਾਇਕ ਨੂੰ ਬੇਹਤਾਸ਼ਾ ਸਰਕਾਰੀ ਸਹੂਲਤਾਂ ਦੇ ਨਾਲ-ਨਾਲ ਸਿਆਸੀ ਪੁਜੀਸ਼ਨਾਂ ਦੀ ਕਾਣੀ ਵੰਡ ਕੀਤੀ ਗਈ।
ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ‘ਤੇ ਵਿਅੰਗ ਕੱਸਦੇ ਹੋਏ ਸ. ਬਾਦਲ ਨੇ ਕਿਹਾ ਕਿ ਇਹ ਲਗਾਤਾਰ ਤੀਜੀ ਵਾਰ ਹੋਵੇਗਾ ਜਦੋਂ ਮਹਾਰਾਜਾ ਚੋਣ ਯੁੱਧ ਵਿਚ ਬੁਰੀ ਤਰ੍ਹਾਂ ਹਾਰ ਪ੍ਰਾਪਤ ਕਰੇਗਾ। ਦੂਜੇ ਪਾਸੇ ਉਨ੍ਹਾਂ ਇਹ ਬਿਆਨ ਵੀ ਜਾਰੀ ਕੀਤਾ ਕਿ ਉਹ ਸੁਪਰੀਮ ਕੋਰਟ ਦੇ ਫੈਸਲੇ ਮੁਤਾਬਿਕ ਜਿਸ ਵਿਚ ਨਹਿਰੀ ਕਿਨਾਰੇ ਲਾਗੇ ਵੱਸਣ ਵਾਲੇ ਲੋਕਾਂ ਨੂੰ ਰਾਜ ਸਰਕਾਰ ਵੱਲੋਂ ਜ਼ਮੀਨ ਮੁਹੱਈਆ ਕਰਵਾਉਣ ਵਾਲੇ ਫੈਸਲੇ ਨੂੰ ਗੈਰ-ਕਾਨੂੰਨੀ ਕਰਾਰ ਦਿੱਤੇ ਜਾਣ ‘ਤੇ ਵਿਚਾਰ ਕਰਕੇ ਅਗਲੀ ਕਾਨੂੰਨੀ ਚਾਰਾਜੋਈ ਲਈ ਰਣਨੀਤੀ ਉਲੀਕਣਗੇ।
ਉਨ੍ਹਾਂ ਸੂਬਾ ਸਰਕਾਰ ਨੂੰ ਕਿਸਾਨ ਹਿਤੈਸ਼ੀ ਦੱਸਦੇ ਹੋਏ ਕਿਹਾ ਕਿ ਕਿਸਾਨਾਂ ਨੂੰ ਸਹੂਲਤ ਦਿੰਦੇ ਹੋਏ 5000 ਕਰੋੜ ਰੁਪਏ ਦੀ ਮੁਫਤ ਬਿਜਲੀ ਮੁਹੱਈਆ ਕਰਵਾਈ ਗਈ ਹੈ। ਇਸ ਦੇ ਨਾਲ ਹੀ ਉਨ੍ਹਾਂ ਅਬੋਹਰ ਵਿਖੇ ਵਾਪਰੇ ਸਨਸਨੀਖੇਜ ਕਤਲ ਕਾਂਡ ਦਾ ਜ਼ਿਕਰ ਕਰਦਿਆਂ ਕਿਹਾ ਕਿ ਦੋਸ਼ੀ ਕਿਸੇ ਵੀ ਕੀਮਤ ‘ਤੇ ਬਖਸ਼ੇ ਨਹੀਂ ਜਾਣਗੇ ਅਤੇ ਉਨ੍ਹਾਂ ਨੂੰ ਕਾਨੂੰਨ ਦੇ ਦਾਇਰੇ ਵਿਚ ਲਿਆ ਕੇ ਸਜ਼ਾ ਦਿਵਾਈ ਜਾਵੇਗੀ। ਇਸ ਤੋਂ ਪਹਿਲਾਂ ਉੱਪ ਮੁੱਖ ਮੰਤਰੀ ਦੇ ਪਿੰਡ ਚੱਕ ਜੰਡਵਾਲਾ, ਚੱਕ ਪੰਜਕੋਹੀ, ਚੱਕ ਕਬਰਵਾਲਾ, ਰੋੜਾਂਵਾਲਾ ਅਤੇ ਖਰੌਜ ਵਿਖੇ ਸੰਗਤ ਦਰਸ਼ਨਾਂ ਦੌਰਾਨ ਕਰੋੜਾਂ ਰੁਪਏ ਦੀ ਵਿੱਤੀ ਸਹਾਇਤਾ ਪੰਚਾਇਤਾਂ ਨੂੰ ਵੰਡੀ। ਉਨ੍ਹਾਂ ਕਿਹਾ ਕਿ ਸਮੂਹ ਪਿੰਡਾਂ ਦੀਆਂ ਫਿਰਨੀਆਂ ਨੂੰ ਪੱਕਾ ਕੀਤਾ ਜਾਵੇਗਾ ਅਤੇ ਸੜਕਾਂ ਅਤੇ ਨਾਲਿਆਂ ਨੂੰ ਵੀ ਮਜ਼ਬੂਤ ਕੀਤਾ ਜਾਵੇਗਾ। ਇਸ ਦੇ ਨਾਲ ਹੀ ਉਨ੍ਹਾਂ ਪਿੰਡਾਂ ਵਿਚ ਧਰਮਸ਼ਾਲਾਵਾਂ, ਖੇਡ ਮੈਦਾਨ, ਆਂਗਣਵਾੜੀ ਕੇਂਦਰ ਅਤੇ ਸਕੂਲਾਂ ਦੁਆਲੇ ਚਾਰਦੀਵਾਰੀ ਬਣਾਉਣ ਲਈ ਵੀ ਵਿੱਤੀ ਸਹਾਇਤਾ ਦੇਣ ਦਾ ਐਲਾਨ ਕੀਤਾ।
ਇਕ ਮਹੱਤਵਪੂਰਣ ਐਲਾਨ ਕਰਦੇ ਹੋਏ ਉੱਪ ਮੁੱਖ ਮੰਤਰੀ ਨੇ ਕਿਹਾ ਕਿ ਜੇਕਰ ਕੋਈ ਪੰਚਾਇਤ ਕੋਲ ਪੰਚਾਇਤੀ ਜ਼ਮੀਨ ਰਾਖਵੀਂ ਹੈ ਤਾਂ ਸਰਕਾਰ 5-5 ਮਰਲੇ ਦੇ ਪਲਾਟ ਗਰੀਬ ਅਤੇ ਪੱਛੜੇ ਵਰਗਾਂ ਦੇ ਲੋਕਾਂ ਨੂੰ ਮੁਹੱਈਆ ਕਰਵਾਏਗੀ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ਕਈ ਹੋਰ ਮਹੱਤਵਪੂਰਣ ਪਹਿਲਕਦਮੀਆਂ ਕੀਤੀਆਂ ਹਨ ਜਿਵੇਂ ਸਿਹਤ ਅਤੇ ਦੁਰਘਟਨਾ ਬੀਮਾ ਕਾਰਡ, ਤੀਰਥ ਯਾਤਰਾ ਸਕੀਮ ਦੇ ਨਾਲ-ਨਾਲ ਡੇਢ ਲੱਖ ਨੌਕਰੀਆਂ ਦੀ ਭਰਤੀ ਲਈ ਸਪੈਸ਼ਲ ਮੁਹਿੰਮ ਸ਼ੁਰੂ ਕੀਤੀ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਅਧਿਕਾਰੀ ਹਰ ਪਿੰਡ ਵਿਚ ਨਿੱਜੀ ਤੌਰ ‘ਤੇ ਦੌਰਾ ਕਰਕੇ ਲੋਕਾਂ ਨੂੰ ਸਿਹਤ ਅਤੇ ਦੁਰਘਟਨਾ ਬੀਮਾ ਕਾਰਡ ਬਣਵਾਉਣ ਵਿਚ ਸਹਾਇਤਾ ਕਰਨਗੇ।
ਇਸ ਮੌਕੇ ਡਿਪਟੀ ਕਮਿਸ਼ਨਰ ਰਵਿੰਦਰ ਸਿੰਘ, ਐਸ.ਐਸ.ਪੀ. ਇੰਦਰਮੋਹਨ ਸਿੰਘ ਭੱਟੀ, ਵਿਧਾਇਕ ਗੁਰਤੇਜ ਸਿੰਘ ਘੁੜਿਆਣਾ, ਹਲਕਾ ਇੰਚਾਰਜ ਸਤਿੰਦਰਜੀਤ ਸਿੰਘ ਮੰਟਾ, ਜ਼ਿਲ੍ਹਾ ਪ੍ਰਧਾਨ ਗੁਰਪਾਲ ਸਿੰਘ ਗਰੇਵਾਲ, ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਪ੍ਰੇਮ ਵਾਲੇਚਾ, ਉੱਪ ਪ੍ਰਧਾਨ ਪੰਜਾਬ ਐਗਰੋ ਅਸ਼ੋਕ ਅਨੇਜਾ, ਉੱਪ ਪ੍ਰਧਾਨ ਨਗਰ ਕੌਂਸਲ ਸਤਿੰਦਰ ਸਿੰਘ ਸਵੀ, ਜਿਸਰਤ ਸਿੰਘ ਸੰਧੂ, ਓਮ ਪ੍ਰਕਾਸ਼ ਕੰਬੋਜ ਅਤੇ ਅਕਾਲੀ ਆਗੂ ਜਗਸੀਰ ਬਿੱਲੂ ਆਦਿ ਵੀ ਮੌਜੂਦ ਸਨ।















