ਪਰਾਲੀ ਸਾੜਨ ਤੋਂ ਰੋਕਣ ਲਈ ਪੰਜਾਬ ’ਚ ਕਿਸਾਨ ਹੈਲਪਲਾਈਨ ਸ਼ੁਰੂ

ਚੰਡੀਗੜ੍ਹ : ਪੰਜਾਬ ’ਚ ਪਰਾਲੀ ਸਾੜਨ ਦੀਆਂ ਘਟਨਾਵਾਂ ਰੋਕਣ ਅਤੇ ਕਿਸਾਨਾਂ ਨੂੰ ਇਸ ਦੇ ਬਦਲਾਂ ਬਾਰੇ ਜਾਣਕਾਰੀ ਦੇਣ ਲਈ ਸਾਂਝਾ ਮਿੱਤਰ ਕਿਸਾਨ ਸਹਾਇਤਾ ਕੇਂਦਰ ਵੱਲੋਂ ਵਿਸ਼ੇਸ਼ ਹੈਲਪਲਾਈਨ ਸ਼ੁਰੂ ਕੀਤੀ ਗਈ ਹੈ। ਕਿਸਾਨ 79737 27514 ’ਤੇ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਸੰਪਰਕ ਕਰ ਸਕਦੇ ਹਨ। ਇਸ ਹੈਲਪਲਾਈਨ ਰਾਹੀਂ ਕਿਸਾਨਾਂ ਨੂੰ ਆਧੁਨਿਕ ਖੇਤੀ ਮਸ਼ੀਨਰੀ ਦੀ ਉਪਲਬਧਤਾ, ਪਰਾਲੀ ਦੇ ਸੁਚੱਜੇ ਪ੍ਰਬੰਧਨ ਤੇ ਟਿਕਾਊ ਖੇਤੀ ਤਰੀਕਿਆਂ ਬਾਰੇ ਮਾਰਗਦਰਸ਼ਨ ਦਿੱਤਾ ਜਾਵੇਗਾ। ਇਸ ਦਾ ਉਦੇਸ਼ ਪਰਾਲੀ ਸਾੜਨ ਦੇ ਕਿਫ਼ਾਇਤੀ ਬਦਲ ਮੁਹੱਈਆ ਕਰਵਾਉਣਾ ਅਤੇ ਮਿੱਟੀ, ਸਿਹਤ ਤੇ ਵਾਤਾਵਰਨ ’ਤੇ ਪੈਣ ਵਾਲੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕਤਾ ਵਧਾਉਣਾ ਹੈ।
ਇਸ ਪਹਿਲਕਦਮੀ ਤਹਿਤ ਫ਼ਤਹਿਗੜ੍ਹ ਸਾਹਿਬ ਜ਼ਿਲ੍ਹੇ ਦੇ ਧੀਰਪੁਰ, ਵਜੀਦਪੁਰ, ਬਡਲਾ, ਰੁੜਕੀ ਅਤੇ ਬਰੋਂਗਾ ਜੇਰ ਪਿੰਡਾਂ ਦੀਆਂ ਪੰਚਾਇਤਾਂ ਨੂੰ ਪਰਾਲੀ ਸਾੜਨ ਦੀ ਕੋਈ ਘਟਨਾ ਨਾ ਹੋਣ ਦੇਣ ਲਈ ਸਨਮਾਨਿਤ ਵੀ ਕੀਤਾ ਗਿਆ। ਇਹ ਹੈਲਪਲਾਈਨ ਸਾਂਝਾ ਮਿੱਤਰ ਦੇ ਵਟਸਐਪ ਆਧਾਰਤ ਡਿਜੀਟਲ ਸਹਾਇਕ ਦੀ ਪੂਰਕ ਹੋਵੇਗੀ, ਜਿਸ ਨੂੰ 2,000 ਤੋਂ ਵੱਧ ਕਿਸਾਨਾਂ ਨਾਲ ਸਲਾਹ-ਮਸ਼ਵਰੇ ਤੋਂ ਬਾਅਦ ਵਿਕਸਤ ਕੀਤਾ ਗਿਆ ਸੀ। ਇਸ ਪਹਿਲ ਦਾ ਮਕਸਦ ਕਿਸਾਨਾਂ ਨੂੰ ਸਮੇਂ ਸਿਰ ਸਹੀ ਜਾਣਕਾਰੀ ਦੇ ਕੇ ਪਰਾਲੀ ਪ੍ਰਬੰਧਨ ਦੇ ਬਿਹਤਰ ਤਰੀਕੇ ਅਪਣਾਉਣ ਲਈ ਉਤਸ਼ਾਹਿਤ ਕਰਨਾ ਹੈ।