ਨਵੀਂ ਦਿੱਲੀਂ ਭਾਰਤੀ ਮਹਿਲਾ ਕ੍ਰਿਕਟ ਟੀਮ ਅਗਲੇ ਸਾਲ ਅਪ੍ਰੈਲ ‘ਚ ਇੰਗਲੈਂਡ ਖਿਲਾਫ਼ ਘਰੇਲੂ ਮੈਦਾਨ ‘ਤੇ 3 ਮੈਚਾਂ ਦੀ ਵਨ ਡੇ ਸੀਰੀਜ਼ ਦੀ ਮੇਜ਼ਬਾਨੀ ਕਰੇਗੀ। ਭਾਰਤੀ ਕ੍ਰਿਕਟ ਕਟਰੋਲ ਬੋਰਡ (ਬੀ. ਸੀ. ਸੀ. ਆਈ.) ਨੇ ਸੋਮਵਾਰ ਨੂੰ ਇਸ ਦੀ ਜਾਣਕਾਰੀ ਦਿੰਦਿਆ ਹੋਇਆ ਦੱਸਿਆ ਕਿ ਭਾਰਤੀ ਮਹਿਲਾ ਕ੍ਰਿਕਟ ਟੀਮ ਅਗਲੇ ਸਾਲ 22 ਮਾਰਚ ਤੋਂ ਆਸਟਰੇਲੀਆ ਤੇ ਇੰਗਲੈਂਡ ਦੇ ਨਾਲ ਤ੍ਰਿਕੋਣੀ 20-20 ਕੌਮਾਂਤਰੀ ਕ੍ਰਿਕਟ ਸੀਰੀਜ਼ ਤੋਂ ਬਾਅਦ 8 ਅਪ੍ਰੈਲ ਤੋਂ ਇੰਗਲੈਂਡ ਨਾਲ ਆਪਣੇ ਘਰ ‘ਚ 3 ਮੈਚਾਂ ਦੀ ਵਨ ਡੇ ਸੀਰੀਜ਼ ਵੀ ਖੇਡੇਗੀ। ਬੀ. ਸੀ. ਸੀ. ਆਈ. ਨੇ ਦੱਸਿਆ ਕਿ ਭਾਰਤੀ ਮਹਿਲਾ ਟੀਮ ਇਨ੍ਹਾਂ 2 ਸੀਰੀਜ਼ ਤੋਂ ਪਹਿਲਾਂ 12 ਮਾਰਚ ਤੋਂ ਆਸਟਰੇਲੀਆ ਖਿਲਾਫ਼ ਘਰੇਲੂ ਮੈਦਾਨ ‘ਤੇ ਕੌਮਾਂਤਰੀ ਸੀਰੀਜ਼ ਵੀ ਖੇਡੇਗੀ। ਸੀਰੀਜ਼ ਦਾ ਫ਼ਾਈਨਲ ਮੈਚ 3 ਅਪ੍ਰੈਲ ਨੂੰ ਮੁੰਬਈ ‘ਚ ਖੇਡਿਆ ਜਾਵੇਗਾ। ਇਸ ਤੋਂ 5 ਦਿਨ ਬਾਅਦ ਭਾਰਤੀ ਟੀਮ 8 ਅਪ੍ਰੈਲ ਤੋਂ ਇੰਗਲੈਂਡ ਨਾਲ 3 ਮੈਚਾਂ ਦੀ ਵਨ ਡੇ ਸੀਰੀਜ਼ ਖੇਡੇਗੀ। ਸੀਰੀਜ਼ ਦਾ ਦੂਸਰਾ ਮੈਚ 11 ਤੇ ਤੀਸਰਾ 14 ਅਪ੍ਰੈਲ ਨੂੰ ਖੇਡਿਆ ਜਾਵੇਗਾ। ਭਾਰਤੀ ਟੀਮ ਇਸ ਜੁਲਾਈ ‘ਚ ਇੰਗਲੈਂਡ ‘ਚ ਹੋਏ ਵਿਸ਼ਵ ਕੱਪ ਤੋਂ ਬਾਅਦ ਇਕ ਵੀ ਮੈਚ ਨਹੀਂ ਖੇਡਿਆ ਹੈ।










